ਪ੍ਰਵਾਸੀ ਸਕੂਲੀ ਬੱਚਿਆਂ, ਖਾਸ ਕਰਕੇ ਭਾਰਤੀ, ਚੀਨੀ ਅਤੇ ਫਿਲੀਪੀਨੀ ਖਿੱਤੇ ਤੋਂ ਆਉਣ ਵਾਲੇ ਬੱਚਿਆਂ ਦੀਆਂ ਆਸਟ੍ਰੇਲੀਆ ਦੇ ਬਾਕੀ ਦੇ ਸਕੂਲੀ ਬੱਚਿਆਂ ਦੇ ਮੁਕਾਬਲੇ, ਸਿਖਿਆ ਵਾਲੇ ਖੇਤਰ ਵਿੱਚ ਬਹੁਤ ਚੰਗੀਆਂ ਪ੍ਰਾਪਤੀਆਂ ਹੁੰਦੀਆਂ ਹਨ। ਓ ਈ ਸੀ ਡੀ ਦੁਆਰਾ ਜਾਰੀ ਕੀਤੀ ਗਈ ਇੱਕ ਤਾਜੀ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਹ ਸਿਖਿਆਰਥੀ, ਜੋ ਕਿ ਨਵੇਂ ਪ੍ਰਵਾਸ ਕਰਕੇ ਆਏ ਹੁੰਦੇ ਹਨ, ਆਪਣੇ ਭਵਿੱਖ ਪ੍ਰਤੀ ਬਹੁਤ ਸੰਵੇਦਨਸ਼ੀਨ ਹੁੰਦੇ ਹਨ ਅਤੇ ਨਾਲ ਹੀ ਆਪਣੇ ਸਕੂਲ ਵਾਸਤੇ ਇੱਕ ਖਾਸ ਹੀ ਸ਼ਰਧਾ ਵੀ ਰੱਖਦੇ ਹਨ। ਐਮ ਪੀ ਸਿੰਘ ਪੇਸ਼ ਕਰ ਰਿਹਾ ਹੈ ਇਸ ਬਾਬਤ ਹੋਰ ਜਾਣਕਾਰੀ।
ਆਸਟ੍ਰੇਲੀਆ ਦੇ ਬਹੁਤ ਸਾਰੇ ਸਕੂਲਾਂ ਵਿੱਚ ਸਭਿਆਚਾਰਾਂ ਦਾ ਇੱਕ ਬਹੁਤ ਹੀ ਖੂਬਸੂਰਤ ਸੰਗਮ ਦੇਖਣ ਨੂੰ ਮਿਲਦਾ ਹੈ ਜੋ ਕਿ ਆਸਟ੍ਰੇਲ਼ੀਆ ਦੀ ਵਿਵਧਤਾ ਨੂੰ ਮਜਬੂਤ ਕਰਨ ਵਿੱਚ ਕਾਫੀ ਸਹਾਈ ਹੋ ਨਿਬੜਦਾ ਹੈ। ਯੂਸਫ ਬਾਰਬੋ, ਹੁਣੇ ਜਿਹੇ ਹੀ ਆਪਣੇ ਮਾਪਿਆਂ ਨਾਲ ਈਰਾਕ ਤੋਂ ਆਸਟ੍ਰੇੁਲੀਆ ਵਿੱਚ ਆ ਕੇ ਇੱਥੇ ਸਥਾਪਤ ਹੋਇਆ ਹੈ ਅਤੇ ਦਸਦਾ ਹੈ ਕਿ ਉਹ ਆਸਟ੍ਰੇਲੀਆ ਦੇ ਸਿਖਿਆ ਖੇਤਰ ਤੋਂ ਕਾਫੀ ਪ੍ਰਭਾਵਤ ਹੋਇਆ ਹੈ।
ਸਿਡਨੀ ਦਾ ਇੱਕ ਸਕੂਲ ਹੈ ‘ਪੈਟਰੀਸ਼ੀਅਨ ਬਰਾਦਰਸ ਕਾਲਜ’ ਅਤੇ ਇਸ ਦੇ ਪ੍ਰਿੰਸੀਪਲ ਹਨ, ਪੀਟਰ ਵੇਡ। ਇਸ ਸਕੂਲ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਪੜਨ ਵਾਲੇ ਸਿਖਿਆਰਥੀ ਤਕਰੀਬਨ 38 ਅਲੱਗ ਅਲੱਗ ਦੇਸ਼ਾਂ ਤੋਂ ਆਏ ਹੋਏ ਹਨ।
ਸ਼੍ਰੀ ਵੇਡ ਆਖਦੇ ਹਨ ਕਿ ਇਸ ਸਕੂਲ ਦੀ ਖਾਸੀਅਤ ਇਹ ਹੈ ਕਿ ਇਹ, ਨਵੇਂ ਆਏ ਸਿਖਿਆਰਥੀ ਨੂੰ ਇਸ ਸਕੂਲ ਵਿੱਚ ਸਥਾਪਤ ਕਰਨ ਵਾਸਤੇ ਵਿਸ਼ੇਸ਼ ਧਿਆਨ ਦਿੰਦਾ ਹੈ ਤਾਂ ਕਿ ਉਹਨਾਂ ਨੂੰ ਸਕੂਲ ਅਤੇ ਆਸਟ੍ਰੇਲੀਆ ਦੇ ਸਿਸਟਮ ਵਿੱਚ ਘੁਲਣ ਮਿਲਣ ਲਈ ਕੋਈ ਵੀ ਮੁਸ਼ਕਲ ਨਾਂ ਹੋਵੇ।
ਓ ਈ ਸੀ ਡੀ ਵਲੋਂ ਜਾਰੀ ਕੀਤੇ ਗਏ ਤਾਜੇ ਆਂਕੜਿਆਂ ਵਿੱਚ ਇਹ ਦਰਸਾਇਆ ਗਿਆ ਹੈ ਕਿ ਉਹ ਸਿਖਿਆਰਥੀ, ਜਿਨਾਂ ਦਾ ਪਿਛੋਕੜ ਪ੍ਰਵਾਸ ਨਾਲ ਹੁੰਦਾ ਹੈ, ਆਪਣੇ ਆਸਟ੍ਰੇਲੀਆ ਮੂਲ ਦੇ ਸਿਖਿਆਰਥੀਆਂ ਦੇ ਮੁਕਾਬਲੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹੁੰਦੇ ਹਨ।
ਤਕਰੀਬਨ 64 ਦੇਸ਼ਾਂ ਵਿੱਚ ਕੀਤੇ ਗਏ ਇਸ ਸਰਵੇਖਣ, ਜਿਸ ਵਿੱਚ ਪ੍ਰਵਾਸੀ ਸਿਖਿਆਰਥੀਆਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਗਿਆ ਸੀ, ਵਿੱਚ ਆਸਟ੍ਰੇਲੀਆ ਨੇ ਸੱਤਵਾਂ ਸਥਾਨ ਪ੍ਰਾਪਤ ਕੀਤਾ ਹੈ। ਇਹ ਨਿਊ ਜ਼ੀਲੈਂਡ, ਬਰਿਟੇਨ ਅਤੇ ਯੂਨਾਇਟੇਡ ਸਟੇਟਸ ਤੋਂ ਅੱਗੇ ਰਿਹਾ ਹੈ। ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕਾਂਊਂਸਲਸ ਆਫ ਆਸਟ੍ਰੇਲੀਆ ਦੀ ਮੁਖੀ ਹੈ ਐਮਾ ਕੈਂਮਪਬੇਲ ਅਤੇ ਆਖਦੀ ਹੈ ਕਿ ਇਹ ਵਾਲਾ ਚਲਣ, ਆਸਟ੍ਰੇਲੀਆ ਦੇ ਭਾਈਚਾਰੇ ਵਾਸਤੇ ਬਹੁਤ ਹੀ ਸਹਾਈ ਹੋ ਨਿਬੜਦਾ ਹੈ॥
ਇਸ ਰਿਪੋਰਟ ਦੁਆਰਾ ਇਹ ਵੀ ਪਤਾ ਚਲਿਆ ਹੈ ਕਿ ਪ੍ਰਵਾਸੀ ਸਿਖਿਆਰਥੀਆਂ ਦੇ ਚੰਗੇ ਪ੍ਰਦਰਸ਼ਨ ਵਿੱਚ ਇੱਕ ਖਾਸ ਪਿਛੋਕੜ ਦੀ ਝੰਡੀ ਰਹੀ ਹੈ ਅਤੇ ਇਹ ਬਾਕੀ ਦੇ ਪ੍ਰਵਾਸੀ ਸਿਖਿਆਰਥੀਆਂ ਦੇ ਮੁਕਾਬਲੇ ਵਧੀਆ ਪ੍ਰਦਰਸ਼ਨ ਕਰਦੇ ਹਨ। ਜਿਹੜੇ ਸਿਖਿਆਰਥੀ ਬੱਚੇ ਚੀਨ, ਭਾਰਤ ਅਤੇ ਫਿਲੀਪੀਨ ਪਿਛੋਕੜ ਤੋਂ ਪ੍ਰਵਾਸ ਕਰਕੇ ਆਏ ਹੁੰਦੇ ਹਨ, ਉਹ ਆਸਟ੍ਰੇਲੀਆ ਮੂਲ ਦੇ ਸਿਖਿਆਰਥੀਆਂ ਨਾਲੋਂ ਜਿਆਦਾ ਵਧੀਆਂ ਪ੍ਰਦਰਸ਼ਨ ਕਰ ਰਹੇ ਹੁੰਦੇ ਹਨ। ਜਦਕਿ, ਨਿਊ ਜ਼ੀਲੈਂਡ, ਯੂਨਾਇਟੇਡ ਕਿੰਗਡਮ ਤੋਂ ਆਣ ਵਾਲੇ ਸਿਖਿਆਰਥੀ ਤਾਂ ਬੇਸਲਾਈਨ ਸਟੈਂਡਰਡ ਯਾਨਿ ਕਿ ਲੋੜੀਂਦੇ ਉਚਿਤ ਸਥਾਨ ਪ੍ਰਾਪਤ ਕਰਨ ਲਈ ਵੀ ਬਹੁਤ ਜੱਦੋ ਜਹਿਦ ਕਰ ਰਹੇ ਹੁੰਦੇ ਹਨ।
ਅਤੇ ਪ੍ਰਵਾਸੀ ਸਿਖਿਆਰਥੀਆਂ ਵਿੱਚ ਮਿਹਨਤ ਕਰਨ ਦੇ ਨਤੀਜਤਨ, ਉਹਨਾਂ ਦੇ ਮੈਨੇਜਰਸ, ਪਰੋਫੈਸ਼ਨਲਸ ਅਤੇ ਤਕਨੀਕੀ ਮਾਹਰ ਬਨਣ ਦੀ ਸੰਭਾਵਨਾਂ ਬਾਕੀਆਂ ਦੇ ਮੁਕਾਬਲੇ 11 ਪ੍ਰਤੀਸ਼ਤ ਵਧੇਰੇ ਦੇਖੀ ਗਈ ਹੈ। ਡਾ ਕੈਂਪਬੇਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਉੱਤੇ ਕੋਈ ਵੀ ਹੈਰਾਨੀ ਨਹੀਂ ਹੋਈ ਹੈ ਕਿਉਂਕਿ ਬਹੁਤ ਸਾਰੇ ਪ੍ਰਵਾਸੀ ਮਾਪੇ ਇਹ ਚਾਹੁਣਗੇ ਕਿ ਉਹਨਾਂ ਦੇ ਬੱਚੇ, ਭਵਿੱਖ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸਥਾਪਤ ਹੋਣ।