ਇਸ ਘਟਨਾ ਨੂੰ ਹੁਣ ਭਾਵੇਂ 38 ਸਾਲ ਹੋ ਗਏ ਹਨ ਪਰ ਬਹੁਤ ਸਾਰੇ ਪਰਿਵਾਰਾਂ ਲਈ ਇਸਦੀ ਚੀਸ ਅਤੇ ਦਰਦ ਅੱਜ ਵੀ ਘਟਿਆ ਨਹੀਂ।
ਇਸ ਦੌਰਾਨ ਇੱਕ ਪਰਿਵਾਰ ਨੇ ਇਹਨੀਂ ਦਿਨੀਂ ਆਪਣੇ ਜਵਾਨ ਪੁੱਤਰ ਦੇ ਮਾਰੇ ਜਾਣ ਦਾ ਦੁੱਖ ਸਾਂਝਾ ਕੀਤਾ ਹੈ।
ਉੱਘੇ ਫਿਲਮ ਅਦਾਕਾਰ ਅਤੇ ਦੂਰਦਰਸ਼ਨ ਜਲੰਧਰ 'ਤੇ ਖਬਰਾਂ ਪੜ੍ਹਣ ਲਈ ਜਾਣੇ ਜਾਂਦੇ ਅਰਵਿੰਦਰ ਸਿੰਘ ਭੱਟੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਕੁਝ ਦਿਨ ਪਹਿਲਾਂ ਉਹਨਾਂ ਦਾ ਛੋਟਾ ਭਰਾ ਅਰਜਿੰਦਰ ਸਿੰਘ ਨੂੰ ਗੋਲੀ ਮਾਰਕੇ ਮਾਰ ਦਿੱਤਾ ਗਿਆ ਸੀ।
"ਦਰਬਾਰ ਸਾਹਿਬ ਕੰਪਲੈਕਸ ਉਤੇ ਹਮਲੇ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਭਾਰੀ ਫੌਜ ਤਾਇਨਾਤ ਕਰ ਦਿੱਤੀ ਗਈ ਸੀ, ਉੱਚੀਆਂ ਇਮਾਰਤਾਂ ਉੱਤੇ ਹਥਿਆਰਬੰਦ ਫੌਜੀਆਂ ਨੇ ਟਿਕਾਣੇ ਕੀਤੇ ਸਨ। ਸਾਡਾ ਘਰ ਹਰਿਮੰਦਰ ਸਾਹਿਬ ਲਾਗੇ ਕਰੋੜੀ ਚੌਂਕ ਵਿੱਚ ਸੀ," ਉਹਨਾਂ ਕਿਹਾ।
"1 ਜੂਨ 1984 ਦਾ ਦਿਨ ਸਾਡੇ ਪਰਿਵਾਰ ਲਈ ਬਹੁਤ ਦੁਖੀ ਕਰਨ ਵਾਲ਼ਾ ਹੈ। ਮੇਰਾ 20 ਸਾਲਾ ਛੋਟਾ ਭਰਾ ਉਸ ਦਿਨ ਫੈਕਟਰੀ ਵਿੱਚੋਂ ਘਰ ਰੋਟੀ ਖਾਣ ਲਈ ਆਇਆ ਸੀ। ਬਾਹਰੋਂ ਅਜੀਬ ਅਵਾਜਾਂ ਆਉਂਦੀਆਂ ਸੁਣ ਉਹ ਜਿਓਂ ਹੀ ਕੋਠੇ 'ਤੇ ਗਿਆ ਤਾਂ ਸੀ ਆਰ ਪੀ ਐਫ ਵਾਲਿਆਂ ਉਸਨੂੰ ਗੋਲੀ ਮਾਰ ਕੇ ਮਾਰ ਦਿੱਤਾ।"
"ਸਾਡੇ ਲਈ ਜੂਨ 1984 ਕਦੇ ਵੀ ਨਾ ਭੁੱਲਣਯੋਗ ਹੈ। ਮੈਨੂੰ ਆਪਣੇ ਭਰਾ ਸਮੇਤ ਉਨ੍ਹਾਂ ਸਾਰੇ ਨਿਰਦੋਸ਼ ਲੋਕਾਂ ਦੀ ਵੀ ਚੀਸ ਹੈ ਜੋ ਇਸ ਹਮਲੇ ਵਿੱਚ ਮਾਰੇ ਗਏ।"

ਭਾਰਤੀ ਸਰਕਾਰ ਵੱਲੋਂ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 1984 'ਚ ਕੀਤੇ ਇਸ ਹਮਲੇ ਨੂੰ ਇਹ ਕਹਿ ਕੇ ਸਹੀ ਠਹਿਰਾਇਆ ਗਿਆ ਕਿ ਇਹ ਕਾਰਵਾਈ ਉਥੇ ਮੌਜੂਦ ਹਥਿਆਰਬੰਦ ਲੋਕਾਂ ਕਰਕੇ ਕੀਤੀ ਜਾਣੀ ਜ਼ਰੂਰੀ ਸੀ।
ਪਰ ਇਸ ਫੌਜੀ ਹਮਲੇ ਲਈ ਉਨ੍ਹਾਂ ਦਿਨਾਂ ਨੂੰ ਚੁਣਿਆ ਜਾਣਾ ਜਦੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਸਮਾਗਮਾਂ ਦੇ ਚੱਲਦਿਆਂ ਉੱਥੇ ਭਾਰੀ ਸੰਖਿਆ ਚ ਸਿੱਖ ਸ਼ਰਧਾਲੂਆਂ ਦੀ ਹਾਜ਼ਰੀ ਸੀ, ਅੱਜ ਵੀ ਸਵਾਲਾਂ ਦੇ ਘੇਰੇ ਵਿੱਚ ਹੈ।
ਅਰਵਿੰਦਰ ਸਿੰਘ ਭੱਟੀ ਨਾਲ਼ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।




