ਪੰਜਾਬ ਦੇ ਖੰਨੇ ਲਾਗਲੇ ਇੱਕ ਛੋਟੇ ਜਿਹੇ ਪਿੰਡ ਦੇ ਪਿਛੋਕੜ ਵਾਲ਼ੇ ਜ਼ੋਰਾਵਰ ਸਿੰਘ ਉਰਫ ਨੂਰ ਜ਼ੋਰਾ ਨੂੰ ਬਚਪਨ ਤੋਂ ਹੀ ਗਿੱਧੇ ਦਾ ਸ਼ੌਕ ਸੀ।
ਪਰ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਸਦਾ ਇਹ ਸ਼ੌਕ ਉਸਨੂੰ ਨਾ ਸਿਰਫ ਰੋਜ਼ਗਾਰ ਬਲਕਿ ਦੇਸ਼-ਵਿਦੇਸ਼ ਵਿੱਚ ਪ੍ਰਸਿੱਧੀ ਦਿਵਾਏਗਾ।
"ਗਿੱਧਾ ਮੈਂ ਵਿੱਚ ਤੇ ਮੈਂ ਗਿੱਧੇ ਵਿੱਚ ਪੂਰੀ ਤਰਾਂਹ ਰਚਿਆ ਹੋਇਆ ਹਾਂ। ਇਹ ਮੇਰਾ ਸ਼ੌਕ ਤੇ ਸਮਰਪਣ ਹੈ ਕਿ ਮੈਂ ਆਪਣੀ ਤਮਾਮ ਉਮਰ ਇਸ ਲੋਕ ਨਾਚ ਦੇ ਲੇਖੇ ਲਾਉਣੀ ਚਾਹੁੰਦਾ ਹਾਂ," ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਆਖਿਆ।

ਨੂਰ ਜ਼ੋਰਾ ਨੇ ਦੱਸਿਆ ਕਿ ਛੋਟੀ ਉਮਰੇ ਉਸ ਦੀਆਂ ਭੈਣਾਂ ਜਦ ਵੀ ਉਸਨੂੰ ਕਿਸੇ ਵਿਆਹ-ਸ਼ਾਦੀ, ਜਾਗੋ ਜਾਂ ਇਹੋ-ਜਿਹੇ ਕਿਸੇ ਹੋਰ ਫੰਕਸ਼ਨ 'ਤੇ ਲੈਕੇ ਜਾਂਦੀਆਂ ਤਾਂ ਉਸ ਨੂੰ ਕੁੜੀਆਂ ਵਾਲੇ ਕਪੜੇ ਪਹਿਨਾ ਦਿੰਦੀਆਂ - ਉਸਦੇ ਗੁੱਤਾਂ ਕਰਦੀਆਂ ਤੇ ਉਸਦਾ ਕੁੜੀਆਂ ਵਾਂਗ ਚਾਅ ਕਰਦੀਆਂ।
ਨੂਰ ਜ਼ੋਰਾ ਦਾ ਬਚਪਨ ਵਿਚਲਾ ਇਹ ਸ਼ੌਕ ਉਸਦੇ ਰੁਜ਼ਗਾਰ ਵਿੱਚ ਤਬਦੀਲ ਹੁੰਦਿਆਂ ਜ਼ਿਆਦਾ ਵਕ਼ਤ ਨਹੀਂ ਲੱਗਿਆ।
ਉਸਨੇ ਨੇੜਲੇ ਸਕੂਲਾਂ-ਕਾਲਜਾਂ ਵਿੱਚ ਗਿੱਧੇ ਦੇ ਕੋਚ ਵਜੋਂ ਸੇਵਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਸ਼ੁਰੂਆਤੀ ਦੌਰ ਵਿੱਚ ਨੂਰ ਜ਼ੋਰਾ ਦੇ ਪਰਿਵਾਰ ਵਿੱਚ ਉਸਦੀ ਕਲਾ ਨੂੰ ਰੁਜ਼ਗਾਰ ਵਜੋਂ ਅਪਨਾਉਣ ਵਿੱਚ ਹਿਚਕਿਚਾਹਟ ਸੀ।
ਉਸਨੂੰ ਇਸ ਗੱਲ ਦਾ ਮਲਾਲ ਹੈ ਕਿ ਪੰਜਾਬੀ ਸਮਾਜ ਵਿੱਚ ਕਿਸੇ ਮਰਦ ਦਾ ਗਿੱਧੇ ਵਾਲ਼ੇ ਕਪੜੇ ਪਾਉਣਾ ਜਾਂ ਔਰਤਾਂ ਵਾਂਗ ਨੱਚਣਾ ਕਿਓਂ ਪ੍ਰਵਾਨ ਨਹੀਂ, ਪਰ ਇਸ ਗੱਲ ਦੇ ਬਾਵਜੂਦ ਉਸਨੇ ਆਪਣੇ ਗਿੱਧੇ ਪ੍ਰਤੀ ਪ੍ਰੇਮ ਨੂੰ ਕਦੇ ਵੀ ਫਿੱਕਾ ਨਹੀਂ ਪੈਣ ਦਿੱਤਾ।
ਨੂਰ ਜ਼ੋਰਾ ਨੇ ਦੱਸਿਆ ਕਿ ਉਨ੍ਹਾਂ ਉੱਤੇ ਇੱਕ ਅਜਿਹਾ ਵਕਤ ਵੀ ਆਇਆ ਕਿ ਉਨ੍ਹਾਂ ਲਈ ਪਰਿਵਾਰਕ ਤੇ ਸਮਾਜਿਕ ਲੋਕ-ਲਾਜ ਦੇ ਤਾਅਨੇ-ਮਿਹਣੇ ਸਹਿਣੇ ਬਰਦਾਸ਼ਤ ਤੋਂ ਬਾਹਰ ਹੋ ਗਏ ਸਨ।
"ਹਾਲਾਤ ਬਦ ਤੋਂ ਬਦਤਰ ਹੋ ਗਏ ਸਨ - ਮੈਂ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ ਤੇ ਆਪਣੀ ਜਾਨ ਦੇਣ ਦੇ ਮਾੜੇ ਖਿਆਲ ਵੀ ਮੇਰੇ ਮਨ ਵਿੱਚ ਆਓਂਦੇ ਰਹੇ। ਪਰ ਮੈਂ ਫਿਰ ਉੱਠਿਆ, ਸੰਭਲਿਆ ਤੇ ਹੌਂਸਲੇ ਨਾਲ਼ ਆਪਣਾ ਰਸਤਾ ਖੁਦ ਬਣਾਇਆ," ਉਨ੍ਹਾਂ ਕਿਹਾ।
ਨੂਰ ਜ਼ੋਰਾ ਪੜ੍ਹਾਈ ਵਿੱਚ ਕਾਫ਼ੀ ਹੁਸ਼ਿਆਰ ਸੀ ਇਸ ਕਰਕੇ ਉਸਨੂੰ ਆਪਣੇ ਪਿੰਡ ਦੇ ਲੋਕਾਂ ਤੋਂ ਹਮੇਸ਼ਾ 'ਪੜ੍ਹਿਆਂ-ਲਿਖਿਆਂ' ਵਾਲ਼ਾ ਪਿਆਰ-ਸਤਿਕਾਰ ਮਿਲਦਾ ਰਿਹਾ।
"ਮੇਰੇ ਪਿੰਡ ਦੇ ਲੋਕ ਖਾਸਕਰ ਔਰਤਾਂ ਜਿੰਨਾ ਵਿੱਚ ਮੇਰੀਆਂ ਭੈਣਾਂ, ਭਾਬੀਆਂ, ਭਰਜਾਈਆਂ ਸ਼ਾਮਲ ਹਨ, ਨੇ ਹਮੇਸ਼ਾ ਮੇਰਾ ਚਾਅ ਕੀਤਾ, ਮੈਨੂੰ ਆਪਣਾ ਕਰਕੇ ਜਾਣਿਆ। ਉਨ੍ਹਾਂ ਲਈ, ਜਾਂ ਉਨ੍ਹਾਂ ਦੇ ਹੁੰਦਿਆਂ ਮੈਂ ਕਦੇ ਵੀ ਮਜ਼ਾਕ ਦਾ ਪਾਤਰ ਨਹੀਂ ਬਣਿਆ ਸਗੋਂ ਮੈਨੂੰ ਤਾਂ ਪਿੰਡ ਵਿੱਚੋਂ ਵਿਆਹਾਂ-ਸ਼ਾਦੀਆਂ ਦੇ ਸੱਦੇ ਆਇਆ ਕਰਦੇ ਸਨ," ਉਨ੍ਹਾਂ ਕਿਹਾ।

ਇੱਕ ਵਿਆਹ ਸਮਾਗਮ ਵੇਲ਼ੇ ਕਿਸੇ ਵੱਲੋਂ ਕੀਤੀ ਕੋਝੀ ਟਿੱਪਣੀ ਦਾ ਜਿਕਰ ਕਰਦਿਆਂ ਨੂਰ ਜ਼ੋਰਾ ਨੇ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਸਮਾਜ ਦੇ ਕੁਝ ਲੋਕਾਂ ਦਾ ਰਵੱਈਆ ਉਨ੍ਹਾਂ ਵਰਗੇ ਲੋਕਾਂ ਲਈ ਹਮੇਸ਼ਾ ਤਿਰਸਕਾਰ ਭਰਿਆ ਰਿਹਾ ਹੈ।
"ਕੋਝੇ ਮਜ਼ਾਕ, ਗਾਲ਼ਾਂ ਜਾਂ ਅਸ਼ਲੀਲ ਟਿੱਪਣੀਆਂ ਅਕਸਰ ਸਾਡੇ ਵਰਗੇ ਲੋਕਾਂ ਨੂੰ ਮਾਨਸਿਕ ਤਣਾਅ ਵਿੱਚ ਲੈ ਜਾਂਦੀਆਂ ਹਨ।
ਨੂਰ ਜ਼ੋਰਾ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ‘ਖੱਟੇ-ਮਿੱਠੇ’ ਤਜ਼ੁਰਬਿਆਂ ਨਾਲ਼ ਭਰੀ ਹੋਈ ਹੈ।
"ਦੇਖ ਨਚਾਰ ਜਿਹਾ ਕਿਵੇਂ ਕਰਦਾ - ਮੇਰੀ ਜ਼ਿੰਦਗੀ ਦਾ ਇੱਕ ਨਿਰਾਦਰ ਭਰਿਆ ਕੋਮੇਂਟ ਸੀ ਪਰ ਟਿੱਪਣੀ ਕਰਨ ਵਾਲੇ ਨੂੰ ਸਾਡੇ ਪਿੰਡ ਦੀਆਂ ਔਰਤਾਂ ਦੀ ਤਾੜਨਾ ਸੀ ਖ਼ਬਰਦਾਰ ਰਿਹਾ ਜੇ ਇਹਨੂੰ ਕੁਝ ਆਖਿਆ - ਇਹ ਤਾਂ ਸਾਡਾ ਆਪਣਾ। ਸੋ ਮੈਨੂੰ ਚੰਗੀ ਜ਼ਿਆਦਾ ਤੇ ਬੁਰੇ ਲੋਕ ਘੱਟ ਮਿਲੇ ਜਿਸ ਲਈ ਮੈਂ ਗਿੱਧੇ ਦਾ ਸ਼ੁਕਰਗੁਜ਼ਾਰ ਹਾਂ," ਉਨ੍ਹਾਂ ਕਿਹਾ।

ਨੂਰ ਜ਼ੋਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਪੜਾਈ ਤੇ ਸਿੱਖਣ-ਸਿਖਾਉਣ ਵਿੱਚ ਹਮੇਸ਼ਾਂ ਤੋਂ ਦਿਲਚਸਪੀ ਰਹੀ।
ਉਹ ਹੁਣ ਪੇਸ਼ੇ ਵਜੋਂ ਇੱਕ ਅਧਿਆਪਕ ਤੇ ਗਿੱਧਾ ਕੋਚ ਹੋਣ ਦਾ ਮਾਣ ਮਹਿਸੂਸ ਕਰਦੇ ਹਨ।
ਉਨ੍ਹਾਂ ਦੁਆਰਾ ਸੰਚਾਲਿਤ 'ਨੂਰ ਆਰਟਸ' ਤੇ 'ਲੋਕ ਰੰਗ' ਗਰੁੱਪ ਦੀਆਂ ਧੁੱਮਾਂ ਹੁਣ ਦੇਸ਼-ਵਿਦੇਸ਼ ਵਿੱਚ ਹਨ।
ਨੂਰ ਜ਼ੋਰਾ ਨੂੰ ਆਪਣੇ ਗਰੁੱਪ ਉੱਤੇ ਮਾਣ ਹੈ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਸਾਥੀਆਂ ਦਾ ਗਿੱਧਾ ਵੇਖਣ ਵਾਲਿਆਂ ਦਾ ਮਨ ਮੋਹ ਲੈਂਦਾ ਹੈ।
ਲੋਕ ਉਨ੍ਹਾਂ ਦੇ ਗਰੁੱਪ ਨੂੰ ਵਿਆਹਾਂ ਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਬੁਲਾਉਂਦੇ ਹਨ ਤੇ ਅਕਸਰ ਹਰ ਕੋਈ ਉਹਨਾਂ ਵੱਲੋਂ ਪਾਈਆਂ ਬੋਲੀਆਂ 'ਤੇ ਝੂਮਦਾ ਦਿਖਾਈ ਦਿੰਦਾ ਹੈ।
ਮੇਰਾ ਸਫ਼ਰ ਨਿਰੰਤਰ ਜਾਰੀ ਹੈ ਕਿਓਂਕਿ ਰਾਹੀ ਦਾ ਕੰਮ ਚਲਦੇ ਰਹਿਣਾ। ਮੇਰੀ ਕੋਸ਼ਿਸ਼ ਹੈ ਕਿ ਗਿੱਧੇ ਪ੍ਰਤੀ ਮੇਰਾ ਸ਼ੌਕ ਤੇ ਸਮਰਪਣ ਇਸੇ ਤਰਾਂਹ ਬਰਕ਼ਰਾਰ ਰਹੇ।ਨੂਰ ਜ਼ੋਰਾ, ਗਿੱਧਾ ਕਲਾਕਾਰ ਤੇ ਕੋਚ
"ਮੇਰੇ ਗਰੁੱਪ ਵਿੱਚ ਜ਼ਿਆਦਾਤਰ ਮਰਦ ਹਨ ਤੇ ਮੇਰੇ ਲਈ ਖੁਸ਼ੀ ਤੇ ਮਾਣ ਵਾਲ਼ੀ ਗੱਲ ਹੈ ਕਿ ਮੈਂ ਉਨ੍ਹਾਂ ਲਈ ਰੋਜ਼ੀ-ਰੋਟੀ ਤੇ ਰੁਜ਼ਗਾਰ ਦਾ ਜ਼ਰੀਆ ਬਣ ਰਿਹਾ ਹਾਂ," ਉਨ੍ਹਾਂ ਕਿਹਾ।
ਨੂਰ ਜ਼ੋਰਾ ਨਾਲ਼ ਇੰਟਰਵਿਊ ਸੁਣਨ ਲਈ ਇਹ ਆਡੀਓ ਲਿੰਕ ਕਲਿਕ ਕਰੋ...
ਨੋਟ: ਮਾਨਸਿਕ ਤਣਾਅ ਦੀ ਸੂਰਤ ਵਿੱਚ ਕਿਸੇ ਵੀ ਭਾਵਨਾਤਮਕ ਸਹਾਇਤਾ ਲਈ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰੋ।



