13 ਦਸੰਬਰ, 2022 ਨੂੰ ਸਿੱਖਿਆ ਮੰਤਰੀ ਸੂ ਏਲਿਰੀ ਵਲੋਂ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ ਪੱਛਮੀ ਆਸਟ੍ਰੇਲੀਆ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਪੜ੍ਹਾਏ ਜਾਣ ਦੀ ਜਾਣਕਾਰੀ ਦਿੱਤੀ ਗਈ।
ਦੱਸਣਯੋਗ ਹੈ ਕਿ 2021 ਵਿੱਚ ਹਿੰਦੀ, ਕੋਰੀਅਨ ਅਤੇ ਤਮਿਲ ਦੀ ਘੋਸ਼ਣਾ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਪੰਜਾਬੀ ਭਾਸ਼ਾ ਨੂੰ ਜੋੜਨ ਦਾ ਐਲਾਨ ਕੀਤਾ ਗਿਆ ਹੈ।
ਸਕੂਲ ਪਾਠਕ੍ਰਮ ਅਤੇ ਸਟੈਂਡਰਡਜ਼ ਅਥੋਰਿਟੀ ਪੰਜਾਬੀ ਭਾਸ਼ਾ ਨੂੰ ਸ਼ਾਮਲ ਕਰਨ ਲਈ ਇੱਕ ਪਾਠਕ੍ਰਮ ਦੀ ਤਿਆਰੀ ਕਰ ਰਹੇ ਹਨ।
11ਵੇਂ ਸਾਲ ਦੇ ਵਿਦਿਆਰਥੀ 2024 ਵਿੱਚ ਕੋਰਸ ਕਰਨ ਦੇ ਯੋਗ ਹੋ ਸਕਦੇ ਹਨ ਅਤੇ ਇਸਦਾ ਮੁਲਾਂਕਣ 2025 ਦੇ ਨਿਰਧਾਰਤ ਕੀਤੇ ਗਏ ਪਹਿਲੇ ਆਸਟ੍ਰੇਲੀਅਨ ਟਰਸ਼ਰੀ ਐਡਮਿਸ਼ਨ ਰੈਂਕ ਕੋਰਸ ਪੀ੍ਰਖਿਆ ਦੇ ਹਿਸਾਬ ਨਾਲ ਹੋਵੇਗਾ। ਇਸ ਤੋਂ ਇਲਾਵਾ ਸਕੂਲਾਂ ਨੂੰ 2024 ਦੇ ਸ਼ੁਰੂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ ਦੱਸਵੇਂ ਸਾਲ ਤੱਕ ਦੇ ਪਾਠਕ੍ਰਮ ਤੱਕ ਪਹੁੰਚ ਹੋਵੇਗੀ।
ਦੱਸਣਯੋਗ ਹੈ ਕਿ ਇਹ ਫੈਸਲਾ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਬਾਅਦ ਆਇਆ ਹੈ ਜਿਸ ਮੁਤਾਬਕ ਪੰਜਾਬੀ ਭਾਸ਼ਾ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵੱਧਣ ਵਾਲੀ ਭਾਸ਼ਾ ਰਹੀ ਹੈ।
ਅੰਕੜਿਆਂ ਮੁਤਾਬਕ 2,39,000 ਤੋਂ ਵੱਧ ਲੋਕ ਘਰਾਂ ਵਿੱਚ ਪੰਜਾਬੀ ਬੋਲਦੇ ਹਨ ਜੋ ਕਿ 2016 ਦੇ ਮੁਕਾਬਲੇ 80 ਫੀਸਦ ਵੱਧ ਹੈ।

ਸਕੂਲ ਪਾਠਕ੍ਰਮ ਵਿੱਚ ਪੰਜਾਬੀ ਭਾਸ਼ਾ ਨੂੰ ਪਹੁੰਚਾਉਣ ਵਿੱਚ ਪੱਛਮੀ ਆਸਟ੍ਰੇਲੀਆ ਦੀ ਸਿੱਖ ਐਸੋਸੀਏਸ਼ਨ ਤੋਂ ਅਮਰਜੀਤ ਸਿੰਘ ਪਾਬਲਾ ਦਾ ਅਹਿਮ ਯੋਗਦਾਨ ਰਿਹਾ ਹੈ।
ਸ਼੍ਰੀ ਪਾਬਲਾ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਪੰਜਾਬੀ ਨੂੰ 'ਜਿਉਂਦਾ' ਰੱਖਣ ਕਾਫੀ ਲਾਹੇਵੰਦ ਹੈ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਪੱਛਮੀ ਆਸਟ੍ਰੇਲੀਆ ਦੇ ਸਕੂਲਾਂ ਦੇ ਪੰਜਵੇਂ, ਛੇਵੇਂ ਅਤੇ ਨੌਵੇਂ ਸਾਲਾਂ ਵਿੱਚ ਮਾਨਵਤਾ ਅਤੇ ਸਮਾਜਿਕ ਵਿਗਿਆਨ ਦੇ ਵਿਸ਼ਿਆਂ ਵਿੱਚ ਆਸਟ੍ਰੇਲੀਆ ਦੇ ਸਿੱਖ ਇਤਿਹਾਸ ਨੂੰ ਸ਼ਾਮਲ ਕੀਤਾ ਗਿਆ ਸੀ।

ਪਰਥ ਦੇ ਬੇਨੈਟ ਸਪ੍ਰਿੰਗਜ਼ ਸਿੱਖ ਗੁਰਦੁਆਰਾ ਦੇ ਪ੍ਰਧਾਨ ਜਰਨੈਲ ਸਿੰਘ ਭੌਰ ਨੇ ਇਸ ਫੈਸਲੇ ਤੋਂ ਬਾਅਦ ਭਾਈਚਾਰੇ ਦੇ ਸਾਂਝੇ ਯਤਨਾਂ ਦੀ ਸਲਾਘਾ ਕੀਤੀ।
ਸ਼੍ਰੀ ਭੌਰ ਦਾ ਕਹਿਣਾ ਹੈ ਕਿ ਇਹ ਮੀਲ ਪੱਥਰ ਪਿੱਛਲੇ ਕੁੱਝ ਸਾਲਾਂ ਦੌਰਾਨ ਭਾਈਚਾਰੇ ਦੇ ਮਹੱਤਵਪੂਰਨ ਵਿਕਾਸ ਦਾ ਨਤੀਜਾ ਹੈ।





