ਰਾਇਲ ਮੈਲਬੌਰਨ ਹਸਪਤਾਲ ਦਾਹੜੀ ਰੱਖਣ ਵਾਲੇ ਸਿਹਤ ਕਰਮਚਾਰੀਆਂ ਲਈ ਇੱਕ ਢੁੱਕਵੀਂ ਮਾਸਕ ਫਿਟਿੰਗ ਤਕਨੀਕ ਦਾ ਸਥਾਈ ਹੱਲ ਲੱਭਣ ਲਈ ਇੱਕ ਕਲੀਨਿਕਲ ਅਜ਼ਮਾਇਸ਼ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਕਲੀਨਿਕਲ ਟ੍ਰਾਇਲ ਦੇ ਨਤੀਜਿਆਂ ਨੂੰ ਪਹਿਲਾਂ ਵਰਕਸੇਫ ਵਿਕਟੋਰੀਆ ਦੁਆਰਾ ਮਨਜ਼ੂਰੀ ਦੀ ਲੋੜ ਹੋਵੇਗੀ।
ਹਸਪਤਾਲਾਂ ਅਤੇ ਸਿਹਤ ਅਦਾਰਿਆਂ ਵਿੱਚ ਅਕਸਰ ਕਾਮਿਆਂ ਨੂੰ 'ਕਲੀਨ ਸ਼ੇਵ' ਹੋਣ ਲਈ ਆਖਿਆ ਜਾਂਦਾ ਹੈ ਤਾਂ ਜੋ ਸਹੀ ਢੰਗ ਨਾਲ ਐਨ-95 ਵਰਗੇ ਮਾਸਕ ਮੂੰਹ 'ਤੇ ਫਿੱਟ ਬੈਠ ਸਕਣ, ਪਰ ਧਾਰਮਿਕ ਕਾਰਨਾਂ ਕਰਕੇ ਉਹ ਲੋਕ ਜੋ ਵਾਲ ਨਹੀਂ ਕਟਵਾ ਸਕਦੇ, ਉਨ੍ਹਾਂ ਲਈ ਇਹ ਨਿਯਮ ਵੱਡੀ ਪ੍ਰੇਸ਼ਾਨੀ ਬਣਿਆ ਹੋਇਆ ਹੈ।
ਆਪਣੇ ਧਾਰਮਿਕ ਵਿਸ਼ਵਾਸ ਅਤੇ ਕੰਮ ਵਾਲੀ ਥਾਂ ਦੀਆਂ ਲੋੜਾਂ ਵਿੱਚਕਾਰ ਫਸੇ ਬਹੁਤ ਸਾਰੇ ਸਿੱਖ ਹੈਲਥਕੇਅਰ ਵਰਕਰ ਅਤੇ ਵਿਕਟੋਰੀਅਨ ਹਸਪਤਾਲਾਂ ਦੇ ਵਿਦਿਆਰਥੀ, ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ਆਪਣੇ ਕਲੀਨਿਕਲ ਕੰਮ ਤੇ ਪਲੇਸਮੈਂਟਾਂ ਲਾਉਣ ਵਿੱਚ ਅਸਮਰੱਥ ਰਹੇ ਹਨ।
ਮੈਲਬੋਰਨ ਵਿੱਚ ਦਾੜ੍ਹੀ ਰੱਖਣ ਵਾਲਾ ਇੱਕ ਕੇਸਧਾਰੀ ਸਿੱਖ ਮੈਡੀਕਲ ਸਟੂਡੈਂਟ (ਸ਼੍ਰੀ ਸਿੰਘ*) ਅਜਿਹੀ ਦੁਵਿਧਾ ਵਿੱਚ ਫੱਸ ਗਿਆ ਹੈ ਜਿਸ ਕਰਕੇ ਉਸਨੂੰ ਆਪਣੀ ਪੜਾਈ ਰੋਕਣੀ ਪਈ ਸੀ।
ਆਸਟ੍ਰੇਲੀਆ ਭਰ ਦੇ ਹੋਰ ਸਿੱਖ ਸਿਹਤ ਪੇਸ਼ੇਵਰਾਂ ਅਤੇ ਨਰਸਿੰਗ ਵਿਦਿਆਰਥੀਆਂ ਵਾਂਗ, ਉਸਨੂੰ ਮਾਸਕ ਫਿੱਟ ਲੋੜਾਂ ਨੂੰ ਪੂਰਾ ਕਰਨ ਲਈ “ਕਲੀਨ ਸ਼ੇਵ” ਕਰਵਾਉਣ ਲਈ ਕਿਹਾ ਗਿਆ।
ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਉਸਨੇ ਦੱਸਿਆ ਕਿ ਉਸਨੂੰ ਸਪੱਸ਼ਟ ਨਹੀਂ ਕਿ ਭਵਿੱਖ ਵਿੱਚ ਕਦੋਂ ਤੋਂ ਉਹ ਦੁਬਾਰਾ ਆਪਣੀ ਪੜ੍ਹਾਈ ਸ਼ੁਰੂ ਕਰ ਸਕੇਗਾ।

A representative image of a Sikh health professional wearing face mask using an elastic band. Source: Supplied by SGP
ਸਿੰਘ ਦਾ ਕਹਿਣਾ ਹੈ ਕਿ ਉਸਨੇ ਓਮਬਡਜ਼ਮੈਨ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਉਸਨੂੰ ਅੱਗੋਂ ਇਹ ਜਵਾਬ ਮਿਲਿਆ ਕਿ ਇਹ ਮਾਮਲਾ ਸਿਹਤ ਵਿਭਾਗ ਦਾ ਨਹੀਂ ਬਲਕਿ ਉਸਦੀ ਆਪਣੀ ਸੰਸਥਾ ਦਾ ਹੈ।
ਸਿੰਘ ਦਾ ਮੰਨਣਾ ਹੈ ਕਿ ਜੇਕਰ ਫਿੱਟ ਟੈਸਟਿੰਗ ਲੰਬੇ ਸਮੇਂ ਤੱਕ ਬਿਨ੍ਹਾਂ ਕਿਸੇ ਸੋਧ ਦੇ ਇੰਝ ਹੀ ਜਾਰੀ ਰਹੇਗੀ ਤਾਂ ਉਹ ਅਤੇ ਉਨ੍ਹਾਂ ਵਰਗੇ ਹੈਲਥਕੇਅਰ ਵਰਕਰਜ਼ ਹਸਪਤਾਲਾਂ ਵਿੱਚ ਕੰਮ ਕਰਨ ਦੇ ਯੋਗ ਨਹੀਂ ਰਹਿਣਗੇ।
ਦੱਸਣਯੋਗ ਹੈ ਕਿ ਨਿਊ ਸਾਊਥ ਵੇਲਜ਼, ਪੱਛਮੀ ਆਸਟ੍ਰੇਲੀਆ ਅਤੇ ਦੱਖਣੀ ਆਸਟ੍ਰੇਲੀਆ ਵਿੱਚ 'ਸਿੰਘ ਠੱਠਾ ਤਕਨੀਕ' ਨੂੰ ਅਸਥਾਈ ਤੌਰ 'ਤੇ ਕੁਝ ਹੱਦ ਤੱਕ ਹਰੀ ਝੰਡੀ ਮਿਲ ਚੁੱਕੀ ਹੈ, ਜਿਸ ਵਿੱਚ ਰੈਸਪੀਰੇਟਰੀ ਮਾਸਕ ਪਾਉਣ ਲਈ ਦਾੜ੍ਹੀ ਨੂੰ ਢੱਕਣ ਵਾਲਾ ਅੰਡਰ-ਮਾਸਕ ਇਲਾਸਟਿਕ ਬੈਂਡ ਸ਼ਾਮਲ ਹੈ, ਪਰ ਵਿਕਟੋਰੀਆ ਵਿੱਚ ਇਹ ਲਾਗੂ ਨਹੀਂ ਹੋ ਪਾਇਆ।
ਕਲੀਨੀਕਲ ਟ੍ਰਾਇਲ/ਅਜ਼ਮਾਇਸ਼ ਦਾ ਹਿੱਸਾ ਬਨਣ ਦੀ ਅਪੀਲ
ਪ੍ਰਭਾਵਿਤ ਪੇਸ਼ੇਵਰ, ਵਿਦਿਆਰਥੀ ਅਤੇ ਸਿੱਖ ਜਥੇਬੰਦੀਆਂ ਪਿਛਲੇ ਕਾਫੀ ਸਮੇਂ ਤੋਂ ਆਸਟ੍ਰੇਲੀਆ ਭਰ ਵਿੱਚ ਇੱਕ ਸਾਂਝਾ ਹੱਲ ਲੱਭਣ ਦੀ ਕੋਸ਼ਿਸ਼ ਵਿੱਚ ਹਨ।
ਇਸ ਕੋਸ਼ਿਸ਼ ਤਹਿਤ ਰੋਇਲ ਮੈਲਬੌਰਨ ਹਸਪਤਾਲ ਵਿੱਚ 'ਸਿੰਘ ਠੱਠਾ' ਤਕਨੀਕ ਦੀ ਪ੍ਰਭਾਵਸ਼ੀਲਤਾ ਦੇਖਣ ਲਈ 12 ਮਹੀਨਿਆਂ ਦਾ ਟ੍ਰਾਇਲ ਚੱਲ ਰਿਹਾ ਹੈ।
ਹਾਲਾਂਕਿ ਕੋਈ ਵੀ ਵਿਕਲਪ ਪ੍ਰਦਾਨ ਕੀਤੇ ਜਾਣ ਤੋਂ ਪਹਿਲਾਂ ਨਤੀਜਿਆਂ ਨੂੰ ਵਰਕਸੇਫ ਵਿਕਟੋਰੀਆ ਦੁਆਰਾ ਮਨਜ਼ੂਰੀ ਮਿਲਣੀ ਜ਼ਰੂਰੀ ਹੈ।

Medical staff walk past the emergency entrance at the Royal Melbourne Hospital. Source: AFP
ਹਸਪਤਾਲ ਦੇ ਰੈਸਪੀਰੇਟਰੀ ਪ੍ਰੋਟੈਕਸ਼ਨ ਪ੍ਰੋਗਰਾਮ ਤੋਂ ਚਾਰਲਜ਼ ਬੋਡਾਸ ਨੇ ਐਸ.ਬੀ.ਐਸ. ਪੰਜਾਬੀ ਨੂੰ ਦੱਸਿਆ ਕਿ ਇਹ ਟ੍ਰਾਇਲ ਵਿਕਟੋਰੀਆ ਦੇ ਉਨ੍ਹਾਂ ਸਿਹਤ ਸੰਭਾਲ ਕਰਮਚਾਰੀਆਂ ਅਤੇ ਵਿਦਿਆਰਥੀਆਂ ਲਈ ਖੁੱਲ੍ਹੇ ਹਨ ਜੋ ਧਾਰਮਿਕ, ਸੱਭਿਆਚਾਰਕ ਜਾਂ ਡਾਕਟਰੀ ਕਾਰਨਾਂ ਕਰ ਕੇ ਸ਼ੇਵ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਸਾਹ ਦੀ ਸੁਰੱਖਿਆ ਜਾਂ ਸਰੋਤ ਨਿਯੰਤਰਣ ਲਈ ਐਨ-95/ਪੀ2 ਰੈਸਪੀਰੇਟਰ ਦੀ ਲੋੜ ਹੁੰਦੀ ਹੈ।
ਸ਼੍ਰੀ ਬੋਡਾਸ ਦਾ ਕਹਿਣਾ ਹੈ ਕਿ ਹੁਣ ਤੱਕ ਪ੍ਰੋਗਰਾਮ ਵਿੱਚ 21 ਭਾਗੀਦਾਰ ਹਨ, ਪਰ ਉਹ ਇਹ ਸੰਖਿਆ ਨੂੰ ਘੱਟੋ-ਘੱਟ ਦੁੱਗਣੀ ਹੁੰਦੀ ਦੇਖਣਾ ਚਾਹੁੰਦੇ ਹਨ, ਜਿਸ ਲਈ ਉਨ੍ਹਾਂ ਨੇ ਇਸ ਅਜ਼ਮਾਇਸ਼ ਦਾ ਹਿੱਸਾ ਬਨਣ ਲਈ ਦਾੜੀ ਵਾਲੇ ਸਿਹਤ ਕਰਮਚਾਰੀਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਆਸਟ੍ਰੇਲੀਆ-ਵਿਆਪੀ ਇਕਸਾਰ ਨੀਤੀ ਦੀ ਉਮੀਦ

Jang Singh Pannu is the secretary of Victorian Sikh Gurdwaras Council. Source: Supplied by Mr Pannu.
ਵਿਕਟੋਰੀਅਨ ਸਿੱਖ ਗੁਰੁਦਵਾਰਾ ਕਾਉਂਸਿਲ ਦੇ ਸਕੱਤਰ ਜੰਗ ਪੰਨੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਿਊ ਸਾਊਥ ਵੇਲਜ਼ ਦੀ ਤਕਨੀਕ ਨੂੰ ਵਿਕਟੋਰੀਆ ਵਿੱਚ ਵਰਤਣ ਦੀ ਇਜਾਜ਼ਤ ਦੇਣ ਦੇ ਵਿਚਾਰ ਨੂੰ ਉਠਾਉਂਦੇ ਹੋਏ ਪ੍ਰੀਮੀਅਰ ਨਾਲ ਮਾਮਲਾ ਉਠਾਉਣ ਦੀ ਕੋਸ਼ਿਸ਼ ਕੀਤੀ ਸੀ।
ਇਸ ਬਾਬਤ ਸਰਕਾਰ ਤੱਕ ਪਹੁੰਚ ਕਰਦੇ ਹੋਏ, ਉਨ੍ਹਾਂ ਵਲੋਂ ਫੈਡਰਲ ਮੰਤਰੀ ਰੋਜ਼ ਸਪੈਂਸ ਨੂੰ ਪੱਤਰ ਭੇਜਦੇ ਹੋਏ ਇਸ ਦਾ ਹੱਲ ਲੱਭਣ ਲਈ ਬੇਨਤੀ ਕੀਤੀ ਗਈ ਹੈ।
ਸ੍ਰੀ ਪੰਨੂ ਇਸਦੀ ਪੈਰਵੀ ਦੇ ਨਾਲ਼-ਨਾਲ ਲੋਕਾਂ ਨੂੰ ਇਸ ਟਰਾਇਲ ਲਈ ਅੱਗੇ ਆਉਣ ਦੀ ਅਪੀਲ ਵੀ ਕਰ ਰਹੇ ਹਨ।
ਇਸ ਬਾਰੇ ਵਿਸਥਾਰਿਤ ਜਾਣਕਾਰੀ ਹੇਠਾਂ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ: