ਸੰਸਾਰ ਭਰ ਵਿੱਚ, ਦੂਜੇ ਵਿਸ਼ਵ ਯੁੱਧ ਤੋਂ ਲੈ ਕਿ ਹੁਣ ਇਸ ਸਮੇਂ, ਸਭ ਤੋਂ ਵੱਡਾ ਮਨੁੱਖਤਾਵਾਦੀ ਸੰਕਟ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਲਗਭੱਗ 65 ਮਿਲਿਅਨ ਲੋਕਾਂ ਨੂੰ ਜਬਰਦਸਤੀ ਉਹਨਾਂ ਦੇ ਮੂਲ ਸਥਾਨਾਂ ਵਿੱਚੋਂ ਵਿਸਥਾਪਤ ਕੀਤਾ ਜਾ ਰਿਹਾ ਹੈ।
ਆਸਟ੍ਰੇਲੀਆ ਵਿੱਚ ਐਤਵਾਰ 17 ਜੂਨ ਤੋਂ ਸ਼ਨੀਵਾਰ 23 ਜੂਨ ਤੱਕ ਵਾਲਾ ਸਾਰਾ ਹਫਤਾ ਰਿਫਿਊਜੀ ਵੀਕ ਜਾਂ ਸ਼ਰਣਾਰਥੀ ਹਫਤੇ ਵਜੋਂ ਮਨਾਇਆ ਜਾ ਰਿਹਾ ਹੈ।ਇਸ ਦਾ ਥੀਮ ਹੈ ‘ਰਿਫਿਊਜੀਆਂ ਦੇ ਨਾਲ’, ਜਿਸ ਦੁਆਰਾ ਸ਼ਰਣਾਰਥੀਆਂ ਦੀ ਸੁਰੱਖਿਆ ਅਤੇ ਹੱਕਾਂ ਦੀ ਰੱਖਿਆ ਕੀਤੀ ਜਾ ਸਕੇਗੀ।
19 ਸਾਲਾਂ ਦੀ ਪੈਂਮਬਾ ਛੂਲੀਮਬੋ ਦੀ ਸ਼ਰਣਾਰਥੀ ਵਜੋਂ ਯਾਤਰਾ ਉਸੇ ਦਿਨ ਸ਼ੁਰੂ ਹੋ ਗਈ ਸੀ ਜਦੋਂ ਉਸ ਦੇ ਪਿਤਾ ਦੇ ਸਿਆਸੀ ਵਿਰੋਧੀਆਂ ਨੇ, ਉਹਨਾਂ ਦੇ ਅੰਤਮ ਸੰਸਕਾਰ ਸਮੇਂ ਹੀ ਉਹਨਾਂ ਸਾਰਿਆਂ ਉੱਤੇ ਹਮਲਾ ਕਰ ਦਿੱਤਾ ਸੀ।
ਪੈਂਮਬਾ ਦੀ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਅਤੇ ਇਸ ਤੋਂ ਬਾਅਦ ਉਹਦੇ ਅਤੇ ਉਸ ਦੇ ਤਿੰਨ ਛੋਟੇ ਭੈਣਾਂ ਭਰਾਵਾਂ ਕੋਲ ਡੈਮੋਕਰੈਟਿਕ ਰਿਪਬਲਿਕ ਆਫ ਕੋਂਗੋ ਤੋਂ ਬੱਚ ਕੇ ਕੀਨੀਆ ਜਾਣ ਤੋਂ ਅਲਾਵਾ ਹੋਰ ਕੋਈ ਵੀ ਚਾਰਾ ਨਹੀਂ ਸੀ ਬਚਿਆ, ਜਿਥੇ ਉਹ ਪੰਜ ਸਾਲ ਰਹੇ।
ਪੈਂਮਬਾ ਦੀ ਖੁਸ਼ੀ ਦਾ ਉਸ ਸਮੇਂ ਕੋਈ ਠਿਕਾਣਾ ਨਹੀਂ ਰਿਹਾ ਸੀ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਹ ਆਸਟ੍ਰੇਲੀਆ ਵਰਗੇ ਸਥਾਪਤ ਮੁਲਕ ਵਿੱਚ ਜਾ ਕੇ ਰਹਿ ਸਕਦੀ ਹੈ, ਬੇਸ਼ਕ ਉਸ ਨੂੰ ਇਸ ਮੁਲਕ ਬਾਰੇ ਉਦੋਂ ਕੁੱਝ ਵੀ ਪਤਾ ਨਹੀਂ ਸੀ।
ਇਸੇ ਤਰਾਂ, ਮਾਹੀਰ ਮੁਹੰਮਦ ਨੂੰ ਵੀ ਮਜਬੂਰੀ ਵਿੱਚ ਅਫਗਾਨਿਸਤਾਨ ਤੋਂ ਜਾਨ ਬਚਾ ਕੇ ਪਾਕਿਸਤਾਨ ਉਸ ਸਮੇਂ ਜਾਣਾ ਪਿਆ ਜਦੋਂ ਉਸ ਦੇ ਅਫਗਾਨ ਫੌਜ ਵਿੱਚ ਜਰਨੈਲ ਪਿਤਾ ਨੂੰ ਰੂਸ ਦੀ ਫੌਜ ਨੇ ਬੰਦੀ ਬਣਾ ਲਿਆ ਸੀ। ਉਸ ਨੇ ਆਪਣੇ ਮੁਲਕ ਵਿੱਚ ਹੀ ਕੋਈ ਤਬਦੀਲੀ ਲਿਆਉਣ ਦੀ ਸੋਚੀ, ਬੇਸ਼ਕ ਉਸ ਸਮੇਂ ਉੱਥੇ ਬੇਰੁਜ਼ਗਾਰੀ ਪੂਰੀ ਜੋਰਾਂ ਤੇ ਸੀ। ਮਾਹਿਰ ਕੈਨੇਡਾ ਵਿੱਚ ਜਾ ਕਿ ਮੁੜ ਤੋਂ ਸਥਾਪਤ ਹੋ ਗਿਆ ਪਰ ਫੇਰ ਵੀ ਉੱਥੋਂ ਦੇ ਸੁਖ-ਅਰਾਮਾਂ ਨੇ ਉਸ ਦੇ ਉਸ ਸੁਫਨਿਆਂ ਨੂੰ, ਕਿ ਉਹ ਆਪਣੇ ਮੁਲਕ ਵਿੱਚ ਵਾਪਸ ਜਾ ਕਿ ਉਥੋਂ ਦੇ ਲੋਕਾਂ ਵਾਸਤੇ ਕੁੱਝ ਕਰਨਾ ਚਾਹੁੰਦਾ ਹੈ, ਨੂੰ ਫਿੱਕਾ ਨਹੀਂ ਸੀ ਪੈਣ ਦਿੱਤਾ।
ਮਾਹੀਰ ਵਾਪਸ ਅਫਗਾਨਿਸਤਾਨ ਆ ਗਿਆ ਜਿੱਥੇ ਉਸ ਨੇ ਇੱਕ ਅਜਿਹੇ ਛੋਟੇ ਪੱਧਰ ਦੀ ਵਿੱਤੀ ਸੰਸਥਾ ਚਲਾਈ, ਜਿਸ ਨੇ ਉੱਥੋਂ ਦੇ ਲੋਕਾਂ ਨੂੰ ਸਵੈ-ਸਥਾਪਨਾਂ ਵਿੱਚ ਭਰਪੂਰ ਮਦਦ ਦਿੱਤੀ।
ਪਰ ਉਸ ਸਮੇਂ ਅੱਤ ਹੋ ਗਈ ਜਦੋਂ ਮਾਹੀਰ ਦੇ ਬਹੁਤ ਸਾਰੇ ਸਾਥੀਆਂ ਨੂੰ ਤਾਲੀਬਾਨ ਨੇ ਜਾਨੋਂ ਮਾਰ ਮੁਕਾਇਆ। ਇੱਕ ਹੋਰ ਹਮਲੇ ਵਿੱਚ ਉਸ ਦੀ ਜਾਨ ਵੀ ਮਸਾਂ ਹੀ ਬਚੀ ਸੀ। ਆਪਣੀ ਜਾਨ ਬਚਾਉਣ ਖਾਤਰ ਮਾਹੀਰ ਨੂੰ ਇੱਕ ਵਾਰ ਫੇਰ ਆਪਣੀ ਜਨਮ ਭੂਮੀ ਨੂੰ ਛਡਣਾ ਪਿਆ ਅਤੇ ਇਸ ਵਾਰ ਉਸ ਨੂੰ ਆਸਟ੍ਰੇਲੀਆ ਆ ਕੇ ਵਸਣ ਦਾ ਮੌਕਾ ਮਿਲਿਆ।
ਆਪਣੀ ਮਾਈਕਰੋ-ਫਾਈਨੈਂਸਿੰਗ ਵਾਲੀ ਯੋਗਤਾ ਦੇ ਸਦਕਾ, ਮਾਹੀਰ ਹੁਣ ‘ਥਰਾਈਵ ਰਿਫਿਊਜੀ ਇੰਟਰਪਰਾਈਜ਼’ ਨਾਮੀ ਇਕ ਐਨ ਜੀ ਓ ਚਲਾ ਰਿਹਾ ਹੈ, ਜਿਸ ਦੁਆਰਾ ਸ਼ਰਣਾਰਥੀਆਂ ਅਤੇ ਸ਼ਰਣ ਮੰਗਣ ਵਾਲਿਆਂ ਨੂੰ ਆਪਣੇ ਨਿਜੀ ਕਾਰੋਬਾਰ ਸਥਾਪਤ ਕਰਨ ਵਾਸਤੇ ਮਦਦ ਪ੍ਰਦਾਨ ਕੀਤੀ ਜਾਂਦੀ ਹੈ।
ਰਿਫਿਊਜੀ ਕਾਂਊਸਲ ਆਫ ਆਸਟ੍ਰੇਲੀਆ ਦੇ ਚੀਫ ਐਗਜ਼ੈਕਟਿਵ ਹਨ ਪਾਲ ਪਾਵਰ, ਜੋ ਕਿ ਦਸਦੇ ਹਨ ਕਿ ਪਿਛਲੇ ਸੱਤ ਦਹਾਕਿਆਂ ਦੇ ਸਮੇਂ ਦੌਰਾਨ, ਆਸਟ੍ਰੇਲੀਆ ਨੇ ਅੱਠ ਲੱਖ ਅੱਸੀ ਹਜਾਰ ਤੋਂ ਵੀ ਵੱਧ ਲੋਕਾਂ ਨੂੰ ਸ਼ਰਣ ਪ੍ਰਦਾਨ ਕੀਤੀ ਹੈ। ਇਸ ਰਿਫਿਊਜੀ ਹਫਤੇ ਨੂੰ ਮਨਾਉਂਦੇ ਹੋਏ ਉਹਨਾਂ ਦੀ ਸੰਸਥਾ ਇਹ ਆਸ ਕਰਦੀ ਹੈ ਕਿ ਸੰਸਾਰ ਭਰ ਵਿੱਚਲੇ ਸ਼ਰਣਾਰਥੀਆਂ ਦੀਆਂ ਜਰੂਰਤਾਂ ਵੱਲ ਧਿਆਨ ਖਿਚਿਆ ਜਾਵੇ ਅਤੇ ਸ਼ਰਣਾਰਥੀਆਂ ਵਲੋਂ ਆਸਟ੍ਰੇਲੀਆ ਲਈ ਪਾਏ ਗਏ ਯੋਗਦਾਨ ਨੂੰ ਵੀ ਮਾਨਤਾ ਦਿੱਤੀ ਜਾ ਸਕੇ।
ਕਈ ਭੂਤਪੂਰਵ ਸ਼ਰਣਾਰਥੀਆਂ ਨੇ ਆਸਟ੍ਰੇਲੀਆ ਦੀ ਅਰਥ-ਵਿਵਸਥਾ ਵਿੱਚ ਚੰਗਾ ਯੋਗਦਾਨ ਪਾਇਆ ਹੈ। ਇਹਨਾਂ ਵਿੱਚੋਂ ਹੀ ਇੱਕ ਹਨ, ਸਰ ਫਰੈਂਕ ਲੋਈ, ਜਿਹਨਾਂ ਨੇ ਵੈਸਟਫੀਲਡ ਦੀ ਸਥਾਪਨਾਂ ਕੀਤੀ ਸੀ।
ਪਿਛਲੇ ਸੱਤਰਾਂ ਸਾਲਾਂ ਵਿੱਚ ਆਸਟ੍ਰੇਲੀਆ ਨੇ ਇੱਕ ਮਿਲੀਅਨ ਦੇ ਕਰੀਬ ਸ਼ਰਣਾਰਥੀਆਂ ਨੂੰ ਠਾਹਰ ਪ੍ਰਦਾਨ ਕੀਤੀ ਹੈ ਅਤੇ ਉਮੀਦ ਹੈ ਕਿ ਆਣ ਵਾਲੇ ਸਾਲ ਵਿੱਚ ਵੀ ਕੋਈ 18,000 ਦੇ ਕਰੀਬ ਹੋਰਨਾਂ ਦਾ ਸਵਾਗਤ ਕੀਤਾ ਜਾਵੇਗਾ।
ਕੂਈਨਜ਼ਲੈਂਡ ਸੂਬੇ ਦੀ ਸੰਸਥਾ ‘ਐਕਸੈਸ ਕਮਿਊਨਿਟੀ ਸਰਵਿਸਿਸ’, ਸ਼ਰਣਾਰਥੀਆਂ ਨੂੰ ਉਹਨਾਂ ਦੇ ਪੈਰਾਂ ਤੇ ਮੁੜ ਖੜਾ ਹੋਣ ਲਈ ਕਈ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਚੀਫ ਐਗਜ਼ੈਕਟਿਵ ਅਫਸਰ, ਗੇਅਲ ਕਾਰ ਦਾ ਕਹਿਣਾ ਹੈ ਕਿ ਇਹ ਸੰਸਥਾ ਉਹਨਾਂ ਸਾਰੇ ਸ਼ਰਣਾਰਥੀਆਂ ਨੂੰ ਮਦਦ ਪ੍ਰਦਾਨ ਕਰਦੀ ਹੈ ਜਿਨਾਂ ਨੂੰ ਬਹੁਤ ਥੋੜੀ ਅੰਗਰੇਜੀ ਆਉਂਦੀ ਹੈ ਅਤੇ ਜਿਨਾਂ ਕੋਲ ਪਹਿਲਾਂ ਕੋਈ ਵੀ ਕੰਮ ਕਰਨ ਦਾ ਤਜਰਬਾ ਆਦਿ ਨਾ ਹੋਵੇ।
ਕਈ ਸ਼ਰਣਾਰਥੀਆਂ ਵਿੱਚ ਔਰਤਾਂ ਵੀ ਸ਼ਾਮਲ ਹਨ, ਜਿਨਾਂ ਨੂੰ ਆਪਣੇ ਘਰ-ਬਾਰ ਬਹੁਤ ਖਤਰੇ ਭਰੇ ਹਾਲਾਤਾਂ ਵਿੱਚ ਛਡਣੇ ਪਏ ਸਨ।
ਪੈਂਮਬਾ ਨੂੰ ਲੋਗਨ ਵਿੱਚ ਆਇਆਂ ਕੋਈ ਢਾਈ ਕੂ ਸਾਲ ਹੋ ਗਏ ਹਨ। ਬਹੁਤ ਥੋੜੀ ਅੰਗ੍ਰੇਜੀ ਜਾਨਣ ਦੇ ਬਾਵਜੂਦ ਵੀ ਇਸ ਨੇ 11ਵੀਂ ਦੀ ਜਮਾਤ ਵਿੱਚ ਦਾਖਲਾ ਲਿਆ। ਆਪਣੀ ਮਜਬੂਤ ਇੱਛਾ ਸ਼ਕਤੀ ਦੁਆਰਾ ਇਸ ਨੇ ਜਲਦੀ ਹੀ ਆਪਣੇ ਆਪ ਨੂੰ ਇੱਥੋਂ ਦੇ ਮਾਹੋਲ ਵਿੱਚ ਸਥਾਪਤ ਕਰ ਲਿਆ ਅਤੇ ਆਪਣੀ ਜਮਾਤ ਵਿੱਚ ਵੀ ਬਹੁਤ ਕਾਬਲੀਅਤ ਹਾਸਲ ਕਰ ਲਈ।ਸਕੂਲ ਪਾਸ ਕਰਨ ਤੋਂ ਬਾਅਦ ਹੁਣ ਇਹ ਇਕ ਮਾਡਲ ਵਜੋਂ ਕੰਮ ਕਰਨ ਲਈ ਟਰੇਨਿੰਗ ਲੈ ਰਹੀ ਹੈ। ਪੈਂਮਬਾ ਕਹਿੰਦੀ ਹੈ ਕਿ ਉਹ ਆਪਣੇ ਆਪ ਨੂੰ ਕਿਸਮਤ ਵਾਲੀ ਸਮਝਦੀ ਹੈ ਕਿਉਂਕਿ ਉਹ ਆਪਣੀ ਯੂਨਿਵਰਸਟੀ ਦੀਆਂ ਫੀਸਾਂ ਲਈ ਨਾਲੋ ਨਾਲ ਯੋਗ ਕੰਮ ਵੀ ਕਰ ਰਹੀ ਹੈ।
ਇਸ ਸ਼ਰਣਾਰਥੀ ਹਫਤੇ ਨੂੰ ਮਨਾਉਣ ਲਈ ਆਸਟ੍ਰੇਲੀਆ ਭਰ ਵਿੱਚ ਸੈਂਕੜੇ ਹੀ ਸਮਾਗਮ ਕੀਤੇ ਜਾਣੇ ਹਨ। ਪੈਂਮਬਾ ਕਹਿੰਦੀ ਹੈ ਕਿ ਇਸ ਦੁਆਰਾ ਉਹਨਾਂ ਸਾਰੇ ਹੀ ਸ਼ਰਣਾਰਥੀਆਂ ਨੂੰ ਮਾਣ ਸਨਮਾਨ ਮਿਲ ਸਕੇਗਾ ਜਿਨਾਂ ਨੇ ਆਸਟ੍ਰੇਲੀਆ ਨੂੰ ਆਪਣਾ ਘਰ ਮੰਨ ਲਿਆ ਹੋਇਆ ਹੈ।