ਤਕਰੀਬਨ ਛੇ ਮਹੀਨੇ ਪਹਿਲਾਂ ਪਰਥ ਦਾ ਰਹਿਣ ਵਾਲਾ ਇਹ ਹੱਟਾ-ਕੱਟਾ ਛੇ ਫੁੱਟ ਅੱਸੀ ਕਿੱਲੋ ਦਾ ਜਵਾਨ ਪ੍ਰੇਮਜੋਤ ਅਚਾਨਕ ਕੈਂਸਰ ਦੀ ਮਾਰ ਹੇਠ ਆ ਗਿਆ ਸੀ।
ਪਰਥ ਰਹਿਣ ਵਾਲੇ ਇਸ ਦੇ ਦੋਸਤਾਂ ਮਿਤਰਾਂ ਨੇ ਇਸ ਔਖੇ ਸਮੇਂ ਵਿੱਚ ਹਰ ਕਿਸਮ ਦੀ ਵਾਹ ਲਾਈ ਅਤੇ ਪ੍ਰੇਮਜੋਤ ਦਾ ਇਲਾਜ ਕਰਵਾਉਣ ਵਿੱਚ ਕੋਈ ਵੀ ਕਸਰ ਨਹੀਂ ਸੀ ਰਹਿਣ ਦਿੱਤੀ।
ਇਸੇ ਸਬੰਧ ਵਿੱਚ ਭਾਈਚਾਰੇ ਨੂੰ ਵੀ ਮਦਦ ਲਈ ਇੱਕ ਅਪੀਲ ਕੀਤੀ ਗਈ ਸੀ, ਜਿਸ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਬਹੁਤ ਥੋੜੇ ਸਮੇਂ ਵਿੱਚ ਹੀ ਪ੍ਰੇਮਜੋਤ ਦੇ ਇਲਾਜ ਦੇ ਖਰਚੇ ਵਾਸਤੇ ਤਕਰੀਬਨ $170,000 ਡਾਲਰ ਇਕੱਠੇ ਹੋ ਗਏ ਸਨ। ਪਰੇਮਜੋਤ ਦੀ ਹੈੱਲਥ ਇੰਸ਼ੋਰੈਂਸ਼ ਨਾਲ ਇਲਾਜ ਦਾ ਬਹੁਤ ਸਾਰਾ ਖਰਚਾ ਤਾਂ ਉਸ ਵਿੱਚੋਂ ਹੀ ਹੁੰਦਾ ਰਿਹਾ, ਪਰ ਬਾਕੀ ਦੇ ਰਹਿਣ ਸਹਿਣ ਨਾਲ ਜੁੜੇ ਸਾਰੇ ਖਰਚੇ ਉਸ ਦੇ ਦੋਸਤਾਂ ਨੇ ਮਿਲ ਕੇ ਕੀਤੇ।
ਇਸੇ ਸਾਲ ਫਰਵਰੀ ਵਿੱਚ ਪ੍ਰੇਮਜੋਤ ਦੇ ਕਰੀਬੀ ਦੋਸਤ ਜਗਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਉਸ ਦੀ ਸਿਹਤ, ਇਲਾਜ ਅਤੇ ਭਾਈਚਾਰਕ ਮਦਦ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਦਾ ਸਰੋਤਿਆਂ ਵਲੋਂ ਬਹੁਤ ਸਵਾਗਤ ਕੀਤਾ ਗਿਆ ਸੀ।
ਬੇਸ਼ਕ ਪਿਛਲੇ ਛੇ ਮਹੀਨਿਆਂ ਦੌਰਾਨ, ਪਰੇਮਜੋਤ ਦੀ ਸਿਹਤ ਵਿੱਚ ਇਲਾਜ ਅਤੇ ਦੇਖਭਾਲ ਨਾਲ ਚੰਗਾ ਖਾਸਾ ਸੁਧਾਰ ਦੇਖਣ ਨੂੰ ਮਿਲ ਰਿਹਾ ਸੀ, ਪਰ ਹਾਲ ਵਿੱਚ ਹੀ ਇਸ ਦੀ ਸਿਹਤ ਨੇ ਇੱਕ ਨਵਾਂ ਮੋੜ ਲਿਆ ਹੈ।

Once had sporty build Source: Jagjeet
ਜਗਜੀਤ ਸਿੰਘ ਨੇ ਹਾਲ ਵਿੱਚ ਹੀ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਕਿ, ‘ਪਰੇਮਜੋਤ ਦੇ ਇਲਾਜ ਦਾ ਅਗਲਾ ਪੜਾਅ ਸੀ ਬੋਨ-ਮੈਰੋ ਟਰੀਟਮੈਂਟ। ਪਰ ਉਸ ਤੋਂ ਪਹਿਲਾਂ ਇੱਕ ਬਾਈ-ਓਪਸੀ ਟੈਸਟ ਕਰਵਾਉਣਾ ਜਰੂਰੀ ਸੀ। ਇਸ ਟੈਸਟ ਦੇ ਨਤੀਜੇ ਕੁੱਝ ਚੰਗੇ ਨਹੀਂ ਆਏ। ਪਰੇਮਜੋਤ ਦੇ ਖੂਨ ਵਿੱਚ ਇੰਨਫੈਕਸ਼ਨ ਬਹੁਤ ਜਿਆਦਾ ਪਾਈ ਗਈ ਹੈ। ਆਮ ਇਨਸਾਨ ਦੇ ਖੂਨ ਵਿੱਚ ਜਿੱਥੇ ਇਹ ਇਨਫੈਕਸ਼ਨ 5% ਤੋਂ ਘੱਟ ਹੋਣੀ ਚਾਹੀਦੀ ਹੈ, ਉੱਥੇ ਇਹ ਪਰੇਮਜੋਤ ਦੇ ਖੂਨ ਵਿੱਚ 60-70% ਤੱਕ ਪਾਈ ਗਈ ਹੈ। ਇਸੇ ਕਰਕੇ ਡਾਕਟਰਾਂ ਨੇ ਕਿਹਾ ਹੈ ਕਿ ਹੁਣ ਬੋਨ-ਮੈਰੋ ਵਾਲਾ ਇਲਾਜ ਕਰਨਾਂ ਅਸੰਭਵ ਹੈ’।
ਇਸ ਦੇ ਮੱਦੇ ਨਜ਼ਰ, ਪਰਥ ਹਸਪਤਾਲ ਦੇ ਡਾਕਟਰਾਂ ਨੇ ਪਰੇਮਜੋਤ ਅਤੇ ਉਸ ਦੇ ਦੋਸਤਾਂ, ਰਿਸ਼ਤੇਦਾਰਾਂ ਨੂੰ ਬੁਲਾ ਕਿ ਦੱਸਿਆ ਕਿ ਇਸ ਹਾਲਤ ਵਿੱਚ ਪਰੇਮਜੋਤ ਦਾ ਹੋਰ ਇਲਾਜ ਇੱਥੇ ਨਹੀਂ ਕੀਤਾ ਜਾ ਸਕਦਾ ਅਤੇ ਇਸ ਵਾਸਤੇ ਚੰਗਾ ਹੋਵੇਗਾ ਕਿ ਉਹ ਆਪਣਾ ਰਹਿੰਦਾ ਸਮਾਂ ਆਪਣੇ ਪਰਿਵਾਰ ਨਾਲ ਆਪਣੇ ਮੁਲਕ ਵਿੱਚ ਜਾ ਕੇ ਬਿਤਾਵੇ।
ਜਗਜੀਤ ਨੇ ਦੱਸਿਆ ਕਿ, ‘ਡਾਕਟਰਾਂ ਦੀ ਸਲਾਹ ਤੇ ਅਮਲ ਕਰਦੇ ਹੋਏ ਅਤੇ ਪਰੇਮਜੋਤ ਦੇ ਭਾਰਤ ਵਿੱਚ ਰਹਿੰਦੇ ਪਰਿਵਾਰ ਨਾਲ ਵੀਚਾਰਾਂ ਕਰਨ ਤੋਂ ਬਾਅਦ, ਪਰੇਮਜੋਤ ਨੂੰ ਉਸ ਦੀ ਰਜਾਮੰਦੀ ਨਾਲ ਬਿਜ਼ਨਸ ਕਲਾਸ ਵਿੱਚ ਭਾਰਤ ਉਸ ਦੇ ਪਰਿਵਾਰ ਕੋਲ ਭੇਜ ਦਿੱਤਾ ਗਿਆ ਹੈ ਜਿੱਥੇ ਇੱਕ ਚੋਟੀ ਦੇ ਹਸਪਤਾਲ ਨੇ ਉਸ ਦੇ ਅਗਲੇ ਇਲਾਜ ਲਈ ਰਜਾਮੰਦੀ ਪ੍ਰਗਟ ਕੀਤੀ ਹੈ’।

Leaving for India Source: Jagjeet
ਜਗਜੀਤ ਨੇ ਇਹ ਵੀ ਦੱਸਿਆ ਕਿ, ‘ਬੇਸ਼ਕ ਪਰੇਮਜੋਤ ਨੂੰ ਆਪਣੀ ਮੌਜੂਦਾ ਸਿਹਤ ਬਾਰੇ ਪੂਰਾ ਗਿਆਨ ਹੈ ਪਰ ਫੇਰ ਵੀ ਉਹ ਇਸ ਸਮੇਂ ਪੂਰੀ ਚੜ੍ਹਦੀ ਕਲਾ ਵਿੱਚ ਹੈ ਅਤੇ ਆਪਣੇ ਭਾਰਤ ਵਿੱਚ ਹੋਣ ਵਾਲੇ ਅਗਲੇ ਇਲਾਜ ਵਾਸਤੇ ਕਾਫੀ ਉਤਸ਼ਾਹਿਤ ਹੈ’।
ਜਗਜੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਦੇ ਜਰੀਏ ਸਾਰੇ ਹੀ ਪੰਜਾਬੀ / ਭਾਰਤੀ ਭਾਈਚਾਰੇ ਦਾ ਪਰੇਮਜੋਤ ਦੀ ਭਰਪੂਰ ਮਦਦ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ, ‘ਬੇਸ਼ਕ ਪਰੇਮਜੋਤ ਨੂੰ ਆਸਟ੍ਰੁਲੀਆ ਛੱਡ ਕੇ ਭਾਰਤ ਜਾਣਾ ਪਿਆ ਹੈ ਪਰ ਫੇਰ ਵੀ ਉਸ ਦੇ ਇਲਾਜ ਵਿੱਚ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਜਿਹੜੀ ਮਾਇਕ ਮਦਦ ਸੰਸਾਰ ਭਰ ਤੋਂ ਪਰੇਮਜੋਤ ਦੇ ਇਲਾਜ ਵਾਸਤੇ ਇਕੱਠੀ ਹੋਈ ਸੀ ਉਸ ਦਾ ਪੂਰਾ ਪੂਰਾ ਹਿਸਾਬ ਉਹਨਾਂ ਕੋਲ ਮੌਜੂਦ ਹੈ ਅਤੇ ਬਾਕੀ ਦੇ ਰਹਿੰਦੇ ਹੋਏ ਪੈਸੇ ਵੀ ਪਰੇਮਜੋਤ ਦੇ ਅਗਲੇ ਇਲਾਜ ਉੱਤੇ ਹੀ ਖਰਚੇ ਜਾਣਗੇ’।

Farewell by friends in Perth Source: Jagjeet