ਮਨਮੀਤ ਅਲੀਸ਼ੇਰ [ਸ਼ਰਮਾ] ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ ਦਾ ਇੱਕ ਹਰਮਨ-ਪਿਆਰਾ ਮੈਂਬਰ ਸੀ ਜਿਸਨੇ ਕਵਿਤਾ ਅਤੇ ਗੀਤਕਾਰੀ ਵਿੱਚ ਆਪਣੀ ਪ੍ਰਤਿਭਾ ਦੀ ਇੱਕ ਵੱਖਰੀ ਛਾਪ ਛੱਡਦਿਆਂ ਪ੍ਰਸਿੱਧੀ ਪ੍ਰਾਪਤ ਕੀਤੀ।
29-ਸਾਲਾ ਮਨਮੀਤ ਇੱਕ ਸ਼ੋ-ਬਿਜ਼ ਆਯੋਜਕ ਵੀ ਸੀ ਜੋ ਬ੍ਰਿਸਬੇਨ ਵਿੱਚ ਇੱਕ ਬੱਸ ਡਰਾਈਵਰ ਦੇ ਤੌਰ 'ਤੇ ਕੰਮ ਕਰਦਾ ਸੀ।
28 ਅਕਤੂਬਰ 2016 ਨੂੰ ਉਸ ਨੂੰ ਬ੍ਰਿਸਬੇਨ ਦੇ ਮੂਰੂਕਾ ਬੱਸ ਅੱਡੇ 'ਤੇ ਇੱਕ ਵਿਅਕਤੀ ਵੱਲੋਂ ਅੱਗ ਲਗਾਕੇ ਮਾਰ ਦਿੱਤਾ ਗਿਆ ਸੀ।
ਐਂਥੋਨੀ ਨਾਂ ਦੇ ਇਸ ਕਾਤਿਲ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਉਪਰੰਤ ਚੱਲੇ ਇੱਕ ਲੰਬੇ ਮੁਕੱਦਮੇ ਦੌਰਾਨ ਭਾਈਚਾਰੇ ਵਿੱਚ ਇਸ ਗੱਲ ਨੂੰ ਲੈਕੇ ਭਾਰੀ ਰੋਸ ਪਾਇਆ ਗਿਆ ਸੀ।
28 ਅਕਤੂਬਰ 2020, ਬੁੱਧਵਾਰ ਨੂੰ ਉਸਦੀ ਯਾਦ ਨੂੰ ਸਮਰਪਿਤ ਚੌਥੀ ਬਰਸੀ ਦੇ ਮੌਕੇ ਭਾਰਤ ਅਤੇ ਆਸਟ੍ਰੇਲੀਆ ਵਿੱਚ ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਹਨ।
ਅਲੀਸ਼ੇਰ ਪਰਿਵਾਰ ਨੇ ਆਪਣੇ ਫੇਸਬੁੱਕ ਪੇਜ ਜ਼ਰੀਏ ਬ੍ਰਿਸਬੇਨ ਵਿੱਚ ਹੋਣ ਵਾਲੇ ਦੋ ਸ਼ਰਧਾਂਜਲੀ ਸਮਾਰੋਹਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

Manmeet Alisher was a popular figure among Australia’s Punjabi community. Source: SBS
ਯੂਨੀਅਨ ਦੇ ਮੈਂਬਰਾਂ ਅਤੇ ਬੱਸ ਚਾਲਕਾਂ ਵੱਲੋਂ ਆਯੋਜਿਤ ਪਹਿਲਾ ਸਮਾਰੋਹ ਬੁੱਧਵਾਰ ਦੁਪਹਿਰ ਮਨਮੀਤ ਪੈਰਾਡਾਈਜ਼, ਲਕਸਮਵਰਥ ਪਲੇਸ ਵਿਖੇ ਹੋਵੇਗਾ।
'ਮਨਮੀਤ ਦਾ ਪੈਰਾਡਾਈਜ਼' ਉਸਦੀ ਯਾਦ ਨੂੰ ਸਮਰਪਿਤ ਇੱਕ ਜਗ੍ਹਾ ਹੈ ਜੋ ਮੂਰੂਕਾ, ਬ੍ਰਿਸਬੇਨ ਵਿੱਚ ਉਸਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਥਾਪਿਤ ਕੀਤੀ ਗਈ ਸੀ।
ਦੂਜਾ ਸਮਾਰੋਹ, ਬ੍ਰਿਸਬੇਨ ਦੇ ਪੰਜਾਬੀ ਭਾਈਚਾਰੇ ਦਾ ਸਾਂਝਾ ਉਪਰਾਲਾ ਹੈ ਜੋ ਅੱਜ ਦੇਰ ਸ਼ਾਮ ਆਯੋਜਿਤ ਕੀਤਾ ਜਾ ਰਿਹਾ ਹੈ।

Manmeet’s Paradise is a memorial site that was established to pay tribute to Mr Alisher at Beaudesert Rd, Moorooka, Brisbane. Source: Supplied
ਇਸ ਮੌਕੇ ਮਨਮੀਤ ਦੇ ਜੀਵਨ ਅਤੇ ਸਮਾਜ ਵਿਚਲੇ ਯੋਗਦਾਨ ਬਾਰੇ ਲਿਖੀ ਇੱਕ ਕਿਤਾਬ - 'ਅਧਵਾਟੇ ਸਫ਼ਰ ਦੀ ਸਿਰਜਣਾ: ਮਨਮੀਤ ਅਲੀਸ਼ੇਰ’ ਵੀ ਲੋਕ-ਅਰਪਣ ਕੀਤੀ ਜਾਣੀ ਹੈ।
ਪੰਜਾਬੀ ਲੇਖਕ ਸੱਤਪਾਲ ਭੀਖੀ ਅਤੇ ਡਾ: ਸੁਮਿਤ ਸ਼ੰਮੀ ਨੇ 300 ਪੰਨਿਆਂ ਦੀ ਇਸ ਕਿਤਾਬ ਨੂੰ ਕਈ ਉਘੀਆਂ ਸਾਹਿਤਕ ਸ਼ਖਸੀਅਤਾਂ ਅਤੇ ਮਨਮੀਤ ਦੇ ਪਰਿਵਾਰ ਤੇ ਦੋਸਤਾਂ ਦੇ ਸਹਿਯੋਗ ਨਾਲ਼ ਸੰਪਾਦਿਤ ਕੀਤਾ ਹੈ।

Source: Supplied
ਡਾ ਸ਼ੰਮੀ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਇਸ ‘ਵਿਲੱਖਣ ਜੀਵਨ-ਚਿੱਤਰ’ ਉੱਤੇ ਕੰਮ ਕਰਨ ਪਿੱਛੋਂ ਮਾਣ ਮਹਿਸੂਸ ਕਰ ਰਹੇ ਹਨ।
“ਮਨਮੀਤ ਭਾਈਚਾਰੇ ਲਈ ਇੱਕ ਵੱਡਾ ਨਾਮ ਹੈ। ਉਹ ਕੋਈ ਸਧਾਰਨ ਵਿਅਕਤੀ ਨਹੀਂ ਸੀ। ਉਹ ਇੱਕ ਸੰਸਥਾ ਵਾਂਗ ਸੀ ਜਿਸਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵਿੱਚ ਆਪਣੀ ਖੂਬਸੂਰਤ ਛਾਪ ਛੱਡੀ," ਉਨ੍ਹਾਂ ਕਿਹਾ।
“ਆਸਟ੍ਰੇਲੀਆ ਵਿੱਚ ਉਸਨੇ ਬਹੁਤ ਹੀ ਥੋੜੇ ਸਮੇਂ ਵਿੱਚ ਆਪਣਾ ਵੱਖਰਾ ਮੁਕਾਮ ਬਣਾਇਆ। ਉਹ ਕਵਿਤਾ, ਅਦਾਕਾਰੀ ਅਤੇ ਗਾਇਨ ਸਮੇਤ ਬਹੁਤ ਸਾਰੀਆਂ ਪ੍ਰਤਿਭਾਵਾਂ ਨਾਲ ਭਰਪੂਰ ਸੀ।"
ਡਾ ਸ਼ੰਮੀ ਨੇ ਕਿਹਾ ਕਿ ਕਿਤਾਬ ਵਿੱਚ ਸ੍ਰੀ ਅਲੀਸ਼ੇਰ ਦੀਆਂ ਕਈ ਲਿਖਤਾਂ ਸ਼ਾਮਲ ਹਨ ਜੋ ਉਨ੍ਹਾਂ ਨੇ ਉਸਦੀ ਹੱਥ ਲਿਖਤ ਡਾਇਰੀ ਵਿੱਚੋਂ ਵਰਤੀਆਂ ਹਨ।
"ਮਨਮੀਤ ਇੱਕ ਪ੍ਰਤਿਭਾਵਾਨ ਲੇਖਕ ਸੀ। ਉਹ ਆਪਣੀਆਂ ਲਿਖਤਾਂ ਵਾਲ਼ਾ ਬੈਗ ਅਕਸਰ ਆਪਣੇ ਨਾਲ਼ ਰੱਖਦਾ ਸੀ। ਜਿਸ ਵੇਲ਼ੇ ਉਸ ਉੱਤੇ ਇੱਕ ਜਲਣਸ਼ੀਲ ਪਦਾਰਥ ਨਾਲ਼ ਹਮਲਾ ਕੀਤਾ ਗਿਆ ਉਸ ਮੌਕੇ ਉਸਦਾ ਇਹ ਬੈਗ ਵੀ ਜਲ਼ਕੇ ਰਾਖ਼ ਹੋ ਗਿਆ ਸੀ। ਸਾਡੇ ਕੋਲ ਉਸਦੀ ਸਿਰਫ ਇੱਕ ਡਾਇਰੀ ਹੈ ਜਿਸ ਵਿੱਚੋਂ ਬਹੁਤ ਸਾਰੀਆਂ ਲਿਖਤਾਂ ਨੂੰ ਇਸ ਕਿਤਾਬ ਵਿੱਚ ਸ਼ਾਮਿਲ ਕੀਤਾ ਗਿਆ ਹੈ," ਉਨ੍ਹਾਂ ਕਿਹਾ।
ਡਾ ਸ਼ੰਮੀ ਨੇ ਕਿਹਾ ਕਿ ਇਸ ਪੁਸਤਕ ਵਿੱਚ ਕਈ ਪੰਜਾਬੀ ਸ਼ਖਸੀਅਤਾਂ ਦੁਆਰਾ ਲਿਖੇ ਲੇਖ ਅਤੇ ਕਵਿਤਾਵਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ, ਡਾ: ਧਰਮਿੰਦਰ ਸਿੰਘ ਉੱਭਾ, ਅਮਿਤ ਅਲੀਸ਼ੇਰ, ਸਰਬਜੀਤ ਸੋਹੀ, ਵਰਿੰਦਰ ਅਲੀਸ਼ੇਰ, ਮਨਜੀਤ ਬੋਪਾਰਾਏ, ਸੁਰਿੰਦਰ ਸਿੰਘ ਖੁਰਦ, ਦਵੀ ਕੌਰ, ਗੁਰਦੀਪ ਜਗੇੜਾ, ਰਿਸ਼ੀ ਗੁਲਾਟੀ, ਸੁਰਜੀਤ ਸੰਧੂ, ਤਰਨਦੀਪ ਬਿਲਾਸਪੁਰ, ਹਰਮਨਦੀਪ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਲੇਖਕ ਸ਼ਾਮਿਲ ਹਨ।

Family and friends of Manmeet Alisher at his memorial in Brisbane - File photo. Source: SBS
ਡਾ ਸ਼ੰਮੀ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।