ਸਿਡਨੀ ਦੀ ਸਮਾਜ ਭਲਾਈ ਸੰਸਥਾ ਹਰਮਨ ਫਾਂਊਂਡੇਸ਼ਨ ਦੀ ਸੰਸਥਾਪਕ ਹਰਿੰਦਰ ਕੌਰ ਨੇ ਕਿਹਾ ਕਿ "ਸਮਾਜ ਵਿੱਚ ਫੈਲੀ ਘਰੇਲੂ ਹਿੰਸਾ ਵਾਲੀ ਸਮੱਸਿਆ ਨੂੰ ਅਕਸਰ ਉਦੋਂ ਤੱਕ ਅਣਗੋਲਿਆ ਜਾਂਦਾ ਹੈ ਜਦੋਂ ਤੱਕ ਪਾਣੀ ਸਿਰ ਉੱਪਰ ਦੀ ਨਹੀਂ ਲੰਘ ਜਾਂਦਾ"।
ਇਹੀ ਕਾਰਨ ਸੀ ਕਿ ਉਨ੍ਹਾਂ ਇਸ ਬਾਰੇ ਜਾਗਰੂਕਤਾ ਪੈਂਦਾ ਕਰਨ ਲਈ ਐਨ ਐਸ ਡਬਲਿਊ ਸੰਸਦ ਭਾਵਾਂ ਵਿੱਚ ਦੋ ਨਾਟਕਾਂ ਦਾ ਆਯੋਜਨ ਕੀਤਾ।
ਇਹ ਦੋਵੇਂ ਨਾਟਕ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਨ ਅਤੇ ਇਹਨਾਂ ਨੂੰ ਸਿਆਸਤਦਾਨਾਂ, ਘਰੇਲੂ ਹਿੰਸਾ ਦੇ ਪੀੜਤਾਂ, ਸਮਾਜ ਭਲਾਈ ਮਾਹਰਾਂ ਅਤੇ ਭਾਈਚਾਰੇ ਦੇ ਲੋਕਾਂ ਵਲੋਂ ਭਰਪੂਰ ਸਲਾਹਿਆ ਗਿਆ।

ਹਰਿੰਦਰ ਕੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦੀ ਫਾਂਊਂਡੇਸ਼ਨ ਵਲੋਂ ਪੀੜਤਾਂ ਦੀ ਮੱਦਦ ਲਈ ਇੱਕ 24 ਘੰਟੇ 7 ਦਿਨ ਚੱਲਣ ਵਾਲੀ ਟੈਲੀਫੋਨ ਹੈਲਪ ਲਾਈਨ ਵੀ ਸਥਾਪਤ ਕੀਤੀ ਹੋਈ ਹੈ।
"ਇਸ ਤੋਂ ਅਲਾਵਾ ਸਾਡੀ ਸੰਸਥਾ ਨੇ ਇੱਕ ਰਿਹਾਇਸ਼ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਜਿਸ ਵਿੱਚ ਪੀੜਤਾਂ ਨੂੰ ਫੌਰੀ ਤੌਰ 'ਤੇ ਸਿਰ ਢਕਣ ਲਈ ਢੁੱਕਵੀ ਜਗਾ ਦਿੱਤੀ ਜਾਂਦੀ ਹੈ,” ਉਨ੍ਹਾਂ ਕਿਹਾ।

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਮਈ ਦਾ ਮਹੀਨਾ ਘਰੇਲੂ ਹਿੰਸਾ ਦੀ ਰੋਕਥਾਮ ਲਈ ਹੀ ਸਮਰਪਿਤ ਕੀਤਾ ਜਾਂਦਾ ਹੈ।
ਸੰਸਦ ਭਵਨ ਵਿੱਚ ਖੇਡੇ ਗਏ ਦੋਵੇਂ ਨਾਟਕ ਘਰੇਲੂ ਹਿੰਸਾ ਦੀ ਕਰੂਪ ਤਸਵੀਰ ਬਿਆਨ ਕਰਨ ਵਾਲੇ ਸਨ ਅਤੇ ਇਹਨਾਂ ਨੂੰ ਸਾਰੇ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ।

ਇਸ ਤੋਂ ਇਲਾਵਾ ਘਰੇਲੂ ਹਿੰਸਾ ਰੋਕਥਾਮ ਮਾਹਰਾਂ ਅਤੇ ਪੀੜਤਾਂ ਵਿਚਾਲੇ ਇੱਕ ਖੁੱਲਾ ਸੰਵਾਦ ਵੀ ਰਚਿਆ ਗਿਆ ਜਿਸ ਵਿੱਚ ਸਮੱਸਿਆਵਾਂ ਨੂੰ ਸੁਣਦੇ ਹੋਏ ਉਹਨਾਂ ਦੇ ਹੱਲ ਲੱਭਣ ਦੇ ਯਤਨ ਵੀ ਵਿਚਾਰੇ ਗਏ।
ਹਰਮਨ ਫਾਂਊਂਡੇਸ਼ਨ ਵਲੋਂ ਕਰਵਾਏ ਇਸ ਸਮਾਗਮ ਵਿੱਚ ਕਈ ਸਿਆਸਤਦਾਨਾਂ, ਸਮਾਜ ਭਲਾਈ ਸੰਸਥਾਵਾਂ ਦੇ ਨੁਮਾਂਇੰਦਿਆਂ, ਘਰੇਲੂ ਹਿੰਸਾ ਦੇ ਪੀੜਤ ਵਿਅਕਤੀਆਂ ਅਤੇ ਭਾਈਚਾਰੇ ਦੀਆਂ ਅਹਿਮ ਸ਼ਖਸ਼ੀਅਤਾਂ ਨੇ ਭਾਗ ਲਿਆ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।





