ਵਿਕਟੋਰੀਆ, ਆਸਟ੍ਰੇਲੀਆ ਦਾ ਪਹਿਲਾ ਰਾਜ ਸੀ ਜਿਸ ਨੇ 2001 ਵਿੱਚ ਵਿਕਟੋਰੀਅਨ ਸਕੂਲ ਆਫ ਲੈਂਗੂਏਜਿਜ਼ ਰਾਹੀਂ ਸਕੂਲਾਂ ਦੇ ਪਾਠਕ੍ਰਮ ਵਿੱਚ ਪੰਜਾਬੀ ਦੀ ਰਸਮੀ ਸ਼ੁਰੂਆਤ ਕੀਤੀ ਸੀ।
2005 ਵਿੱਚ ਇਹ ਆਸਟ੍ਰੇਲੀਆ ਦਾ ਪਹਿਲਾ ਰਾਜ ਇਸ ਕਰਕੇ ਵੀ ਬਣ ਗਿਆ ਕਿਉਂਕਿ ਇਸ ਨੇ ਪੰਜਾਬੀ ਨੂੰ ‘ਲੈਂਗੂਏਜ ਅਦਰ ਦੈਨ ਇੰਗਲਿਸ਼ (ਲੋਟ)’ ਵਜੋਂ ਬਾਹਰਵੀਂ ਦੇ ਵੀ ਸੀ ਈ ਲੈਵਲ ਵਿੱਚ ਲਾਗੂ ਕਰਵਾਇਆ ਸੀ।
ਵੀ ਐਸ ਐਲ ਵਿੱਚ ਪੰਜਾਬੀ ਲਰਨਿੰਗ ਦੇ ਮੌਜੂਦਾ ਕੋਆਰਡੀਨੇਟਰਾਂ ਵਿੱਚੋਂ ਇੱਕ ਹਰਮੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਾਲ 2001 ਤੋਂ ਹੁਣ ਤੱਕ, ਸਾਰੀਆਂ ਹੀ ਜਮਾਤਾਂ ਵਿਚਲੇ ਦਾਖਲਿਆਂ ਵਿੱਚ ਭਰਵਾਂ ਵਾਧਾ ਹੋਇਆ ਹੈ।
‘ਅਜਿਹਾ, ਸਾਲ 2016 ਵਿੱਚ ਕਰਵਾਈ ਮਰਦਮਸ਼ੁਮਾਰੀ ਦੇ ਆਂਕੜਿਆਂ ਅਨੁਸਾਰ, ਵਿਕਟੋਰੀਆ ਸੂਬੇ ਵਿੱਚ ਪੰਜਾਬੀ ਭਾਈਚਾਰੇ ਵਿੱਚ ਹੋਏ ਵੱਡੇ ਵਾਧੇ ਕਾਰਨ ਹੀ ਸੰਭਵ ਹੋ ਸਕਿਆ ਹੈ। ਪਰ ਇਸ ਦਾ ਅਸਲ ਸਿਹਰਾ ਉਹਨਾਂ ਵਿਦਿਆਰਥੀਆਂ ਅਤੇ ਮਾਪਿਆਂ ਦੇ ਸਿਰ ਜਾਂਦਾ ਹੈ ਜਿਨਾਂ ਨੇ ਆਪਣੀ ਮਾਂ-ਬੋਲੀ ਪੰਜਾਬੀ ਨੂੰ ਸਿੱਖਣ ਲਈ ਅੰਤਾਂ ਦਾ ਉਤਸ਼ਾਹ ਦਿਖਾਇਆ ਹੈ ਅਤੇ ਵਿਕਟੋਰੀਆ ਰਾਜ ਦੇ ਅਲੱਗ ਅਲੱਗ ਕੇਂਦਰਾਂ ਵਿੱਚ ਦਾਖਲੇ ਲਏ ਹਨ’।
ਵਿਕਟੋਰੀਆ ਰਾਜ ਵਿੱਚ ਇਸ ਸਮੇਂ ਪੰਜਾਬੀ ਸਿਖਾਉਣ ਲਈ 12 ਕੇਂਦਰ ਉਪਲਬਧ ਹਨ। ਇਹਨਾਂ ਵਿੱਚੋਂ ਚਾਰ ਖੇਤਰੀ ਵਿਕਟੋਰੀਆ ਵਿੱਚ ਸਥਾਪਤ ਹਨ।

Source: Supplied
ਮੈਲਬਰਨ ਸ਼ਹਿਰ ਅਤੇ ਇਸ ਦੇ ਉਪਨਗਰਾਂ ਬਲੈਕਬਰਨ, ਕਰੇਗੀਬਰਨ, ਕੈਰੋਲਿਨ ਸਪਰਿੰਗਸ, ਹੈਂਪਟਨ ਪਾਰਕ, ਮੈਲਟਨ, ਟੇਅਰਲਸ ਲੇਕਸ, ਥੋਮਸਟਾਊਨ ਅਤੇ ਟ੍ਰਗੈਨਿਨਾ ਸ਼ਾਮਲ ਹਨ। ਖੇਤਰੀ ਕੇਂਦਰਾਂ ਵਿੱਚ ਬਲਾਰੇਟ, ਜੀਲੋਂਗ, ਸ਼ੈਪਰਟਨ ਅਤੇ ਵੋਡੌਂਗਾ ਸ਼ਾਮਲ ਹਨ।
ਸ਼੍ਰੀ ਸਿੱਧੂ ਨੇ ਮੈਲਬਰਨ ਦੇ ਦੱਖਣ ਪੂਰਬ ਵਿੱਚ ਸਥਿਤ ਇੱਕ ਕੇਂਦਰ ਬਾਰੇ ਗਲ ਕਰਦੇ ਹੋਏ ਕਿਹਾ, ‘ਹੈਂਮਪਟਨ ਪਾਰਕ ਹੁਣ ਤੱਕ ਦਾ ਸਭ ਤੋਂ ਵੱਡਾ ਸਿਖਲਾਈ ਕੇਂਦਰ ਹੈ। ਉਥੇ ਸਾਡੇ ਕੋਲ ਇਸ ਸਮੇਂ 17 ਕਲਾਸਾਂ ਚਲ ਰਹੀਆਂ ਹਨ ਅਤੇ ਹਰੇਕ ਵਿੱਚ 26 ਦੇ ਕਰੀਬ ਵਿਦਿਆਰਥੀ ਹਨ’।
‘ਕਰੇਗੀਬਰਨ, ਜਿਥੇ ਮੈਂ ਪੜਾਉਂਦਾ ਹਾਂ, ਕੁੱਝ ਸਾਲ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, ਪਰ ਇਸ ਵਿੱਚ ਵੱਡੀ ਗਿਣਤੀ ਵਿੱਚ ਦਾਖਲੇ ਹੋਏ ਹਨ, ਅਤੇ ਉਡੀਕ- ਸੂਚੀ ਵੀ ਲੰਬੀ ਹੁੰਦੀ ਜਾ ਰਹੀ ਹੈ’, ਸ਼੍ਰੀ ਸਿੱਧੂ ਨੇ ਦਸਿਆ।

VSL Area Manager (Area Northwest) Mr Sadik Cagdas informing Punjabi parents about benefits of LOTE at VCE level Source: Supplied
‘ਇਸੀ ਤਰਾਂ ਥੌਮਸਟਾਊਨ ਵਾਲੇ ਸੈਂਟਰ ਵਿੱਚ 13 ਕਲਾਸਾਂ ਲਗ ਰਹੀਆਂ ਹਨ। ਟਰੂਗੈਨਿਨਾਂ, ਜਿਸ ਨੂੰ ਹਾਲ ਵਿੱਚ ਹੀ ਸ਼ੁਰੂ ਕੀਤਾ ਗਿਆ ਸੀ ਵਿੱਚ ਵੀ 12 ਕਲਾਸਾਂ ਪੂਰੇ ਜੋਰ ਸ਼ੋਰ ਨਾਲ ਚਲ ਰਹੀਆਂ ਹਨ’।
ਬਾਹਰਵੀਂ ਜਮਾਤ ਵਿੱਚ ਪੰਜਾਬੀ ਨੂੰ ਵੀ ਸੀ ਈ ਵਜੋਂ ਲੈਣ ਦੇ ਲਾਭਾਂ ਬਾਰੇ ਸ਼੍ਰੀ ਸਿੱਧੂ ਨੇ ਕਿਹਾ, ‘ਪੰਜਾਬੀ ਨੂੰ ਪੜਨ ਨਾਲ ਆਸਟ੍ਰੇਲੀਅਨ ਟਰਸ਼ਰੀ ਰੈਂਕ ਵਿੱਚ ਬਹੁਤ ਫਾਇਦਾ ਹੁੰਦਾ ਹੈ’।

Annual cultural performance by VSL students learning Punjabi Source: Supplied
‘LOTE ਵਾਲੀਆਂ ਭਾਸ਼ਾਵਾਂ ਏਟਾਰ ਦੇ ਨੰਬਰਾਂ ਨੂੰ ਉਪਰ ਲੈ ਜਾਂਦੀਆਂ ਹਨ। ਇਸ ਦੇ ਨਾਲ ਕਈ ਯੂਨਿਵਰਸਿਟੀਆਂ ਵੀ ਪੰਜਾਬੀ ਪੜਨ ਵਾਲਿਆਂ ਨੂੰ ਵਧੇਰੇ ਮਾਨਤਾ ਦਿੰਦੀਆਂ ਹਨ’।
ਸ਼੍ਰੀ ਸਿੱਧੂ ਨੇ ਅਪੀਲ ਕਰਦੇ ਹੋਏ ਕਿਹਾ, ‘ਮੈਂ ਸਾਰਿਆਂ ਨੂੰ ਹੀ ਸਲਾਹ ਦੇਵਾਂਗਾ ਕਿ ਪੰਜਾਬੀ ਨੂੰ ਜਰੂਰ ਪੜਨ ਕਿਉਂਕਿ ਨਾ ਸਿਰਫ ਇਸ ਨਾਲ ਤੁਸੀਂ ਆਪਣੇ ਸਭਿਆਚਾਰ ਨਾਲ ਜੁੜਦੇ ਹੋ ਬਲਿਕ ਆਪਣੇ ਏਟਾਰ ਵਾਲੇ ਅੰਕਾਂ ਵਿੱਚ ਵੀ ਲਾਭ ਲੈਂਦੇ ਹੋ’।
‘ਅਗਲੇ ਸਾਲ 2020 ਵਾਸਤੇ ਦਾਖਲੇ ਸ਼ੁਰੂ ਹੋ ਚੁੱਕੇ ਹਨ। ਪੜਨ ਦੇ ਚਾਹਵਾਨ 03 9474 0500 ਉੱਤੇ ਫੋਨ ਕਰਨ’।