Key Points
- ਪ੍ਰਕਾਸ਼ ਕੌਰ ਜਲੰਧਰ ਵਿਖੇ ਸਥਿਤ ‘ਯੂਨੀਕ ਹੋਮ’ ਦੀ ਮੁਖੀ ਹੈ
- ਇੱਥੇ ਉਨ੍ਹਾਂ ਵਲੋਂ ਬੇਸਹਾਰਾ ਬੱਚੀਆਂ ਦਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ
- ਉਨ੍ਹਾਂ ਵਲੋਂ ਇਹ ਕਾਰਜ ਪਿਛਲੇ ਕਰੀਬ 40 ਸਾਲ ਤੋਂ ਨਿਰੰਤਰ ਕੀਤੇ ਜਾ ਰਹੇ ਹਨ
- ਪ੍ਰਕਾਸ਼ ਕੌਰ ਨੂੰ ਭਾਰਤ ਸਰਕਾਰ ਵਲੋਂ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ
ਪ੍ਰਕਾਸ਼ ਕੌਰ ਉਮਰ ਦੇ ਪੱਖ ਤੋਂ ਬੇਸ਼ੱਕ ਬਜ਼ੁਰਗ ਹੋ ਚੁੱਕੇ ਹਨ ਪਰ ਬੇਸਹਾਰਾ ਬੱਚੀਆਂ ਪ੍ਰਤੀ ਉਨ੍ਹਾਂ ਦੀ ਸੇਵਾ ਭਾਵਨਾ ਦਾ ਜੋਸ਼ ਅਤੇ ਜਜ਼ਬਾ ਅੱਜ ਵੀ ਜਵਾਨ ਨਜ਼ਰ ਆਉਂਦਾ ਹੈ।
ਪ੍ਰਕਾਸ਼ ਕੌਰ ਦੀ ਸਮਾਜ ਪ੍ਰਤੀ ਸੇਵਾ ਭਾਵਨਾ ਨੂੰ ਦੇਖਦਿਆਂ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਪਦਮਸ੍ਰੀ ਸਨਮਾਨ (ਸਾਲ 2021) ਨਾਲ ਨਿਵਾਜਿਆ ਗਿਆ ਸੀ।

ਐੱਸਬੀਐੱਸ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ 90 ਦੇ ਦਹਾਕੇ ਵਿੱਚ ਬੇਸਹਾਰਾ ਬੱਚੀਆਂ ਦੀ ਸਾਂਭ-ਸੰਭਾਲ ਦੀ ਸੇਵਾ ਆਰੰਭ ਕੀਤੀ ਸੀ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਕੋਲ 10 ਬੱਚੀਆਂ ਸਨ।
ਇਨ੍ਹਾਂ ਬੱਚੀਆਂ ਵਾਂਗ ਉਸ ਨੂੰ ਵੀ ਉਸ ਦੇ ਮਾਪਿਆਂ ਨੇ ਬੇਸਹਾਰਾ ਛੱਡ ਦਿੱਤਾ ਸੀ। ਉਸ ਨੇ ਜਦ ਹੋਸ਼ ਸੰਭਾਲੀ ਤਾਂ ਅਜਿਹੀਆਂ ਹੋਰਨਾਂ ਬੱਚੀਆਂ ਲਈ ਸਹਾਰਾ ਬਣਨ ਦਾ ਬੀੜਾ ਚੁੱਕਿਆ।
ਪ੍ਰਮਾਤਮਾ ਸੁਮੱਤ ਬਖਸ਼ੇ ਕਿ ਸਾਡਾ ਸਮਾਜ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਖੁਦ ਕਰੇ ਪਰ ਜੇਕਰ ਕੋਈ ਪਰਿਵਾਰ ਨਵਜੰਮੀ ਬੱਚੀ ਨੂੰ ਨਹੀਂ ਅਪਨਾਉਣਾ ਚਾਹੁੰਦਾ ਜਾਂ ਪਾਲਣ ਤੋਂ ਅਸਮਰੱਥ ਹੈ ਤਾਂ ਵੀ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਬੱਚੇ ਨੂੰ ਕੂੜੇ ਵਿੱਚ ਜਾਂ ਜਾਨਵਰਾਂ ਦੇ ਖਾਣ ਲਈ ਸੁੱਟ ਦਿੱਤਾ ਜਾਵੇਪਦਮਸ਼੍ਰੀ ਪ੍ਰਕਾਸ਼ ਕੌਰ
ਆਪਣਾ ਘਰ ਵਸਾ ਕੇ ਗ੍ਰਹਿਸਤ ਜੀਵਨ ਸ਼ੁਰੂ ਕਰਨ ਦੀ ਬਜਾਏ ਉਸ ਨੇ ਬੱਚੀਆਂ ਦੀ ਸਾਂਭ-ਸੰਭਾਲ ਅਤੇ ਪਾਲਣ ਪੋਸ਼ਣ ਨੂੰ ਹੀ ਆਪਣਾ ਜੀਵਨ ਬਣਾ ਲਿਆ।
ਉਹ ਦੱਸਦੀ ਹੈ ਕਿ ਜਲੰਧਰ ਦੇ ਮਾਡਲ ਹਾਊਸ ਇਲਾਕੇ ਵਿੱਚ ਇੱਕ ਛੋਟੇ ਜਿਹੇ ਘਰ ਤੋਂ ਬੱਚੀਆਂ ਦਾ ਪਾਲਣ-ਪੋਸ਼ਣ ਸ਼ੁਰੂ ਹੋਇਆ ਸੀ, ਹੌਲੀ-ਹੌਲੀ ਸਮੇਂ ਨਾਲ ਹੋਰ ਲੋਕ ਨਾਲ ਜੁੜਦੇ ਗਏ ਅਤੇ ਅੱਜ ਜਲੰਧਰ-ਨਕੋਦਰ ਰੋਡ ’ਤੇ ‘ਯੂਨੀਕ ਹੋਮ’ ਦੀ ਸ਼ਾਨਦਾਰ ਇਮਾਰਤ ਵਿੱਚ ਮੌਜੂਦਾ ਸਮੇਂ 'ਚ 90 ਬੱਚੀਆਂ ਨੂੰ ਮਾਂ ਦਾ ਪਿਆਰ ਅਤੇ ਘਰ ਦਾ ਅਹਿਸਾਸ ਮਿਲ ਰਿਹਾ ਹੈ।

ਪ੍ਰਕਾਸ਼ ਕੌਰ ਨੇ ਦੱਸਿਆ ਕਿ ਯੂਨੀਕ ਹੋਮ ਵਿੱਚ ਨਵਜੰਮੀਆਂ ਬੱਚੀਆਂ ਤੋਂ ਲੈਕੇ ਕਾਲਜਾਂ/ਯੂਨੀਵਰਸਿਟੀਆਂ ਵਿੱਚ ਵਿੱਦਿਆ ਹਾਸਿਲ ਕਰ ਰਹੀਆਂ ਕੁੜੀਆਂ ਵੀ ਸ਼ਾਮਲ ਹਨ।
ਇਨ੍ਹਾਂ ਬੱਚੀਆਂ ਨੂੰ ਸ਼ਹਿਰ ਦੇ ਚੋਟੀ ਦੇ ਸਕੂਲਾਂ-ਕਾਲਜਾਂ ਤੋਂ ਇਲਾਵਾ ਦੇਸ਼-ਵਿਦੇਸ਼ ਦੇ ਕਾਲਜਾਂ-ਯੂਨੀਵਰਸਿਟੀਆਂ ਵਿੱਚ ਵੀ ਪੜ੍ਹਾਈ ਕਰਵਾਈ ਜਾ ਰਹੀ ਹੈ।
ਪੜ੍ਹਾਈ ਮੁਕੰਮਲ ਕਰ ਚੁੱਕੀਆਂ ਅਨੇਕਾਂ ਕੁੜੀਆਂ ਦੇ ਵਿਆਹ-ਸ਼ਾਦੀਆਂ ਕਰਕੇ ਘਰ ਵੀ ਵਸਾਏ ਜਾ ਚੁੱਕੇ ਹਨ।
ਸਾਰੀਆਂ ਬੱਚੀਆਂ ਦਾ ਜਨਮ ਦਿਨ ਹਰ ਸਾਲ 24 ਅਪ੍ਰੈਲ ਨੂੰ 100 ਕਿੱਲੋ ਦਾ ਕੇਕ ਕੱਟਕੇ ਸੰਯੁਕਤ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਉਸ ਦਿਨ ਖਾਸ ਮਹਿਮਾਨਾਂ ਦੇ ਨਾਲ-ਨਾਲ ਇਸ ਘਰ ਤੋਂ ਵਿਆਹ ਕੇ ਜਾ ਚੁੱਕੀਆਂ ਧੀਆਂ ਵੀ ਆਪਣੇ ਪਰਿਵਾਰਾਂ ਸਣੇ ਵਿਸ਼ੇਸ਼ ਤੌਰ ’ਤੇ ਪਹੁੰਚਦੀਆਂ ਹਨ।

ਮੇਰੀ ਦਿਲੀ ਇੱਛਾ ਹੈ ਕਿ ਸਾਡੇ ਸਮਾਜ ਵਿੱਚ ਏਨੀ ਕੁ ਜਾਗਰੂਕਤਾ ਆਵੇ ਕਿ ਨਾ ਤਾਂ ਬੇਸਹਾਰਾ ਬੱਚਿਆਂ ਲਈ ਪੰਘੂੜੇ ਸਥਾਪਤ ਕਰਨੇ ਪੈਣ, ਨਾ ਹੀ ਬਿਰਧ ਆਸ਼ਰਮ ਅਤੇ ਅਨਾਥ ਆਸ਼ਰਮਾਂ ਦੀ ਲੋੜ ਪਵੇ।ਪਦਮਸ਼੍ਰੀ ਪ੍ਰਕਾਸ਼ ਕੌਰ
ਪ੍ਰਕਾਸ਼ ਕੌਰ ਕਹਿੰਦੀ ਹੈ, ਜਦ ਵੀ ਉਨ੍ਹਾਂ ਕੋਲ ਕੋਈ ਨਵਜੰਮਿਆ ਬੇਸਹਾਰਾ ਬੱਚਾ ਪਹੁੰਚਦਾ ਹੈ ਤਾਂ ਮਨ ਬੇਹੱਦ ਪ੍ਰੇਸ਼ਾਨ ਹੁੰਦਾ ਹੈ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਪਰ ਇਸ ਦੇ ਨਾਲ ਹੀ ਇਹ ਤਸੱਲੀ ਵੀ ਹੁੰਦੀ ਹੈ ਕਿ ਬੱਚਾ ਸਹੀ ਜਗ੍ਹਾ ’ਤੇ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸੰਜੀਦਗੀ ਦਾ ਵਿਸ਼ਾ ਹੈ, ਸਾਡੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਸਬਕ ਸਿਖਾਉਣਾ ਸਮੇਂ ਦੀ ਲੋੜ ਹੈ।
ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ.....






