ਨਾਮਧਾਰੀ ਸਿੱਖ ਇੱਕ ਧਾਰਮਿਕ ਭਾਈਚਾਰਾ ਹੈ ਜਿਸ ਨਾਲ ਸਬੰਧਿਤ ਅੰਦਾਜ਼ਨ 500 ਤੋਂ ਵੀ ਵੱਧ ਲੋਕ ਆਸਟ੍ਰੇਲੀਆ ਰਹਿੰਦੇ ਹਨ।
ਨਾਮਧਾਰੀ ਸਿੱਖ ਸੁਸਾਇਟੀ ਮੈਲਬੌਰਨ ਦੇ ਨੁਮਾਇੰਦਿਆਂ ਅਮਰਜੀਤ ਸਿੰਘ ਭੁਰਜੀ ਤੇ ਕਰੁਨਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ਼ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਹਨਾਂ ਦਾ ਭਾਈਚਾਰਾ ਜਾਤ, ਧਰਮ, ਰੰਗ ਅਤੇ ਖੇਤਰੀ ਵਖਰੇਵਿਆਂ ਤੋਂ ਉੱਪਰ ਉੱਠਕੇ ਇਕਜੁੱਟਤਾ ਤੇ ਸਾਂਝੀਵਾਲਤਾ ਦੇ ਫ਼ਲਸਫ਼ੇ 'ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰਦਾ ਹੈ।
ਕਰੁਨਜੀਤ ਸਿੰਘ ਨੇ ਦੱਸਿਆ ਕਿ ਮੈਲਬੌਰਨ ਵਿਚਲੀ ਸਰਬ-ਧਰਮ ਸਦਭਾਵਨਾ ਕਾਨਫਰੰਸ ਵਿੱਚ ਐਂਗਲਿਕਨ ਚਰਚ, ਕੈਥੋਲਿਕ ਚਰਚ, ਆਰਥੋਡਾਕਸ ਚਰਚ, ਹਰੇ ਰਾਮ ਹਰੇ ਕ੍ਰਿਸ਼ਨ, ਵਿਕਟੋਰੀਆ ਹਿੰਦੂ ਮੰਦਰ ਦੇ ਪ੍ਰਧਾਨ, ਬਾਪਸ (ਸਵਾਮੀ ਨਰਾਇਣ), ਅਹਿਮਦੀਆ ਮੁਸਲਿਮ ਪ੍ਰਧਾਨ, ਨਿਰੰਕਾਰੀ ਹੈੱਡ ਡੈਲੀਗੇਟ, ਵੇਦਾਂਤਾ ਭਾਈਚਾਰੇ ਤੋਂ ਸਵਾਮੀ ਸੁਨੀਸ਼ਥਾਨੰਦ ਅਤੇ ਹੋਰ ਵੀ ਕਈ ਧਾਰਮਿਕ ਆਗੂਆਂ ਨੇ ਸ਼ਾਮਿਲ ਹੋਕੇ ਆਪਣੇ ਵਿਸ਼ਵ ਸ਼ਾਂਤੀ ਦੇ ਸੁਨੇਹੇ ਨੂੰ ਸਾਂਝਾ ਕਰਨਾ ਹੈ।

ਸ੍ਰ ਭੁਰਜੀ ਨੇ ਦੱਸਿਆ ਕਿ ਮੈਲਬੌਰਨ ਵਿਚਲਾ ਸਮਾਗਮ ਇੱਕ ਇਹੋ ਜਿਹੇ ਹੀ ਸਰਬ ਧਰਮ ਸੰਮੇਲਨ ਜੋ 9 ਮਾਰਚ ਨੂੰ ਨਾਮਧਾਰੀ ਭਾਇਚਾਰੇ ਦੇ ਕੇਂਦਰ-ਬਿੰਦੂ ਸ੍ਰੀ ਭੈਣੀ ਸਾਹਿਬ ਵਿੱਚ ਹੋਇਆ ਸੀ, ਤੋਂ ਸੇਧ ਲੈਕੇ ਉਲੀਕਿਆ ਗਿਆ ਹੈ।
"ਭੈਣੀ ਸਾਹਿਬ ਵਿੱਚ ਹਜ਼ਾਰਾਂ-ਲੱਖਾਂ ਲੋਕਾਂ ਦੀ ਹਾਜ਼ਰੀ ਦੱਸਦੀ ਸੀ ਕਿ ਕਿ ਇਹੋ ਜਿਹੇ ਸੰਮੇਲਨਾਂ ਦੀ ਅੱਜ ਦੇ ਸਮੇਂ ਵਿੱਚ ਕਿੰਨੀ ਅਹਿਮੀਅਤ ਹੈ," ਉਨ੍ਹਾਂ ਕਿਹਾ।
“ਇਸ ਸੈਮੀਨਾਰ ਜ਼ਰੀਏ ਅਸੀਂ ਵੱਖ-ਵੱਖ ਧਰਮਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਵਿਚਲੀ ਆਪਸੀ ਸਮਝ ਅਤੇ ਪਿਆਰ-ਸਤਿਕਾਰ ਨੂੰ ਵਧਾਓਣ ਦੀ ਕੋਸ਼ਿਸ਼ ਵਿੱਚ ਹਾਂ। ਸਾਡਾ ਮੰਨਣਾ ਹੈ ਕਿ ਆਪਣੇ ਤਜ਼ਰਬਿਆਂ ਅਤੇ ਦ੍ਰਿਸ਼ਟੀਕੋਣਾਂ ਨੂੰ ਸਾਂਝਾ ਕਰਕੇ ਅਸੀਂ ਇੱਕ ਦੂਜੇ ਤੋਂ ਸਿੱਖ ਸਕਦੇ ਹਾਂ ਅਤੇ ਇੱਕ ਸ਼ਾਂਤੀਪੂਰਨ ਅਤੇ ਸਦਭਾਵਨਾ ਭਰੇ ਸੰਸਾਰ ਲਈ ਸਾਂਝੇ ਉੱਦਮ ਕਰ ਸਕਦੇ ਹਾਂ," ਉਨ੍ਹਾਂ ਕਿਹਾ।
“ਸਾਡੇ ਅਧਿਆਤਮਿਕ ਮੁਖੀ ਸਤਿਗੁਰੂ ਉਦੈ ਸਿੰਘ ਜੀ ਨੇ ਸਾਨੂੰ ਸਿਖਾਇਆ ਹੈ ਕਿ ਸਾਰੇ ਧਰਮ ਇੱਕੋ ਬੁਨਿਆਦੀ ਸੱਚਾਈ ਉੱਤੇ ਟਿਕੇ ਹਨ ਤੇ ਉਹ ਹੈ - ਪਿਆਰ, ਦਇਆ ਅਤੇ ਨਿਰਸਵਾਰਥਤਾ। ਇਹਨਾਂ ਸਰਵਵਿਆਪੀ ਕਦਰਾਂ-ਕੀਮਤਾਂ ਨੂੰ ਅਪਣਾ ਕੇ ਹੀ ਅਸੀਂ ਵਿਸ਼ਵ ਸ਼ਾਂਤੀ ਦਾ ਤਸੱਵਰ ਕਰ ਸਕਦੇ ਹਾਂ।“

ਇੰਟਰਵਿਊ ਦੌਰਾਨ ਸ੍ਰ ਭੁਰਜੀ ਨੇ ਨਾਮਧਾਰੀ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਦਾ ਜ਼ਿਕਰ ਕਰਦਿਆਂ ਕੂਕਾ ਵਿਦਰੋਹ ਤੇ ਤੇ ਉਨ੍ਹਾਂ ਦੇ ਭਾਰਤ ਦੇ ਆਜ਼ਾਦੀ ਸੰਗਰਾਮ ਵਿਚਲੇ ਲਾਸਾਨੀ ਇਤਿਹਾਸ ਬਾਰੇ ਵੀ ਦੱਸ ਪਾਈ।
ਜ਼ਿਆਦਾ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ.....




