ਦੋ ਸਾਲਾਂ ਬਾਅਦ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਹਟਾਏ ਜਾਣ ਪਿੱਛੋਂ, ਘੱਟ ਕੀਮਤਾਂ ਵਿੱਚ ਚੰਗੀਆਂ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਕਰਕੇ ਭਾਰਤ ਵਿੱਚ ਮੈਡੀਕਲ ਟੂਰਿਜ਼ਮ ਮੁੜ ਸੁਰਜੀਤ ਹੋ ਗਿਆ ਹੈ।
ਕੋਵਿਡ -19 ਦੀ ਦੂਜੀ ਲਹਿਰ ਤੋਂ ਬਾਅਦ ਦੇਸ਼ ਨੂੰ ਅੰਤਰਰਾਸ਼ਟਰੀ ਯਾਤਰਾ ਬੰਦ ਕਰਨੀ ਪਈ ਸੀ , ਜਿਸਨੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਸੀ।
ਇੱਕ ਹੈਲਥ ਕੇਅਰ ਫੈਸਿਲਿਟੀ ਦੇ ਮੈਨੇਜਿੰਗ ਡਾਇਰੈਕਟਰ ਆਸ਼ੀਸ਼ ਚੌਧਰੀ ਦਾ ਦਾਅਵਾ ਹੈ ਕਿ ਸਰਹੱਦਾਂ ਖੁੱਲ੍ਹਣ ਤੋਂ ਬਾਅਦ ਮਰੀਜ਼ਾਂ ਦੀ ਆਮਦ ਤਿੰਨ ਗੁਣਾ ਹੋ ਗਈ ਹੈ।
ਪਾਬੰਦੀਆਂ ਤੇਜ਼ੀ ਨਾਲ ਘਟ ਰਹੀਆਂ ਹਨ ਤੇ ਪੂਰਾ ਵਿਸ਼ਵ ਪਹਿਲਾਂ ਵਾਂਗ ਆਮ ਸਮਿਆਂ 'ਚ ਪਰਤਣ ਦੀ ਲੀਹ ਵਲ ਵੱਧ ਰਿਹਾ ਹੈ। ਕਰੋਨਾਵਾਇਰਸ ਦੀ ਲਾਗ ਦੇ ਘਟਣ ਨਾਲ ਦੱਖਣ-ਪੂਰਬੀ ਏਸ਼ੀਆ, ਮਿਡਲ ਈਸਟ, ਅਫਰੀਕਾ ਅਤੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਸਮੂਹ ਦੇ ਮੁਲਕਾਂ 'ਚੋ ਮਰੀਜ਼ਾਂ ਨੇ ਭਾਰਤ ਦੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰ - ਨਵੀਂ ਦਿੱਲੀ, ਮੁੰਬਈ ਅਤੇ ਸੂਰਤ - ਕੁਝ ਅਜਿਹੀਆਂ ਥਾਵਾਂ ਹਨ ਜੋ ਦੁਨੀਆ ਭਰ ਦੇ ਉਨ੍ਹਾਂ ਮਰੀਜ਼ਾਂ ਦਾ ਸੁਆਗਤ ਕਰ ਰਹੇ ਹਨ ਜੋ ਆਪਣੇ ਘਰੇਲੂ ਦੇਸ਼ਾਂ ਵਿੱਚ ਲੋੜੀਂਦਾ ਇਲਾਜ ਨਹੀਂ ਕਰਵਾ ਸਕਦੇ ।
ਲੋਕ ਕਈ ਕਾਰਨਾਂ ਕਰਕੇ ਡਾਕਟਰੀ ਇਲਾਜਾਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਯਾਤਰਾ ਕਰ ਰਹੇ ਹਨ ਜਿਨ੍ਹਾਂ 'ਚ ਮੁੱਖ ਕਾਰਨ ਘਰੇਲੂ ਮੁਲਕਾਂ 'ਚ ਇਲਾਜ ਲਈ ਲੰਬੀ ਉਡੀਕ ਹੈ। ਭਾਰਤ ਵਿੱਚ ਸਸਤਾ ਇਲਾਜ, ਸਿਹਤ ਸੰਭਾਲ ਸੁਵਿਧਾਵਾਂ ਤੱਕ ਸੌਖੀ ਪਹੁੰਚ ਅਤੇ ਦੇਖਭਾਲ ਲਈ ਨਰਸਾਂ ਜਾਂ ਡਾਕਟਰਾਂ ਦੀ ਉਪਲਬਧਤਾ ਜਿਹੇ ਕਾਰਨ ਮੈਡੀਕਲ ਗ੍ਰਾਊਂਡਜ਼ 'ਤੇ ਇਸ ਨੂੰ ਇਕ ਮਨਭਾਉਂਦਾ ਦੇਸ਼ ਬਣਾਉਂਦੇ ਹਨ।
ਕੁਝ ਪ੍ਰਮੁੱਖ ਪ੍ਰਕਿਰਿਆਵਾਂ ਜਿਨ੍ਹਾਂ ਦੀ ਭਾਰਤ ਵਿੱਚ ਵੱਡੀ ਮੰਗ ਕੀਤੀ ਜਾਂਦੀ ਹੈ, ਉਨ੍ਹਾਂ ਵਿੱਚ ਬੋਨ ਮੈਰੋ ਟ੍ਰਾਂਸਪਲਾਂਟ, ਕਾਰਡੀਅਕ ਬਾਈਪਾਸ, ਅੱਖਾਂ ਦੀ ਸਰਜਰੀ, ਹਿਪ ਟਰਾਂਸਪਲਾਂਟ ਅਤੇ ਵਿਕਲਪਕ ਇਲਾਜ ਸ਼ਾਮਲ ਹਨ।
ਮੈਡੀਕਲ ਟੂਰਿਜ਼ਮ ਇੰਡੈਕਸ ਦੇ 2020 - 2021 ਐਡੀਸ਼ਨ ਦੀ ਸਮੁੱਚੀ ਰੈਂਕਿੰਗ ਵਿੱਚ ਭਾਰਤ ਦੱਸਵੇਂ ਨੰਬਰ 'ਤੇ ਹੈ।
ਸਪਾਈਨ ਸਰਜਰੀ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਮਿਹਿਰ ਬਾਪਟ ਦਾ ਦਾਅਵਾ ਹੈ ਕਿ ਦੱਖਣੀ ਏਸ਼ੀਆਈ ਦੇਸ਼ਾਂ ਦੇ ਹਸਪਤਾਲ ਕਿਫਾਇਤੀ ਲਾਗਤਾਂ 'ਤੇ ਉੱਚ-ਗੁਣਵੱਤਾ ਦੀ ਦੇਖਭਾਲ ਪ੍ਰਦਾਨ ਕਰਦੇ ਹਨ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਉੱਪਰ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।