ਨੇਬਰਹੁੱਡ ਵਾਚ ਵਿਕਟੋਰੀਆ ਲੋਕਾਂ ਨੂੰ ਆਪਣੇ ਘਰ ਦੇ ਆਲੇ-ਦੁਆਲੇ ਲੋੜੀਂਦੇ ਕਦਮ ਚੁੱਕਣ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਚੋਰੀ ਅਤੇ ਹੋਰ ਅਪਰਾਧਾਂ ਤੋਂ ਬਚੇ ਰਹਿਣ।
ਵਿਕਟੋਰੀਆ ਵਿੱਚ ਨੇਬਰਹੁੱਡ ਵਾਚ ਦੀ ਸ਼ੁਰੂਆਤ 15 ਜੂਨ 1983 ਨੂੰ ਫ੍ਰੈਂਕਸਟਨ ਦੇ ਇੱਕ ਇਲਾਕੇ ਕਾਨਨੂਕ ਵਿੱਚ ਹੋਈ ਸੀ ਜਦੋਂ ਇਹ ਮਹਿਸੂਸ ਕੀਤਾ ਗਿਆ ਕਿ ਇਕੱਲੀ ਵਿਕਟੋਰੀਆ ਪੁਲਿਸ ਵਧ ਰਹੀ ਅਪਰਾਧ ਦਰ ਨੂੰ ਕੰਟਰੋਲ ਨਹੀਂ ਕਰ ਸਕਦੀ, ਖਾਸ ਤੌਰ 'ਤੇ, ਚੋਰੀਆਂ ਅਤੇ ਇਸ ਨਾਲ਼ ਸਬੰਧਿਤ ਘਟਨਾਵਾਂ।
ਅਰਸ਼ ਸਿੰਘ ਜੋ ਨੇਬਰਹੁੱਡ ਵਾਚ ਦੇ ਕਮਿਊਨਿਟੀ ਐਂਗੇਜਮੈਂਟ ਅਫਸਰ ਹਨ, ਨੇ ਦੱਸਿਆ ਕਿ ਪੁਲਿਸ ਨੇ ਇਹਨਾਂ ਜੁਰਮਾਂ ਨੂੰ ਘਟਾਉਣ ਵਿੱਚ ਮਦਦ ਕਰਨ ਲਈ ਓਦੋਂ ਜਨਤਕ ਸਹਿਯੋਗ ਦੀ ਮੰਗ ਕੀਤੀ ਜਿਸ ਪਿੱਛੋਂ ਨੇਬਰਹੁੱਡ ਵਾਚ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ ਸੀ।
"ਮੁਖ ਤੌਰ ਉੱਤੇ ਅਸੀਂ ਪੁਲਿਸ ਅਤੇ ਭਾਈਚਾਰੇ ਦੇ ਸਹਿਯੋਗ ਨਾਲ਼ ਅਪਰਾਧ ਅਤੇ ਸ਼ੱਕੀ ਵਿਵਹਾਰ ਦੀ ਰਿਪੋਰਟਿੰਗ ਨੂੰ ਉਤਸ਼ਾਹਿਤ ਕਰਦੇ ਹਾਂ। ਇਸ ਲਈ ਨਿੱਜੀ ਅਤੇ ਘਰੇਲੂ ਸੁਰੱਖਿਆ ਸਬੰਧੀ ਜਾਗਰੂਕਤਾ ਅਤੇ ਸਿਖਿਆ ਅਭਿਆਨ ਵੀ ਚਲਾਏ ਜਾਂਦੇ ਹਨ," ਉਨ੍ਹਾਂ ਕਿਹਾ।

ਅਰਸ਼ ਸਿੰਘ ਨੇਬਰਹੁੱਡ ਵਾਚ ਵਿੱਚ ਕਮਿਊਨਿਟੀ ਐਂਗੇਜਮੈਂਟ ਅਫਸਰ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ। Credit: Preetinder Singh Grewal/SBS Punjabi
"ਸਾਡੇ ਕੋਲ ਵਿਕਟੋਰੀਆ ਦੇ 79 ਸਥਾਨਕ ਸਰਕਾਰੀ ਖੇਤਰਾਂ ਵਿੱਚੋਂ ਲੱਗਭਗ 55 ਇਲਾਕਿਆਂ ਵਿੱਚ ਫੈਲੇ 190 ਤੋਂ ਵੱਧ ਸਮੂਹ ਹਨ ਜਿਸ ਵਿੱਚ ਮੈਟਰੋਪੋਲੀਟਨ, ਖੇਤਰੀ ਅਤੇ ਪੇਂਡੂ ਵਿਕਟੋਰੀਆ ਦੇ ਇਲਾਕੇ ਵੀ ਸ਼ਾਮਿਲ ਹਨ। ਸਾਡਾ ਮੁਖ ਦਫ਼ਤਰ ਮੈਲਬੌਰਨ ਵਿੱਚ ਵਿਕਟੋਰੀਆ ਪੁਲਿਸ ਸੈਂਟਰ ਵਿੱਚ ਸਥਿਤ ਹੈ," ਉਨ੍ਹਾਂ ਦੱਸਿਆ।
"ਇਹ ਪਤਾ ਲਗਾਉਣ ਲਈ ਕਿ ਸਥਾਨਕ ਅਪਰਾਧ ਦੇ ਚਲਦਿਆਂ ਕੀ ਮੁੱਦੇ ਹਨ, ਇਹ ਸਮੂਹ ਆਪਣੀ ਸਥਾਨਕ ਪੁਲਿਸ ਨਾਲ ਨਿਯਮਿਤ ਤੌਰ 'ਤੇ ਮਿਲਦੇ ਹਨ। ਫਿਰ ਉਹ ਇਵੈਂਟਸ, ਲੈਟਰਬੌਕਸ ਡਰਾਪ, ਸੈਮੀਨਾਰ, ਫੋਰਮ, ਅਤੇ ਕਮਿਊਨਿਟੀ ਨਿਊਜ਼ਲੈਟਰਾਂ ਸਮੇਤ ਕਈ ਗਤੀਵਿਧੀਆਂ ਦੀ ਮਦਦ ਨਾਲ਼ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਵਿੱਚ ਮਦਦ ਕਰਦੇ ਹਨ।“

ਅਰਸ਼ ਸਿੰਘ ਅਤੇ ਦੂਜੇ ਨੇਬਰਹੁੱਡ ਵਾਚ ਮੈਂਬਰ ਇੱਕ ਭਾਈਚਾਰਕ ਇਕੱਠ ਦੌਰਾਨ। Credit: Supplied
ਨੇਬਰਹੁੱਡ ਵਾਚ ਦੇ ਮੁੱਖ ਉਦੇਸ਼:
- ਕਮਿਊਨਿਟੀ ਮੈਂਬਰਾਂ ਅਤੇ ਸਥਾਨਕ ਪੁਲਿਸ ਵਿਚਕਾਰ ਸਬੰਧਾਂ ਨੂੰ ਉਤਸ਼ਾਹਿਤ ਕਰਨਾ
- ਅਪਰਾਧ ਦੀਆਂ ਘਟਨਾਵਾਂ ਨੂੰ ਘੱਟ ਕਰਨਾ
- ਅਪਰਾਧ ਅਤੇ ਸ਼ੱਕੀ ਵਿਵਹਾਰ ਦੀ ਰਿਪੋਰਟਿੰਗ ਨੂੰ ਉਤਸ਼ਾਹਿਤ ਕਰਨਾ
- ਘਰੇਲੂ ਸੁਰੱਖਿਆ ਸਬੰਧੀ ਸਿਖਿਆ
- ਵਿਕਟੋਰੀਆ ਪੁਲਿਸ ਦੀਆਂ ਅਪਰਾਧ ਰੋਕਥਾਮ ਗਤੀਵਿਧੀਆਂ ਦਾ ਸਮਰਥਨ ਕਰਨਾ
ਨੇਬਰਹੁੱਡ ਵਾਚ ਵਿਕਟੋਰੀਆ ਵੱਲੋਂ ਇਸ ਸਿਲਸਿਲੇ ਵਿੱਚ ਕੁਝ ਕੁਇਜ਼ ਵੀ ਮੁਹਈਆ ਕਰਵਾਏ ਗਏ ਹਨ ਜੋ ਹੁਣ ਪੰਜਾਬੀ ਭਾਸ਼ਾ ਵਿੱਚ ਵੀ ਉਪਲਭਧ ਹਨ।
ਹੋਰ ਵੇਰਵੇ ਲਈ ਨੇਬਰਹੁੱਡ ਵਾਚ ਵਿਕਟੋਰੀਆ ਤੋਂ ਅਰਸ਼ ਸਿੰਘ ਨਾਲ਼ ਇਹ ਇੰਟਰਵਿਊ ਸੁਣੋ.....