ਤਕਰੀਬਨ ਚਾਰ ਮਹੀਨੇ ਪਹਿਲਾਂ ਕੁੱਝ ਸਿੱਖ ਪਰਿਵਾਰਾਂ ਵਲੋਂ ਇਹ ਮੰਗ ਕੀਤੀ ਗਈ ਸੀ ਕਿ ਇਸਾਈ ਧਰਮ ਵਲੋਂ ਚਲਾਏ ਜਾ ਰਹੇ ਇਸ ਸਕੂਲ ਵਿੱਚ ਪੜ੍ਹ ਰਹੇ ਸਿੱਖ ਬੱਚਿਆਂ ਨੂੰ ਉਹਨਾਂ ਦੇ ਧਰਮ ਅਨੁਸਾਰ ਸਿਰ ਢਕਣ ਲਈ ਪਟਕਾ ਜਾਂ ਪਗੜੀ ਪਾਉਣ ਦੀ ਇਜਾਜਤ ਦਿੱਤੀ ਜਾਵੇ, ਜਿਸ ਨੂੰ ਆਖਰ ਹੁਣ ਮਨਜ਼ੂਰ ਕਰ ਲਿਆ ਗਿਆ ਹੈ।
ਖਾਸ ਨੁੱਕਤੇ:
- ਟਾਰਨੀਟ ਦੇ ਗੁੱਡ ਨਿਊਜ਼ ਲੂਥਰਨ ਕਾਲਜ ਨੇ ਆਪਣੇ ਸਕੂਲ ਦੀ ਵਰਦੀ ਨੀਤੀ ਵਿੱਚ ਸੁਧਾਰ ਕਰਦੇ ਹੋਏ ਸਿੱਖ ਧਰਮ ਅਨੁਸਾਰ ਸਿਰ ਢਕਣ ਦੀ ਇਜਾਜਤ ਦੇ ਦਿੱਤੀ ਹੈ
- ਪਰਿਵਾਰਾਂ ਵਲੋਂ ਇਸ ਬਾਰੇ ਪਾਈ ਬੇਨਤੀ ਉੱਤੇ ਸਕੂਲ ਨੇ ਸਕਾਰਾਤਮਕ ਕਾਰਵਾਈ ਕੀਤੀ ਹੈ
- ਕੋਵਿਡ-19 ਦੀਆਂ ਬੰਦਸ਼ਾਂ ਤੋਂ ਬਾਅਦ ਸਕੂਲ ਜਦੋਂ ਤੀਜੀ ਟਰਮ ਵਾਸਤੇ ਦੁਬਾਰਾ ਖੁੱਲਣਗੇ ਤਾਂ ਸਿੱਖ ਵਿਦਿਆਰਥੀ ਪਟਕਾ / ਪੱਗੜੀ ਪਾ ਕੇ ਜਾ ਸਕਣਗੇ।
ਟਾਰਨੀਟ ਵਿੱਚ ਪੰਜਾਬੀ ਅਤੇ ਸਿੱਖ ਧਰਮ ਦੇ ਨਾਲ ਕਈ ਹੋਰ ਭਾਰਤੀ ਭਾਈਚਾਰਿਆਂ ਅਤੇ ਧਰਮਾਂ ਦੇ ਲੋਕ ਵੀ ਰਹਿੰਦੇ ਹਨ।
ਸਿੱਖ ਧਰਮ ਅਨੁਸਾਰ ਕੇਸ ਪੰਜ ਕਕਾਰਾਂ ਵਿੱਚ ਸ਼ਾਮਲ ਹੈ, ਜਿਹਨਾਂ ਦੀ ਸੰਭਾਲ ਵਾਸਤੇ ਪਟਕਾ ਜਾਂ ਪੱਗੜੀ ਬੰਨ੍ਹੀ ਜਾਂਦੀ ਹੈ।
ਕਈ ਸਕੂਲਾਂ ਨੇ ਤਾਂ ਪਟਕਾ ਜਾ ਪੱਗੜੀ ਨੂੰ ਆਪਣੀ ਵਰਦੀ ਨੀਤੀ ਵਿੱਚ ਸ਼ਾਮਲ ਕਰ ਲਿਆ ਹੋਇਆ ਹੈ।
ਪਰ ਹਰਸੰਜੋਗ ਸਿੰਘ, ਜੋ ਕਿ ਗੁੱਡ ਨਿਊਜ਼ ਲੂਥਰਨ ਕਾਲਜ ਵਿੱਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ, ਵਾਸਤੇ ਉਸ ਸਮੇ ਮੁਸ਼ਕਲ ਖੜੀ ਹੋ ਗਈ ਜਦੋਂ ਉਸ ਦੇ ਸਕੂਲ ਵਿੱਚ ਧਾਰਮਿਕ ਕਾਰਨਾਂ ਕਰਕੇ ਸਿਰ ਢਕਣ ਬਾਰੇ ਕੋਈ ਸਾਫ ਨੀਤੀ ਨਹੀਂ ਸੀ ਬਣੀ ਹੋਈ।
ਇਸ ਦੀ ਮਾਤਾ ਸ਼ਰਨਜੀਤ ਕੌਰ ਨੇ ਦਸਿਆ, ‘ਹਰਸੰਜੋਗ ਨੂੰ ਸਕੂਲ਼ ਵਿੱਚ ਪਿੱਛੇ ਗੁੱਤ ਜਿਹੀ ਕਰਕੇ ਜਾਣਾ ਪੈਂਦਾ ਸੀ ਜਿਸ ਕਾਰਨ ਬੱਚੇ ਉਸ ਨੂੰ ਬਹੁਤ ਤੰਗ ਕਰਦੇ ਸਨ। ਮੈਂ ਅਤੇ ਮੇਰੇ ਪਤੀ ਜਸਲੀਨ ਸਿੰਘ ਨੇ ਬਾਕੀ ਦੇ ਮਾਪਿਆਂ ਨਾਲ ਮਿਲ ਕੇ ਇਸ ਸਮੱਸਿਆ ਨੂੰ ਸੁਲਝਾਉਣ ਦੀ ਸੋਚੀ’।
‘ਧਾਰਮਿਕ ਕਾਰਨਾਂ ਕਰਕੇ ਸਿਰ ਢਕਣ ਦੀ ਕੋਈ ਨੀਤੀ ਨਾ ਹੋਣ ਕਾਰਨ ਪਟਕਾ ਬੰਨਣ ਦੀ ਇਜਾਜਤ ਨਹੀਂ ਸੀ। ਬਹੁਤ ਸਾਰੇ ਲੋਕਾਂ ਨੇ ਸਾਨੂੰ ਕਿਹਾ ਕਿ ਇਹ ਸਕੂਲ ਇਸਾਈ ਮੱਤ ਅਨੁਸਾਰ ਚਲਦਾ ਹੈ ਅਤੇ ਸਿੱਖ ਬੱਚਿਆਂ ਨੂੰ ਪਟਕਾ ਬੰਨਣ ਦੀ ਇਜਾਜਤ ਮਿਲਣੀ ਮੁਸ਼ਕਲ ਹੀ ਜਾਪਦੀ ਹੈ’।
ਸਕੂਲ ਦੀ ਪ੍ਰਿੰਸੀਪਲ ਫਿਓਨਾ ਮੈਕਾਲਿਫ ਜਿਸ ਨੇ ਇਸ ਨੀਤੀ ਨੂੰ ਬਦਲਣ ਵਿੱਚ ਉਤਸ਼ਾਹ ਦਿਖਾਇਆ ਹੈ, ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ, ‘ਅਸੀਂ ਸਾਰੇ ਹੀ ਪ੍ਰਾਮਤਮਾ ਦੀ ਬਗੀਚੀ ਦੇ ਭਾਂਤ ਭਾਂਤ ਦੇ ਫੁੱਲਾਂ ਵਾਂਗ ਹਾਂ ਅਤੇ ਸਾਨੂੰ ਇਸ ਤੇ ਮਾਣ ਹੈ’।
‘ਮੈਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਇਸ ਸਕੂਲ ਵਿੱਚ ਆਉਣ ਤੇ ਮੈਨੂੰ ਇਸ ਸਮੱਸਿਆ ਬਾਰੇ ਪਤਾ ਚਲਿਆ ਕਿਉਂਕਿ ਇਹ ਸਾਰਿਆਂ ਨੂੰ ਨਾਲ ਲੈ ਕਿ ਚੱਲਣ ਵਾਲੇ ਲੂਥਰਨ ਅਸੂਲਾਂ ਦੇ ਉਲਟ ਸੀ। ਸਲਾਹ ਮਸ਼ਵਰੇ ਤੋਂ ਬਾਅਦ ਹੁਣ ਸਿਰ ਢਕਣ ਲਈ ਸਕੂਲ ਦੀ ਵਰਦੀ ਦੇ ਰੰਗਾਂ ਦੇ ਪਟਕੇ ਜਾਂ ਪੱਗੜੀਆਂ ਪਾਈਆਂ ਜਾ ਸਕਦੀਆਂ ਹਨ’।
10 ਸਾਲਾਂ ਦੇ ਹਰਸੰਜੋਗ ਨੇ ਕਿਹਾ ਕਿ, ‘ਉਸ ਨੂੰ ਪਟਕਾ ਬੰਨ੍ਹ ਕੇ ਸਕੂਲ ਜਾਣ ਵਿੱਚ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ’।
ਉਸ ਦੀ ਮਾਤਾ ਨੇ ਵੀ ਕਿਹਾ ਕਿ ਆਸਟ੍ਰੇਲੀਆ ਵਿੱਚ ਪਿਛਲੇ 10 ਸਾਲਾਂ ਦੌਰਾਨ ਕਾਫੀ ਸਕਾਰਾਤਮਕ ਤਬਦੀਲੀਆਂ ਹੋਈਆਂ ਹਨ।
‘ਇਹ ਸਾਰਾ ਕੁੱਝ ਚਾਰ ਮਹੀਨਿਆਂ ਵਿੱਚ ਹੀ ਨੇਪਰੇ ਚੜ੍ਹ ਗਿਆ। ਆਪਣੇ ਭਾਈਚਾਰੇ ਦੇ ਮੁਕਾਬਲੇ ਸਕੂਲ ਵਲੋਂ ਚੰਗਾ ਹੁੰਗਾਰਾ ਮਿਲਿਆ ਅਤੇ ਤੁਰੰਤ ਕਾਰਵਾਈ ਕੀਤੀ ਗਈ’, ਬੀਬੀ ਕੌਰ ਨੇ ਕਿਹਾ।
ਦਸਣਯੋਗ ਹੈ ਕਿ ਸਾਲ 2017 ਵਿੱਚ ਵੀ ਅਜਿਹਾ ਕੇਸ ਸਾਹਮਣੇ ਆਇਆ ਸੀ ਜਦੋਂ ਮੈਲਟਨ ਨਿਵਾਸੀ ਸਿਦਕ ਸਿੰਘ ਅਰੋੜਾ ਨੂੰ ਵੀ ਪਟਕਾ ਪਾ ਕੇ ਇਸਾਈ ਸਕੂਲ ਵਿੱਚ ਜਾਣ ਦੀ ਇਜਾਜਤ ਆਖਰ ਮਿਲ ਹੀ ਗਈ ਸੀ।