ਹਾਲ ਵਿੱਚ ਹੀ ਆਸਟ੍ਰੇਲੀਅ ਦੇ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ (ਵੇਟ) ਸਿਸਟੲਮ ਨੂੰ ਘੁਟਾਲਿਆਂ ਅਤੇ ਧੋਖਾਧੜੀ ਦੇ ਅਜਿਹੇ ਦੋਸ਼ਾਂ ਦਾ ਸਾਹਮਣਾ ਕਰਨ ਪਿਆ, ਜਿਸ ਦੁਆਰਾ ਕਈ ਅਜਿਹੇ ਜਾਲੀ ਕਾਲਜਾਂ ਦਾ ਪਰਦਾ ਫਾਸ਼ ਹੋਇਆ ਹੈ ਜੋ ਕਿ ਵਿਦੇਸ਼ੀ ਵਿਦਿਆਰਥੀਆਂ ਦਾ ਸ਼ੋਸ਼ਣ ਕਰ ਰਹੇ ਸਨ।
ਉਦਾਹਰਣ ਦੇ ਤੌਰ ਤੇ ਬਲਜੀਤ ‘ਬੌਬੀ’ ਸਿੰਘ ਦਾ ਨਾਮ ਲਿਆ ਜਾ ਸਕਦਾ ਹੈ ਜਿਸ ਨੂੰ ਸਾਲ 2018 ਵਿੱਚ ਛੇ ਸਾਲ ਦੀ ਸਜਾ ਇਸ ਕਰਕੇ ਦਿੱਤੀ ਗਈ, ਕਿਉਂਕਿ ਇਸ ਨੇ ਵੋਕੇਸ਼ਨਲ ਟ੍ਰੇਨਿੰਗ ਕਾਲਜ ਦੇ ਨਾਮ ਹੇਠ 2 ਮਿਲਿਅਨ ਡਾਲਰਾਂ ਦੀ ਧੋਖਾਧੜੀ ਕੀਤੀ ਸੀ।
ਸ਼੍ਰੀ ਸਿੰਘ ਤੇ ਇਲਜਾਮ ਸੀ ਕਿ ਇਸ ਨੇ ਸੇਂਟ ਸਟੀਫਨ ਇੰਸਟੀਚਿਊਟ ਆਫ ਟੈਕਨੋਲੋਜੀ ਨਾਮਕ ਅਦਾਰੇ ਦੀ ਮੈਲਬਰਨ ਵਿੱਚ ‘ਫਰਜ਼ੀ’ ਸਥਾਪਨਾ ਕੀਤੀ ਹੋਈ ਸੀ, ਜਿਸ ਵਿੱਚ ਵਿਕਟੋਰੀਅਨ ਸਰਕਾਰ ਕੋਲੋਂ ਸੈਂਕੜੇ ਵਿਦਿਆਰਥੀਆਂ ਲਈ ਫੰਡਿੰਗ ਹਾਸਲ ਕੀਤੀ ਜਾ ਰਹੀ ਸੀ। ਪਰ ਅਸਲ ਵਿੱਚ ਇਹਨਾਂ ਵਿਦਿਆਰਥੀਆਂ ਨੂੰ ਕੋਈ ਟ੍ਰੇਨਿੰਗ ਦਿੱਤੀ ਹੀ ਨਹੀਂ ਸੀ ਗਈ ਅਤੇ ਕਈ ਵਿਦਿਆਰਥੀਆਂ ਨੂੰ ਤਾਂ ਅਸਲ ਵਿੱਚ ਦਾਖਲ ਵੀ ਨਹੀਂ ਸੀ ਕੀਤਾ ਹੋਇਆ।
ਜਦੋਂ ਇਸ ਘੁਟਾਲੇ ਦਾ ਪਰਦਾ ਫਾਸ਼ ਹੋਇਆ ਤਾਂ ਕਿੱਟੂ ਰੰਧਾਵਾ ਦੀ ਸੰਸਥਾ ‘ਇੰਡੀਅਨ ਸਬਕੋਨਟੀਨੈਂਟ ਕਰਾਈਸਿਸ ਐਂਡ ਸੁਪੋਰਟ ਅਜੈਂਸੀ’ ਨੇ ਤਕਰੀਬਨ 200 ਵਿਦਿਆਰਥੀਆਂ ਦੀ ਮਦਦ ਕੀਤੀ ਸੀ।
ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਨੀਤੀਆਂ ਵਿਦੇਸ਼ੀ ਵਿਦਿਆਰਥੀਆਂ ਦੇ ਹੱਕ ਵਿੱਚ ਨਹੀਂ ਹਨ।
ਚੰਡੀਗੜ ਵਿੱਚ ਸਥਾਪਤ ਸਿਖਿਅਕ ਅਦਾਰੇ ਦੇ ਏਜੈਂਟ ਅਵਤਾਰ ਗਿੱਲ ਦਾ ਵੀ ਮੰਨਣਾ ਹੈ ਆਸਟ੍ਰੇਲੀਆ ਵਿੱਚ ਚਲ ਰਹੇ ਫਰਜ਼ੀ ਕਾਲਜਾਂ ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਦਾ ਸ਼ੋਸ਼ਣ ਹੋ ਰਿਹਾ ਹੈ।
‘ਬੌਬੀ ਸਿੰਘ ਵਾਲੇ ਕੇਸ ਦੌਰਾਨ ਪ੍ਰਭਾਵਤ ਹੋਏ ਜ਼ਿਆਦਾਤਰ ਵਿਦਿਆਰਥੀ ਭਾਰਤ ਤੋਂ ਸਨ ਅਤੇ ਬਹੁਤਾਤ ਤਾਂ ਪੰਜਾਬੀਆਂ ਦੀ ਹੀ ਸੀ’, ਕਿਹਾ ਸ੍ਰੀ ਗਿੱਲ ਨੇ।
ਇਹਨਾਂ ਧੋਖਾਧੜੀਆਂ ਤੋਂ ਬਾਅਦ ਹੁਣ ਸਰਕਾਰ ਨੇ ਕੁੱਝ ਸੁਧਾਰ ਅਮਲ ਵਿੱਚ ਲਿਆਉਂਦੇ ਹਨ। ਵੀ ਈ ਟੀ ਸਟੇਕਹੋਲਡਰ ਕਮੇਟੀ ਇਹ ਯਕੀਨੀ ਬਣਾਏਗੀ ਕਿ 585 ਮਿਲਿਅਨ ਵਾਲੇ ਇਸ ‘ਸਕਿਲਸ ਪੈਕੇਜ’ ਦੀ ਸਥਾਪਨਾ ਨਾਲ ਵਿਦਿਆਰਥੀਆਂ ਅਤੇ ਸਾਰੇ ਹੀ ਹਿੱਸੇਦਾਰਾਂ ਦੇ ਹੱਕਾਂ ਦੀ ਰਾਖੀ ਹੋ ਸਕੇ।
ਇਸ ਨੀਤੀ ਦੀ ਰਾਖੀ ਲਈ ‘ਆਸਟ੍ਰੇਲੀਅਨ ਸਕਿਲਸ ਕੂਆਲਟੀ ਅਥਾਰਟੀ’ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਨਿਗਰਾਨ ਸੰਸਥਾ ਵਲੋਂ ਅਜਿਹੀ ਜਾਣਕਾਰੀ ਨੂੰ ਵਰਤਿਆ ਜਾਂਦਾ ਹੈ ਜੋ ਵਿਦਿਆਰਥੀਆਂ, ਦੇ ਨਾਲ ਨਾਲ ਸਰਕਾਰੀ ਅਜੈਂਸੀਆਂ ਵਲੋਂ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਸੰਸਥਾ ਵਲੋਂ ਸਾਰੇ ਹੀ ਉਹਨਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਅੱਗੇ ਆਉਣ ਲਈ ਕਿਹਾ ਹੈ ਜੋ ਸਮਝਦੇ ਹਨ ਕਿ ਉਹਨਾਂ ਨਾਲ ਧੱਕਾ ਹੋਇਆ ਹੈ।
ਪਰ ਸ਼੍ਰੀ ਗਿੱਲ ਸਮਝਦੇ ਹਨ ਕਿ ਇਹਨਾਂ ਧੱਕਿਆਂ ਦੀ ਸ਼ੁਰੂਆਤ ਨਿਜੀਕਰਨ ਨੂੰ ਵਧਾਉਣ ਨਾਲ ਹੋਈ ਹੈ।
‘ਮੇਰੇ ਹਿਸਾਬ ਨਾਲ ਵੀ ਈ ਟੀ ਵਿੱਚ ਨਿਜੀਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਸਰਕਾਰ ਵਲੋਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਹੱਕਾਂ ਦੀ ਰਾਖੀ ਚੰਗੀ ਤਰਾਂ ਨਾਲ ਹੋਵੇ, ਸਮੇਂ ਸਮੇਂ ਤੇ ਛਾਪੇ ਮਾਰੇ ਜਾਣ ਤਾਂ ਕਿ ਕਾਲਜਾਂ ਦੇ ਫਰਜ਼ੀ ਕੰਮ ਰੋਕੇ ਜਾ ਸਕਣ’।
ਉੁਹਨਾਂ ਇਹ ਵੀ ਕਿਹਾ ਕਿ, ‘ਨਹੀਂ ਤਾਂ ਸ਼੍ਰੀ ਸਿੰਘ ਵਰਗੇ ਕਈ ਹੋਰ ਵੀ ਵਿਦਿਆਰਥੀਆਂ ਨਾਲ ਧੋਖਾ ਕਰਦੇ ਰਹਿਣਗੇ’।