20 ਸਾਲ ਦੀ ਉਮਰ ਵਿੱਚ ਬਾਦਲ ਪਿੰਡ ਦੇ ਸਰਪੰਚ, 30 ਸਾਲ ਦੀ ਉਮਰ ਵਿੱਚ ਵਿਧਾਇਕ ਅਤੇ 1970 ਵਿੱਚ 43 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਭਾਰਤ ਦੇ ਕਿਸੇ ਰਾਜ ਦੇ ਪਹਿਲੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਸਨ।
ਉਹਨਾਂ ਦਾ ਜਨਮ 8 ਦਸੰਬਰ 1927 ਵਿੱਚ ਬਠਿੰਡਾ ਜ਼ਿਲੇ ਦੇ ਪਿੰਡ ਅਬੁਲ ਖੁਰਾਣਾ ਵਿਖੇ ਹੋਇਆ ਸੀ। 1947 ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਉਹਨਾਂ ਦੀ ਉਮਰ ਮਹਿਜ਼ 20 ਕੁ ਸਾਲ ਦੀ ਸੀ। ਆਪਣੇ ਜੱਦੀ ਪਿੰਡ ਦੇ ਸਰਪੰਚ ਚੁਣੇ ਜਾਣ ਤੋਂ ਪ੍ਰਕਾਸ਼ ਸਿੰਘ ਬਾਦਲ ਦਾ ਰਾਜਨੀਤਿਕ ਸਫ਼ਰ ਸ਼ੁਰੂ ਹੋਇਆ ਸੀ।
ਉਹ ਸ਼੍ਰੋਮਣੀ ਅਕਾਲੀ ਦਲ ਦੇ 1995 ਤੋਂ 31 ਜਨਵਰੀ 2008 ਤੱਕ ਪ੍ਰਧਾਨ ਰਹੇ। ਇੱਕ ਸਿੱਖ ਭਾਈਚਾਰੇ ਨੂੰ ਸਮਰਪਿਤ ਰਾਜਨੀਤਿਕ ਦਲ ਦੇ ਸਰਪ੍ਰਸਤ ਹੋਣ ਦੇ ਨਾਲ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਵੀ ਖ਼ਾਸ ਪ੍ਰਭਾਵ ਰਿਹਾ ਹੈ।
ਰਾਜਨੀਤਿਕ ਪੀੜ੍ਹੀ ਦੇ ਉਹ ਆਖ਼ਰੀ ਅਜਿਹੇ ਮੈਂਬਰ ਸਨ ਜਿੰਨ੍ਹਾਂ ਆਜ਼ਾਦੀ ਦਾ ਸਮਾਂ ਹੰਡਾਇਆ ਅਤੇ ਨਾਲ ਹੀ ਐਮਰਜੈਂਸੀ ਵਰਗੇ ਹਾਲਾਤਾਂ ਦਾ ਵੀ ਸਾਮਣਾ ਕੀਤਾ। ਐਮਰਜੈਂਸੀ ਸਮੇਂ ਉਹ ਕਈ ਵਾਰ ਜੇਲ ਵੀ ਗਏ ਸਨ।

ਰਾਜਨੀਤੀ ਵਿੱਚ ਵੱਡਾ ਕੱਦ ਰੱਖਣ ਵਾਲੇ ਪ੍ਰਕਾਸ਼ ਸਿੰਘ ਬਾਦਲ ਕਈ ਵਿਵਾਦਾਂ ਨਾਲ ਵੀ ਜੁੜੇ ਰਹੇ ਜਿਸ ਵਿੱਚੋਂ ਮੌਜੂਦਾ ਸਮੇਂ ਵਿੱਚ ਸਭ ਤੋਂ ਚਰਚਿਤ 2015 ਵਿੱਚ ਕੋਟਕਪੂਰਾ ਵਿੱਚ ਬੇਅਦਬੀ ਮਾਮਲਿਆਂ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਕੀਤੀ ਗਈ ਫਾਇਰਿੰਗ ਦਾ ਮਾਮਲਾ ਸੀ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ।
ਉਹ 11 ਵਾਰ ਵਿਧਾਇਕ, 1 ਵਾਰ ਕੇਂਦਰੀ ਮੰਤਰੀ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ। 2012 ਤੋਂ 2017 ਦੇ ਕਾਰਜਕਾਲ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਭਾਰਤ ਦੇ ਕਿਸੇ ਰਾਜ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਰਹੇ ਸਨ।
ਰਾਜਨੀਤੀ ਵਿੱਚ ਇੰਨ੍ਹਾਂ ਲੰਬਾ ਸਮ੍ਹਾਂ ਹੰਡਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਮੰਗਲਵਾਰ ਦੇਰ ਸ਼ਾਮ 25 ਅਪ੍ਰੈਲ ਨੂੰ ਉਹਨਾਂ ਦਾ ਦੇਹਾਂਤ ਹੋ ਗਿਆ।
ਉਹਨਾਂ ਦਾ ਅੰਤਿਮ ਸੰਸਕਾਰ 27 ਅਪ੍ਰੈਲ ਦੁਪਹਿਰ 1 ਵਜੇ ਪਿੰਡ ਬਾਦਲ ਵਿੱਚ ਕੀਤਾ ਜਾਵੇਗਾ।
ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ...




