ਬਠਿੰਡਾ ਦਿਹਾਤੀ ਤੋਂ 'ਆਪ' ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਰਿਸ਼ਮ ਗਰਗ ਨੂੰ ਵੀਰਵਾਰ ਸ਼ਾਮ ਸਰਕਟ ਹਾਊਸ ਦੇ ਗੇਟ ਤੋਂ 4 ਲੱਖ ਰੁਪਏ ਦੀ ਰਿਸ਼ਵਤ ਸਮੇਤ ਕਾਬੂ ਕੀਤੇ ਜਾਣ ਬਾਅਦ ਉਸਨੂੰ ਸ਼ੁੱਕਰਵਾਰ ਸਵੇਰ ਤਿੰਨ ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਮੁਲਜ਼ਮ ਨੂੰ ਫੜੇ ਜਾਣ ਪਿੱਛੋਂ ਵਿਧਾਇਕ ਅਮਿਤ ਰਤਨ ਤੋਂ ਵੀ ਦੇਰ ਰਾਤ ਤੱਕ ਪੁੱਛਗਿੱਛ ਕੀਤੀ ਗਈ ਅਤੇ ਬਾਅਦ ਵਿੱਚ ਕਲੀਨਚਿੱਟ ਦੇ ਦਿੱਤੀ ਗਈ ਸੀ, ਹਾਲਾਂਕਿ ਵਿਭਾਗ ਵੱਲੋਂ ਹੁਣ ਸ੍ਰੀ ਰਤਨ ਦੇ ਜਮਾਤੀ ਰਹਿ ਚੁੱਕੇ ਕਰੀਬੀ ਦੋਸਤਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਵਿਧਾਇਕ ਅਮਿਤ ਰਤਨ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਅਗਲੇ ਬਜਟ ਸੈਸ਼ਨ ਵਿੱਚ ਇਸ ਮੁੱਦੇ ਤੇ ਸਰਕਾਰ ਨੂੰ ਘੇਰਣਗੇ ਜਦਕਿ ਮੁਖ ਮੰਤਰੀ ਭਗਵੰਤ ਮਾਨ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਨਹੀਂ ਬਖਸ਼ੇਗੀ।




