ਵਿਕਟੋਰੀਆ ਸਰਕਾਰ ਨੇ ਉੱਤਰੀ ਵਿਕਟੋਰੀਆ ਵਿੱਚ ਬਹੁ-ਸੱਭਿਆਚਾਰਕ ਢਾਂਚੇ ਲਈ ਫੰਡਿੰਗ ਜਾਰੀ ਕੀਤੀ ਹੈ। ਇਸ ਫੰਡਿੰਗ ਦੇ ਤਹਿਤ ਸਥਾਨਕ ਸੰਗਠਨ ਆਪਣੇ ਸੱਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ ਲਈ ਲੋੜੀਂਦੇ ਸੁਧਾਰ ਕਰ ਸਕਣਗੇ।
ਇਸ ਘੋਸ਼ਣਾ ਨੂੰ ਸਿੱਖਿਆ ਅਤੇ ਸੁਰੱਖਿਅਤ ਸਥਾਨਾਂ ਦੀ ਪਹੁੰਚ ਵਿੱਚ ਵਾਧਾ ਕਰਨ ਦੇ ਉੱਦੇਸ਼ ਨਾਲ ਕੀਤਾ ਗਿਆ ਹੈ।
ਇਸ ਫੰਡਿੰਗ ਵਿੱਚ ਮਿਲਡੂਰਾ ਦੇ ਗੁਰਦੁਆਰਾ ਸਿੰਘ ਸਭਾ ਦੇ ਕਾਰ ਪਾਰਕ, ਅੰਦਰੂਨੀ ਫਲੋਰਿੰਗ ਦੇ ਨਵੀਨੀਕਰਨ ਅਤੇ ਇੱਕ ਨਵਾਂ ਸੈਪਟਿਕ ਟੈਂਕ ਸਥਾਪਤ ਕਰਨ ਲਈ $400,000 ਰਾਖਵੇਂ ਕੀਤੇ ਗਏ ਹਨ।
ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ, ਮਿਲਡੂਰਾ ਸਿੱਖ ਐਸੋਸੀਏਸ਼ਨ ਦੇ ਸਕੱਤਰ ਸੁਖਦੀਪ ਸਿੰਘ ਨੇ ਰਾਜ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ,"ਗੁਰੂਘਰ ਵਿੱਚ ਸਥਾਨਕ ਸੰਗਤ ਦੇ ਨਾਲ-ਨਾਲ ਦੂਰ-ਦੁਰਾਡੇ ਦੀ ਸੰਗਤ ਅਤੇ ਟਰੱਕ ਡਰਾਈਵਰ ਵੀਰ ਵੀ ਆਉਂਦੇ ਹਨ ਅਤੇ ਇਹ ਗ੍ਰਾਂਟ ਸਾਨੂੰ ਗੁਰੂਘਰ ਵਿੱਚ ਸੰਗਤ ਲਈ ਬਾਕੀ ਸਹੂਲਤਾਂ ਦੇ ਨਾਲ-ਨਾਲ ਹਾਲ ਦੇ ਨਿਰਮਾਣ ਵਿੱਚ ਵੀ ਬਹੁਤ ਮਦਦ ਕਰੇਗੀ।
ਉਨ੍ਹਾਂ ਅੱਗੇ ਦੱਸਿਆ, "ਇਸ ਫ਼ੰਡ ਦੇ ਹਿੱਸੇ ਵਜੋਂ ਸਰਕਾਰ ਵੱਲੋਂ ਸਾਨੂੰ ਹੁਣ ਤੱਕ $250,000 ਪ੍ਰਾਪਤ ਹੋ ਚੁੱਕੇ ਹਨ ਅਤੇ ਜਿਵੇਂ-ਜਿਵੇਂ ਉਸਾਰੀ ਦਾ ਕੰਮ ਅੱਗੇ ਵਧੇਗਾ ਸਰਕਾਰ ਵੱਲੋਂ ਬਾਕੀ ਫ਼ੰਡ ਵੀ ਜਾਰੀ ਕਰ ਦਿੱਤੀ ਜਾਵੇਗਾ।"

ਜ਼ਿਕਰਯੋਗ ਹੈ ਕਿ ਗ੍ਰਾਂਟਾਂ ਦੇ ਇਸ ਦੌਰ ਤਹਿਤ ਵੇਖੋ-ਵੱਖਰੇ ਸਭਿਆਚਾਰਕ ਪਿਛੋਕੜ ਅਤੇ ਵਿਸ਼ਵਾਸ ਵਾਲੇ 50 ਤੋਂ ਵੱਧ ਪ੍ਰੋਜੈਕਟਾਂ ਨੂੰ ਫੰਡ ਪ੍ਰਾਪਤ ਹੋਣਗੇ। ਇਹ ਸਫਲ ਸੰਗਠਨ ਵਿਕਟੋਰੀਆ ਦੇ ਵੱਖ-ਵੱਖ ਸੱਭਿਆਚਾਰਕ ਲੈਂਡਸਕੇਪਾਂ ਦੀ ਪ੍ਰਤੀਨਿਧਤਾ ਕਰਦੇ ਹਨ, ਜਿਸ ਵਿੱਚ ਲਗਭਗ 89 ਜਾਤੀਆਂ ਅਤੇ 20 ਧਾਰਮਿਕ ਗਰੁੱਪਾਂ ਨੂੰ ਫੰਡ ਦਿੱਤੇ ਜਾ ਰਹੇ ਹਨ।
ਹਾਲ ਹੀ ਵਿੱਚ ਮਲਟੀ-ਕਲਚਰਲ ਅਫੇਅਰਜ਼ ਦੀ ਮੰਤਰੀ ਇੰਗ੍ਰਿਡ ਸਿਟ ਨੇ ਐਲਾਨ ਕੀਤਾ ਸੀ ਕਿ ਨੌਂ ਸਥਾਨਕ ਸੰਗਠਨਾਂ ਨੂੰ ਇਸ ਅਧੀਨ $9.7 ਮਿਲੀਅਨ ਦੀ ਫੰਡਿੰਗ ਮਿਲੇਗੀ।
ਉਨ੍ਹਾਂ ਕਿਹਾ, "ਫੰਡਿੰਗ ਦਾ ਇਹ ਨਵਾਂ ਦੌਰ ਮਲਟੀਕਲਚਰਲ ਵਿਕਟੋਰੀਆ ਵਾਸੀਆਂ ਲਈ ਉਹ ਸਹੂਲਤਾਂ ਯਕੀਨੀ ਬਣਾਏਗਾ ਜੋ ਭਾਈਚਾਰਿਆਂ ਨੂੰ ਇਕੱਠੇ ਕਰਦੀਆਂ ਹਨ ਅਤੇ ਉਨ੍ਹਾਂ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸਾਂਭਣ ਅਤੇ ਸਾਂਝਾ ਕਰਨ ਵਿੱਚ ਮਦਦ ਕਰਦੀਆਂ ਹਨ।"
"ਅਸੀਂ ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਭਾਈਚਾਰਿਆਂ ਦੀ ਸਹਾਇਤਾ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਵਿੱਚ ਮਾਣ ਮਹਸੂਸ ਕਰਦੇ ਹਾਂ ਕਿ ਸਾਰੇ ਵਿਕਟੋਰੀਆ ਵਾਸੀਆਂ ਕੋਲ ਅਜਿਹੇ ਸਥਾਨ ਹਨ ਜਿੱਥੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੇ ਹਨ", ਮੰਤਰੀ ਨੇ ਕਿਹਾ।
ਲੇਬਰ ਸਰਕਾਰ ਨੇ 2014 ਤੋਂ ਲੈ ਕੇ ਹੁਣ ਤੱਕ ਬਹੁ-ਸੱਭਿਆਚਾਰਕ ਕਮਿਊਨਿਟੀ ਇਨਫ੍ਰਾਸਟਰੱਕਚਰ ਪ੍ਰੋਜੈਕਟਾਂ ਵਿੱਚ $88 ਮਿਲੀਅਨ ਤੋਂ ਵੱਧ ਨਿਵੇਸ਼ ਕੀਤਾ ਹੈ, ਜਿਸ ਨਾਲ ਹਜ਼ਾਰਾਂ ਵਿਕਟੋਰੀਆ ਵਾਸੀਆਂ ਨੂੰ ਲਾਭ ਹੋਇਆ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।







