ਅਨੈਸਟਾਸ਼ੀਆ ਪੈਲੂਸ਼ੇ, ਜਿਸ ਨੂੰ ਕਿਸੇ ਸਮੇਂ ‘ਐਕਸੀਡੈਂਟਲ ਪ੍ਰੀਮੀਅਰ’ ਵਜੋਂ ਵੀ ਤਾਅਨਾ ਮਾਰਿਆ ਜਾਂਦਾ ਸੀ, ਨੇ ਹੁਣ ਇਕ ਵਾਰ ਇਤਿਹਾਸ ਰਚਦੇ ਹੋਏ, ਦੇਸ਼ ਭਰ ਦੀ ਪਹਿਲੀ ਤੀਜੀ ਵਾਰ ਚੁਣੀ ਜਾਣ ਵਾਲੀ ਔਰਤ ਪ੍ਰੀਮੀਅਰ ਹੋਣ ਦਾ ਮਾਣ ਹਾਸਲ ਕੀਤਾ ਹੈ।
ਕਰੋਨਾਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਕੰਮਾਂ ਦੇ ਇਨਾਮ ਵਜੋਂ ਵੋਟਰਾਂ ਨੇ ਮਿਸ ਪੈਲੂਸ਼ੇ ਨੂੰ ਸਪਸ਼ਟ ਬਹੁਮੱਤ ਨਾਲ ਜਿਤਾ ਦਿੱਤਾ ਹੈ।
ਮਿਸ ਪੈਲੂਸ਼ੇ ਨੇ ਕਿਹਾ ਹੈ ਕਿ ਵੋਟਰਾਂ ਨੇ ਉਹਨਾਂ ਵਿੱਚ ਜੋ ਭਰੋਸਾ ਕੀਤਾ ਹੈ ਉਸ ਨਾਲ ਧੋਖਾ ਨਹੀਂ ਕੀਤਾ ਜਾਵੇਗਾ।
ਬੇਸ਼ਕ ਡਾਕ ਦੁਆਰਾ ਹਾਸਲ ਹੋਈਆਂ ਵੋਟਾਂ ਦੀ ਗਿਣਤੀ ਅਜੇ 10 ਦਿਨ ਹੋਰ ਚੱਲੇਗੀ, ਪਰ ਬੀਤੇ ਸ਼ਨੀਵਾਰ ਨੂੰ ਪਈਆਂ ਵੋਟਾਂ ਦੀ 70% ਮੁਕੰਮਲ ਹੋਈ ਗਿਣਤੀ ਤੋਂ ਸਪਸ਼ਟ ਹੋ ਗਿਆ ਹੈ ਕਿ ਲੇਬਰ ਪਾਰਟੀ ਨੂੰ 52 ਸੀਟਾਂ ਹਾਸਲ ਹੋ ਚੁੱਕੀਆਂ ਹਨ, ਜੋ ਕਿ ਪਿਛਲੀ ਗਿਣਤੀ ਨਾਲੋਂ ਚਾਰ ਜਿਆਦਾ ਹਨ।
ਉਮੀਦ ਕੀਤੀ ਜਾ ਰਹੀ ਹੈ ਕਿ ਲਿਬਰਲ ਨੈਸ਼ਨਲ ਪਾਰਟੀ 34 ਸੀਟਾਂ ਹਾਸਲ ਕਰੇਗੀ, ਜੋ ਕਿ ਪਿਛਲੀਆਂ ਚੋਣਾਂ ਵਾਲੀ ਗਿਣਤੀ ਨਾਲੋਂ ਚਾਰ ਘੱਟ ਹੈ। ਕੂਈਨਜ਼ਲੈਂਡ ਸੂਬੇ ਦੀ ਪਾਰਲੀਆਮੈਂਟ ਵਿੱਚ 93 ਸੀਟਾਂ ਹਨ।
ਫੈਡਰਲ ਜਾਂ ਸਟੇਟ ਚੋਣਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਚੋਟੀ ਦੀ ਚੋਣ ਲਈ ਦੋ ਔਰਤਾਂ ਮੈਦਾਨ ਵਿੱਚ ਆਹਮੋ ਸਾਹਮਣੇ ਹੋਈਆਂ ਹੋਣ।
ਲਿਬਰਲ ਨੈਸ਼ਨਲ ਪਾਰਟੀ ਵਿੱਚ 5% ਦੇ ਪਏ ਘਾਟੇ ਦੇ ਬਾਵਜੂਦ ਇਸ ਦੀ ਨੇਤਾ ਡੈਬ ਫਰੈੱਕਲਿੰਗਟਨ ਨੇ ਕਿਹਾ ਹੈ ਕਿ ਉਹ ਆਪਣੇ ਅਹੁਦੇ ਤੇ ਕਾਇਮ ਰਹਿਣਗੇ।
ਲੇਬਰ ਪਾਰਟੀ ਨੇ ਖੇਤਰੀ ਇਲਾਕਿਆਂ ਵਿੱਚਲੀ ਕੋਈ ਵੀ ਸੀਟ ਲਿਬਰਲ-ਨੈਸ਼ਨਲ ਜਾਂ ਹੋਰ ਪਾਰਟੀਆਂ ਕੋਲ ਨਹੀਂ ਹਾਰੀ ਹੈ ਅਤੇ ਮਹੱਤਵਪੂਰਨ ਇਲਾਕਿਆਂ ਜਿਵੇਂ ਟਾਊਨਜ਼ਵਿੱਲ, ਰੋਖੈਂਮਪਟਨ, ਅਤੇ ਕੇਰਨਸ ਵਿੱਚ ਆਪਣੀ ਜਿੱਤ ਦੁਬਾਰਾ ਬਰਕਰਾਰ ਰੱਖੀ ਹੈ।
ਗਰੀਨਸ ਐਮ ਪੀ ਐਮੀ ਮੈਕ-ਮੋਹਨ ਨੇ ਭੂਤਪੂਰਵ ਪ੍ਰੀਮੀਅਰ ਜੈਕੀ ਟਰੈਡ ਕੋਲੋਂ ਦੱਖਣੀ ਬਰਿਸਬੇਨ ਵਾਲੀ ਸੀਟ ਜਿੱਤ ਲਈ ਹੈ।
ਇਸ਼ਤਿਹਾਰਾਂ ਆਦਿ ਤੇ ਬਹੁਤ ਖਰਚ ਕਰਨ ਦੇ ਬਾਵਜੂਦ ਵੀ ਕਲਾਈਵ ਪਾਲਮਰ ਦੀ ਯੂਨਾਇਟੇਡ ਆਸਟ੍ਰੇਲੀਆ ਪਾਰਟੀ, ਖਾਤਾ ਖੋਲਣ ਵਿੱਚ ਨਾਕਾਮ ਰਹੀ ਹੈ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੁੜ ਚੁਣੀ ਗਈ ਪ੍ਰੀਮੀਅਰ ਨੂੰ ਟੈਕਸਟ ਭੇਜਦੇ ਹੋਏ ਵਧਾਈ ਦਿੱਤੀ ਹੈ। ਸੂਬਿਆਂ ਵਿੱਚਲੀਆਂ ਸਰਹੱਦਾਂ ਉੱਤੇ ਲਾਈਆਂ ਪਾਬੰਦੀਆਂ ਕਾਰਨ ਫੈਡਰਲ ਸਰਕਾਰ ਲਗਾਤਾਰ ਕੂਈਨਜ਼ਲੈਂਡ ਸੂਬੇ ਦੀ ਪ੍ਰੋੜਤਾ ਕਰਦੀ ਰਹੀ ਹੈ। ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਉਮੀਦ ਕੀਤੀ ਹੈ ਕਿ ਲੋਕਾਂ ਦੀ ਸਿਹਤ ਦੇ ਮਸਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਕੂਈਨਜ਼ਲੈਂਡ ਸੂਬਾ ਸਰਹੱਦਾਂ ਤੇ ਲਾਈਆਂ ਹੋਈਆਂ ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਛੇਤੀ ਹੀ ਗੌਰ ਕਰੇਗਾ।
ਫੈਡਰਲ ਲੇਬਰ ਪਾਰਟੀ ਨੇਤਾ ਐਂਥਨੀ ਐਲਬਨੀਜ਼ ਨੇ ਮਿਸ ਪੈਲੂਸ਼ੇ ਦੀ ਲੀਬਰਸ਼ਿੱਪ ਦੀ ਤਰੀਫ ਕੀਤੀ ਹੈ।
ਪ੍ਰੀਮੀਅਰ ਨੇ ਵੀ ਵਾਅਦਾ ਕੀਤਾ ਹੈ ਕਿ ਉਹ ਮਹਾਂਮਾਰੀ ਦੇ ਖਤਮ ਹੋਣ ‘ਤੇ ਸੂਬੇ ਦੀ ਆਰਥਿਕ ਹਾਲਤ ਠੀਕ ਕਰਨ ਉੱਤੇ ਪੂਰਾ ਧਿਆਨ ਦੇਣਗੇ।
ਪੰਜਾਬੀ ਮੂਲ ਦੀ ਲਿਬਰਲ ਨੈਸ਼ਨਲ ਪਾਰਟੀ ਵਲੋਂ ਉਮੀਦਵਾਰ ਪਿੰਕੀ ਸਿੰਘ ਨੇ ਬਰਿਸਬੇਨ ਦੀ ਮੈਕ-ਕੋਨੈਲ ਸੀਟ ਤੇ ਲੇਬਰ ਪਾਰਟੀ ਦੀ ਗਰੇਸ ਗਰੇਸ ਨੂੰ ਭਾਜੜ ਪਾਈ ਹੋਏ ਹੈ ਅਤੇ ਤਕਰੀਬਨ 5% ਦੇ ਫਰਕ ਨਾਲ ਦੂਜੇ ਨੰਬਰ ਤੇ ਚੱਲ ਰਹੀ ਹੈ।
ਪੌਲੀਨ ਹੈਂਸਨਸ ਦੀ ਵਨ ਨੇਸ਼ਨ ਪਾਰਟੀ ਵਲੋਂ ਬੈਨਕਰੋਫਟ ਸੀਟ ਦੇ ਉਮੀਦਵਾਰ ਨਿੱਕ ਆਈ-ਰੈੱਡੀ ਨੂੰ ਸਿਰਫ 8.5 % ਵੋਟਾਂ ਹੀ ਮਿਲੀਆਂ ਹਨ। ਇਸੀ ਤਰਾਂ ਜੌਰਡਨ ਸੀਟ ਤੋਂ ਗਰੀਨਸ ਪਾਰਟੀ ਦੇ ਪੰਜਾਬੀ ਉਮੀਦਵਾਰ ਨਵਦੀਪ ਸਿੰਘ ਸਿੱਧੂ ਨੂੰ ਵੀ 10% ਵੋਟਾਂ ਨਾਲ ਹੀ ਸਬਰ ਕਰਨਾ ਪੈ ਰਿਹਾ ਹੈ। ਮੈਵਾਰ ਸੀਟ ਤੋਂ ਲੇਬਰ ਉਮੀਦਵਾਰ ਪਲਨੀ ਥੇਵਾਰ ਨੂੰ 18% ਵੋਟਾਂ ਮਿਲੀਆਂ ਹਨ ਜਦਕਿ ਇਸ ਸੀਟ ਤੋਂ ਗਰੀਨਸ ਉਮੀਦਵਾਰ ਕਾਫੀ ਫਰਕ ਨਾਲ ਅੱਗੇ ਚੱਲ ਰਹੇ ਹਨ। ਸੋ ਕੁੱਲ ਮਿਲਾ ਕੇ ਅਜੇ ਵੀ ਕਿਸੇ ਭਾਰਤੀ ਮੂਲ ਦੇ ਉਮੀਦਵਾਰ ਵਲੋਂ ਪਾਰਲੀਆਮੈਂਟ ਵਿੱਚ ਜਾਣ ਦੀਆਂ ਉਮੀਦਾਂ ‘ਤੇ ਪਾਣੀ ਫਿਰਿਆ ਨਜ਼ਰ ਆ ਰਿਹਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।





