ਆਪਣੀ ਗੀਤਕਾਰੀ ਵਿੱਚ ਅਕਸਰ ਕਵੀਸ਼ਰੀ, ਲੋਕ ਤੱਥਾਂ ਤੇ ਸੁਚੱਜੀਆਂ ਅਰਥ ਭਰਪੂਰ ਗੱਲਾਂ ਨੂੰ ਜਗ੍ਹਾ ਦੇਣ ਵਾਲਾ ਸੁਰੀਲਾ ਗਾਇਕ ਗੁਰਵਿੰਦਰ ਬਰਾੜ ਜਿੱਥੇ ਮਾਲਵੇ ਦੇ ਖਾੜਿਆਂ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਰਿਹਾ ਉੱਥੇ ਉਸਨੂੰ ਵਿਦੇਸ਼ਾਂ ਵਿੱਚ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ। ਹਾਲ ਹੀ ਵਿੱਚ ਹਜ਼ਾਰਾਂ ਲੋਕਾਂ ਨੇ ਮੈਲਬਰਨ ਦੇ ਮੈਲਟਨ ਦੀਵਾਲੀ ਮੇਲੇ ਦੌਰਾਨ ਉਸ ਦੀ ਪੇਸ਼ਕਾਰੀ ਦਾ ਆਨੰਦ ਮਾਣਿਆ।
ਗੁਰਵਿੰਦਰ ਬਰਾੜ ਪੰਜਾਬੀ ਗਾਇਕੀ ਤੇ ਗੀਤਕਾਰੀ ਦਾ ਇੱਕ ਜਾਣਿਆ ਪਛਾਣਿਆ ਨਾਂ ਹੈ।
ਪਿਛਲੇ ਕੁਝ ਸਾਲਾਂ ਵਿੱਚ ਆਪਣੀ ਨਿਰੰਤਰ ਮਿਹਨਤ ਦੇ ਸਦਕਾ ਜਿੱਥੇ ਉਸ ਨੇ ਲੋਕ ਗਾਇਕੀ ਵਿੱਚ ਨਿਰਾਲੀ ਛਾਪ ਛੱਡਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ ਉੱਥੇ ਉਹ ਕਮਰਸ਼ੀਅਲ ਅਤੇ ਦੋਗਾਣਿਆਂ ਜ਼ਰੀਏ ਵੀ ਆਪਣੀ ਭਰਪੂਰ ਹਾਜ਼ਰੀ ਲਗਵਾਉਣ 'ਚ ਕਾਮਯਾਬ ਰਿਹਾ।
ਗੁਰਵਿੰਦਰ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮਹਾਂਬੱਧਰ ਦੇ ਇਕ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ।
ਛੋਟੀ ਉਮਰੇ ਗੀਤਕਾਰੀ ਦੇ ਸ਼ੌਕ ਦੇ ਨਾਲ-ਨਾਲ ਉਸ ਨੇ ਗਾਇਕੀ ਵਿੱਚ ਵੀ ਆਪਣੀ ਕਿਸਮਤ ਅਜ਼ਮਾਉਣੀ ਸ਼ੁਰੂ ਕਰ ਦਿੱਤੀ ਸੀ।
ਉਸਦੇ ਬਹੁਤ ਸਾਰੇ ਗੀਤ ਸਰੋਤਿਆਂ ਦੀ ਕਸਵੱਟੀ 'ਤੇ ਖਰੇ ਉਤਰੇ ਜਿਸ ਵਿਚ 'ਗ਼ਰੀਬੀ' ਗੀਤ ਨੂੰ ਕਾਫੀ ਪਿਆਰ-ਸਤਿਕਾਰ ਮਿਲਿਆ।
ਉਸਦੇ ਕਈ ਗੀਤ ਯੂ-ਟਿਊਬ, ਫੇਸਬੁਕ ਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਲੱਖਾਂ-ਕਰੋੜਾਂ ਦੀ ਗਿਣਤੀ ਵਿਚ ਸੁਣੇ ਜਾ ਚੁੱਕੇ ਹਨ ਦੇਖੇ ਜਾ ਚੁੱਕੇ ਹਨ।

ਗੁਰਵਿੰਦਰ ਬਰਾੜ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ, ਮਿਲੇ ਇਸ ਮਾਣ-ਸਤਿਕਾਰ ਲਈ ਆਪਣੇ ਸਰੋਤਿਆਂ ਨੂੰ ਧੰਨਵਾਦ ਆਖਿਆ ਹੈ।
ਹਾਲ ਹੀ ਵਿੱਚ ਆਪਣੇ ਮੈਲਬਰਨ ਵਿਚਲੇ ਦੀਵਾਲੀ ਸ਼ੋਅ ਦੌਰਾਨ ਉਸ ਨੂੰ ਆਪਣੇ ਚਾਹੁਣ ਵਾਲਿਆਂ ਦੇ ਰੂਬਰੂ ਹੋਣ ਦਾ ਮੌਕਾ ਵੀ ਮਿਲਿਆ।
ਇਸ ਬਾਰੇ ਹੋਰ ਜਾਣਕਾਰੀ ਉਸ ਨਾਲ ਰਿਕਾਰਡ ਕੀਤੀ ਇਸ ਇੰਟਰਵਿਊ ਵਿੱਚ ਸੁਣੀ ਜਾ ਸਕਦੀ ਹੈ....





