ਵਿਸ਼ਵ ਭਰ ਵਿੱਚ ਪਛਾਣ ਬਣਾਉਣ ਦੀ ਚਾਹਵਾਨ, ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੀ ਰਹਿਣ ਵਾਲੀ ਅੰਕਿਤਾ ਚੋਪੜਾ ਲਗਭੱਗ ਪਿਛਲੇ 15 ਸਾਲਾਂ ਤੋਂ ਢੋਲ ਵਜਾ ਰਹੀ ਹੈ।
ਮੈਲਬੌਰਨ ਦੀ ਲਾਟ੍ਰੋਬ ਯੂਨੀਵਰਸਿਟੀ ਵਿੱਚ 2 ਸਾਲ ਪਹਿਲਾਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਨਰਸਿੰਗ ਦੀ ਪੜਾਈ ਕਰਨ ਆਈ ਅੰਕਿਤਾ ਚੋਪੜਾ ਦੁਨੀਆ ਦੀਆਂ ਚੁਣਿੰਦਾ ਪੇਸ਼ੇਵਰ ਮਹਿਲਾ ਢੋਲੀ (ਢੋਲ ਵਜਾਉਣ ਵਾਲਿਆਂ) ਵਿੱਚੋਂ ਇੱਕ ਹੈ।
ਅੰਕਿਤਾ ਦਾ ਪਿਛੋਕੜ ਪੰਜਾਬ ਤੋਂ ਜਲੰਧਰ ਦਾ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਅੰਕਿਤਾ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਇਸ ਸਾਜ਼ ਵੱਲ ਆਕਰਸ਼ਿਤ ਸੀ।
ਅੰਕਿਤਾ ਮੁਤਾਬਕ ਉਸ ਨੇ 5 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਢੋਲ ਚੁੱਕਿਆ ਅਤੇ ਮੁੜ ਕਦੇ ਨਹੀਂ ਰੁਕੀ।

Ankita started playing Dhol at a very young age and credits her dad for igniting the passion for the percussion instrument. Source: Supplied by Ankita Chopra
ਜਦੋਂ ਬਹੁਤ ਸਾਰੇ ਲੋਕ ਸੋਚਦੇ ਸਨ ਕਿ ਢੋਲ ਵਜਾਉਣਾ ਕੁੜੀਆਂ ਲਈ ਨਹੀਂ ਹੈ, ਅੰਕਿਤਾ ਚੋਪੜਾ ਨੂੰ ਹਮੇਸ਼ਾ ਉਸ ਦੇ ਪਰਿਵਾਰ ਤੋਂ ਉਤਸ਼ਾਹ ਮਿਲਿਆ।
ਅੰਕਿਤਾ ਇਸ ਸਾਜ਼ ਪ੍ਰਤੀ ਉਸ ਦੇ ਸਨੇਹ ਦਾ ਸਿਹਰਾ ਆਪਣੇ ਪਿਤਾ ਨੂੰ ਦਿੰਦੀ ਹੈ ਜਿਨ੍ਹਾਂ ਨੇ ਉਸ ਦੀ ਸਿਖਲਾਈ ਵਿੱਚ ਕਦੇ ਕਮੀ ਨਹੀਂ ਆਉਣ ਦਿੱਤੀ ।
ਉਸ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਘੰਟਿਆਂ ਤੱਕ ਢੋਲ ਵਜਾਉਂਦਿਆਂ ਉਸ ਦੇ ਹੱਥਾਂ ਵਿੱਚ ਛਾਲੇ ਪੈ ਜਾਂਦੇ ਸੀ, ਸ਼ਰੀਰ ਵੀ ਦਰਦ ਹੋਣ ਲੱਗ ਜਾਂਦਾ ਸੀ ਪਰ ਘਰਦਿਆਂ ਦੀ ਹੱਲਾਸ਼ੇਰੀ ਸਦਕਾ ਉਹ ਹੱਥਾਂ 'ਤੇ ਪੱਟੀਆਂ ਬੰਨ੍ਹ ਕੇ ਵੀ ਢੋਲ ਵਜਾਉਂਦੀ ਰਹੀ ਹੈ ਅਤੇ ਅੱਗਿਓਂ ਵੀ ਜ਼ੋਰ-ਸ਼ੋਰ ਨਾਲ ਢੋਲ ਵਜਾਉਂਦੀ ਰਹੇਗੀ ।
ਢੋਲ ਪੰਜਾਬ ਦੇ ਸੱਭਿਆਚਾਰ ਦਾ ਅਨਮੋਲ ਅੰਗ ਹੈ। ਇਸ ਦੇ ਭਾਰੀ ਆਕਾਰ ਕਾਰਨ, ਢੋਲ ਨੂੰ ਵਜਾਉਣ ਲਈ ਕਾਫੀ ਜ਼ੋਰ ਦੀ ਲੋੜ ਹੁੰਦੀ ਹੈ ਅਤੇ ਲੰਬੇ ਸਮੇਂ ਤੋਂ ਇਸਨੂੰ ਇੱਕ ਆਦਮੀ ਦੇ ਸਾਜ਼ ਵਜੋਂ ਦੇਖਿਆ ਜਾਂਦਾ ਹੈ।
"ਕੁਝ ਵੀ ਆਸਾਨ ਨਹੀਂ ਹੁੰਦਾ। ਢੋਲ ਦੇ ਭਾਰੀ ਵਜ਼ਨ ਦੇ ਮੱਦੇਨਜ਼ਰ, ਸਾਜ਼ ਵਜਾਉਣ ਲਈ ਬਹੁਤ ਜ਼ਿਆਦਾ ਸਰੀਰਕ ਅਤੇ ਮਾਨਸਿਕ ਤਾਕਤ ਦੀ ਲੋੜ ਹੁੰਦੀ ਹੈ। "
"ਲੋਕਾਂ ਨੇ ਹਜੇ ਵੀ ਔਰਤਾਂ ਨੂੰ ਲਾਈਵ ਢੋਲ ਵਜਾਉਂਦੇ ਨਹੀਂ ਵੇਖਿਆ ਹੈ ਪਰ ਅਜਕਲ ਦੇ ਸਮੇਂ ਵਿੱਚ ਮਰਦ-ਔਰਤ ਵਿੱਚ ਕਾਫੀ ਸਮਾਨਤਾ ਆ ਗਈ ਹੈ ਜੋ ਕਿ ਇੱਕ ਬਹੁਤ ਹੀ ਚੰਗੀ ਗੱਲ ਹੈ," ਉਸ ਨੇ ਕਿਹਾ।
ਅੰਕਿਤਾ ਦੇ ਢੋਲ ਨੇ ਆਸਟ੍ਰੇਲੀਆ ਦੀਆਂ ਪੰਜਾਬੀ ਸੰਗੀਤ ਮੰਡਲੀਆਂ ਵਿੱਚ ਤੇਜ਼ੀ ਨਾਲ ਨਾਮ ਬਣਾ ਲਿਆ ਹੈ। ਹੋਲੀ ਅਤੇ ਤੀਆਂ ਵਰਗੇ ਸਮਾਗਮਾਂ ਵਿੱਚ ਉਹ ਆਪਣੇ ਸਰੋਤਿਆਂ ਨੂੰ ਕੀਲਦੀ ਨਜ਼ਰ ਆਉਂਦੀ ਹੈ।
ਅੰਕਿਤਾ ਨੇ ਦਿਲਜਾਨ, ਸਰਬਜੀਤ ਚੀਮਾ ਵਰਗੇ ਵੱਡੇ ਨਾਮੀ ਪੰਜਾਬੀ ਕਲਾਕਾਰਾਂ ਨਾਲ ਵੀ ਆਪਣੇ ਢੋਲ ਰਾਹੀਂ ਸਟੇਜ ਸਾਂਝਾ ਕੀਤਾ ਹੈ।
Read this story in English:
ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।