ਪਾਕਿਸਤਾਨ ਨੇ ਡੈਨਮਾਰਕ ਅਤੇ ਨੀਦਰਲੈਂਡਜ਼ ਵਿੱਚ ਵਾਪਰੀ ਕੁਰਾਨ ਦੀ ਬੇਅਦਬੀ ਦੀ ਇੱਕ ਹੋਰ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਨੂੰ ਵੱਧ ਰਹੀ ਨਫ਼ਰਤ ਅਤੇ 'ਇਸਲਾਮੋਫੋਬੀਆ' ਦਾ ਪ੍ਰਗਟਾਵਾ ਦੱਸਿਆ ਹੈ। ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...
ਪਾਕਿਸਤਾਨ ਦੀ 'ਮਿਨਿਸਟਰੀ ਔਫ ਫੌਰਨ ਅਫੇਅਰਜ਼' ਨੇ ਬਿਆਨ ਦਿੱਤਾ ਹੈ ਕਿ ਡੈਨਮਾਰਕ ਅਤੇ ਨੀਦਰਲੈਂਡਜ਼ ਵਿੱਚ ਹੋ ਰਹੀਆਂ ਅਜਿਹੀਆਂ ਕਾਰਵਾਈਆਂ ਦਾ ਵਾਰ-ਵਾਰ ਵਾਪਰਨਾ ਕਾਨੂੰਨੀ ਢਾਂਚੇ ਦੀ ਪ੍ਰਭਾਵਸ਼ੀਲਤਾ 'ਤੇ ਸਵਾਲ ਉਠਾਉਂਦਾ ਹੈ।
ਵਿਦੇਸ਼ ਦਫਤਰ ਦੀ ਬੁਲਾਰਾ ਮੁਮਤਾਜ਼ ਜ਼ਾਹਰਾ ਬਲੋਚ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ, "ਇਸ ਤਰ੍ਹਾਂ ਦੀਆਂ ਘਿਨਾਉਣੀਆਂ ਕਾਰਵਾਈਆਂ ਦਾ ਦੁਹਰਾਉਣਾ, ਮੁਸਲਮਾਨਾਂ ਅਤੇ ਉਨ੍ਹਾਂ ਦੇ ਵਿਸ਼ਵਾਸ ਦੇ ਵਿਰੁੱਧ ਵੱਧ ਰਹੀ ਨਫ਼ਰਤ, ਨਸਲਵਾਦ ਅਤੇ 'ਫੋਬੀਆ' ਦਾ ਇੱਕ ਪ੍ਰੇਸ਼ਾਨ ਕਰਨ ਵਾਲਾ ਮਸਲਾ ਹੈ।"
ਜ਼ਿਕਰਯੋਗ ਹੈ ਕਿ ਇੱਕ ਕੱਟੜਪੰਥੀ ਸਮੂਹ ਨੇ ਸ਼ੁੱਕਰਵਾਰ ਨੂੰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿੱਚ ਤੁਰਕੀ ਦੇ ਦੂਤਾਵਾਸ ਦੇ ਸਾਹਮਣੇ ਤੁਰਕੀ ਦਾ ਝੰਡਾ ਅਤੇ ਪਵਿੱਤਰ ਕੁਰਾਨ ਦੀ ਕਾਪੀ ਸਾੜ ਦਿੱਤੀ।
ਪਾਕਿਸਤਾਨ ਨੇ ਇਸ ਬੇਅਦਬੀ ਦੀ ਨਿੰਦਾ ਕੀਤੀ ਹੈ ਅਤੇ ਇਸਲਾਮੋਫੋਬੀਆ ਦੇ ਖਿਲਾਫ ਕਾਨੂੰਨੀ ਰੋਕਥਾਮ ਦੀ ਮੰਗ ਕੀਤੀ ਹੈ।





