ਲੇਬਰ ਪਾਰਟੀ ਦੇ ਇੱਕ ਕੱਦਾਵਰ ਆਗੂ ਰਹਿ ਚੁੱਕੇ ਸਾਂਸਦ ਸੋਮੀਯੂਰਕ ਉਤੇ ਇਹ ਦੋਸ਼ ਚੈਨਲ ਨਾਈਨ ਦੇ 60 ਮਿਨਟ ਅਤੇ ਦਿ ਏਜ ਦੁਆਰਾ ਕਰਾਈ ਇੱਕ ਸਾਂਝੀ ਤਫਤੀਸ਼ ਦੌਰਾਨ ਲਗਾਏ ਗਏ ਹਨ ਜਦਕਿ ਉਨ੍ਹਾਂ ਇਹਨਾਂ ਇਲਜ਼ਾਮਾਂ ਨੂੰ ਨਕਾਰਿਆ ਹੈ।
ਇਸ ਕਵਰੇਜ ਦੌਰਾਨ ਲੇਬਰ ਪਾਰਟੀ ਦੀ ਟਾਰਨੀਟ ਸ਼ਾਖਾ ਦੀ ਇੱਕ ਬੈਠਕ ਦੀ ਕਥਿਤ ਵੀਡੀਓ ਵੀ ਸਾਂਝੀ ਕੀਤੀ ਗਈ ਜਿੱਥੇ ਲਗਭਗ 100 ਵਿਅਕਤੀਆਂ ਦੇ ਇਸ ਮੀਟਿੰਗ ਵਿੱਚ ਇਕਦਮ ਆ ਧਮਕਣ ਪਿੱਛੋਂ ਏ ਐਲ ਪੀ ਦੇ ਸਾਬਕਾ ਮੈਂਬਰ ਜਸਵਿੰਦਰ ਸਿੱਧੂ ਉੱਤੇ ਕਥਿਤ ਤੌਰ ’ਤੇ ਹਮਲਾ ਵੀ ਕੀਤਾ ਗਿਆ ਸੀ।
ਫਰਵਰੀ 2020 ਦੇ ਇਸ ਇਕੱਠ ਵਿੱਚ ਮੈਲਬੌਰਨ ਵਿੱਚ ਰਹਿੰਦੇ ਭਾਰਤੀ ਭਾਈਚਾਰੇ ਦੇ ਕੁਝ ਪ੍ਰਮੁੱਖ ਮੈਂਬਰਾਂ ਨੇ ਸ਼ਿਰਕਤ ਕੀਤੀ ਸੀ।
ਜਸਵਿੰਦਰ ਸਿੱਧੂ ਜਿਨ੍ਹਾਂ ਨੂੰ ਲੇਬਰ ਪਾਰਟੀ ਵੱਲੋਂ ਕੱਢਿਆ ਹੋਇਆ ਹੈ, ਨੇ 'ਐਡਮ ਸੋਮੀਯੂਰਕ' ਵਿਵਾਦ ਉੱਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।
ਜਦੋਂ ਐਸ ਬੀ ਐਸ ਪੰਜਾਬੀ ਨੇ ਉਨ੍ਹਾਂ ਨੂੰ 'ਸੋਮੀਯੂਰਕ' ਵਿਵਾਦ ਦੌਰਾਨ ਭਾਰਤੀ ਭਾਈਚਾਰੇ ਦੇ ਕਥਿਤ ਜ਼ਿਕਰ ਬਾਰੇ ਟਿੱਪਣੀ ਕਰਨ ਲਈ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਵਿਚਲੇ ਕੁਝ ਪ੍ਰਮੁੱਖ ਆਗੂਆਂ ਨੇ ਉਨ੍ਹਾਂ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ ਹੈ।
ਸ਼੍ਰੀ ਸਿੱਧੂ ਨੇ ਆਪਣੇ ਉੱਤੇ ਹੋਏ ਕਥਿਤ ਹਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 'ਦੋਸ਼ੀ ਉੱਤੇ ਪੁਲਿਸ ਵੱਲੋਂ ਚਾਰਜ਼ਿਜ਼ ਲਾਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ'।
ਐਸ ਬੀ ਐਸ ਪੰਜਾਬੀ ਵੱਲੋਂ ਸਾਂਸਦ ਐਡਮ ਸੋਮੀਯੂਰਕ ਨੂੰ ਕਥਿਤ ਦੋਸ਼ਾਂ ਦੇ ਚਲਦਿਆਂ ਸਮੁਚੇ ਘਟਨਾਕ੍ਰਮ ਬਾਰੇ ਸਪਸ਼ਟੀਕਰਨ ਲੈਣ ਲਈ ਸੰਪਰਕ ਕੀਤਾ ਗਿਆ ਹੈ।
ਇੱਕ ਟੈਕਸੀ ਡਰਾਈਵਰ ਤੋਂ ਲੇਬਰ ਪਾਰਟੀ ਦੇ ਇੱਕ ਕੱਦਾਵਰ ਆਗੂ ਵਜੋਂ ਉੱਭਰਕੇ ਸਾਮਣੇ ਆਏ ਸਾਂਸਦ ਐਡਮ ਸੋਮੀਯੂਰਕ ਦਾ ਸਬੰਧ ਤਰਕਿਸ਼ ਭਾਈਚਾਰੇ ਨਾਲ਼ ਹੈ।
ਸਮੁਚੇ ਘਟਨਾਕ੍ਰਮ ਬਾਰੇ ਰਿਪੋਰਟ ਸੁਨਣ ਲਈ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।




