ਸਾਹਿਤਕ ਸੱਥ ਮੈਲਬੌਰਨ ਵਲੋਂ ਨਵੀਂ ਪੀੜੀ ਨੂੰ ਪੰਜਾਬੀ ਤੇ ਸਾਹਿਤ ਨਾਲ਼ ਜੋੜਨ ਲਈ ਕਰਵਾਇਆ ਜਾਂਦਾ 'ਅਦਬੀ ਉਤਸਵ'

Sahitik Sath, Melbourne

ਸਾਹਿਤਕ ਸੱਥ ਮੈਲਬੌਰਨ ਦੇ 'ਅਦਬੀ ਉਤਸਵ' ਵਿੱਚ ਇਸ ਵਾਰ ਕਵੀ ਜਸਵੰਤ ਸਿੰਘ ਜ਼ਫਰ ਦੀ ਹਾਜ਼ਰੀ Credit: Zafar photo concept Ak creations

ਮੈਲਬੌਰਨ ਦੇ 'ਅਦਬੀ ਉਤਸਵ' ਵਿੱਚ ਇਸ ਵਾਰ ਪੰਜਾਬ ਤੋਂ ਆਏ ਪ੍ਰਸਿੱਧ ਕਵੀ ਜਸਵੰਤ ਸਿੰਘ ਜ਼ਫਰ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਹੋਣਗੇ। ਇਸ ਦੌਰਾਨ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਦੀਆਂ ਕੁਝ ਮੰਨੀਆਂ-ਪ੍ਰਮੰਨੀਆਂ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਲੋਕ ਸਾਜ਼ਾਂ ਦੀ ਪੇਸ਼ਕਾਰੀ, ਬੱਚਿਆਂ ਵੱਲੋਂ ਬਣਾਈਆਂ ਤਸਵੀਰਾਂ ਦੀ ਪ੍ਰਦਰਸ਼ਨੀ ਅਤੇ ਕਿਤਾਬਾਂ ਦੀ ਇੱਕ ਸਟਾਲ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੇਗੀ।


ਸਾਹਿਤਕ ਸੱਥ ਮੈਲਬੌਰਨ ਦੇ ਨੁਮਾਇੰਦਿਆਂ ਸਨੀ ਬੇਰੀ ਤੇ ਬਿੱਕਰ ਬਾਈ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਪਿਛਲੇ ਸਾਲ ਕਰੋਨਾ ਕਾਲ ਵਿਚ ਸ਼ੁਰੂ ਕੀਤੇ ਇਸ ਸਮਾਗਮ ਨੂੰ ਉਹ ਆਸਟ੍ਰੇਲੀਆ ਦਾ ਇੱਕ ਮਿਆਰੀ ਸਾਹਿਤਕ ਉਤਸਵ ਬਣਾਉਣਾ ਚਾਹੁੰਦੇ ਹਨ ਤੇ ਇਹ ਕੋਸ਼ਿਸ਼ ਉਸੇ ਕੜੀ ਦਾ ਇੱਕ ਹਿੱਸਾ ਹੈ।

"ਇਸ ਅਦਬੀ ਬੈਠਕ ਨੂੰ ਇਸ ਵਾਰ ਅਸੀਂ ਹੋਰ ਵੀ ਮੁਹੱਬਤ ਅਤੇ ਮਿਹਨਤ ਨਾਲ ਸਜਾ ਰਹੇ ਹਾਂ। ਇਸ ਵਿੱਚ ਸ਼ਾਇਰ ਜਸਵੰਤ ਜ਼ਫ਼ਰ ਜੀ ਦੀ ਹਾਜ਼ਰੀ ਤਾਰਿਆਂ ਵਿਚ ਚੰਨ ਵਰਗੀ ਹੋਵੇਗੀ," ਉਨ੍ਹਾਂ ਦੱਸਿਆ।

“ਇਸ ਸਮਾਗਮ ਤਹਿਤ ਸਾਡਾ ਮੁਖ ਉਦੇਸ਼ ਆਸਟ੍ਰੇਲੀਆ ਵਸਦੇ ਨਵੀਂ ਪੀੜੀ ਦੇ ਬੱਚਿਆਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ਼ ਜੋੜਨਾ ਹੈ।“
Zafar 6.jpg
ਸਾਹਿਤਕ ਸੱਥ ਮੈਲਬੌਰਨ ਦਾ ਸਲਾਨਾ ਅਦਬੀ ਉਤਸਵ 2023 Credit: Supplied
ਸਮਾਗਮ ਦੌਰਾਨ 'ਗੌਰਵ ਪੰਜਾਬ ਦੇ' ਪੁਰਸਕਾਰ ਤਹਿਤ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਕੁਝ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ ਜਿਸ ਵਿੱਚ ਥੀਏਟਰ ਅਦਾਕਾਰੀ ਲਈ ਮਹਿੰਗਾ ਸਿੰਘ ਸੰਗਰ, ਬਾਲ ਸਾਹਿਤ ਤੇ ਅਧਿਆਪਨ ਲਈ ਹਰਪ੍ਰੀਤ ਸੰਧੂ, ਮੀਡੀਆ ਸੇਵਾਵਾਂ ਲਈ ਰੌਬੀ ਬੈਨੀਪਾਲ ਤੇ ਕਲਾ-ਸੱਭਿਆਚਾਰ-ਭੰਗੜੇ ਦੇ ਖੇਤਰ ਵਿੱਚ ਸੇਵਾਵਾਂ ਦੇਣ ਵਾਲ਼ੇ ਗੁਰਦੀਪ ਸਿੱਧੂ ਸ਼ਾਮਿਲ ਹਨ।

'ਅਦਬੀ ਉਤਸਵ' ਦੌਰਾਨ ਉਘੇ ਭੰਗੜਾ ਕੋਚ ਸੁਖਜਿੰਦਰ ਲਾਡੀ ਦੁਆਰਾ ਲੋਕ ਸਾਜ਼ਾਂ ਦੀ ਪੇਸ਼ਕਾਰੀ ਅਤੇ ਪ੍ਰਦਰਸ਼ਨੀ ਉਸ ਦਿਨ ਸੁਰਾਂ ਬਿਖੇਰਦੀ ਹੋਈ ਆਪਣਾ ਰੰਗ ਦਿਖਾਵੇਗੀ।

ਪ੍ਰੀਤ ਖਿੰਡਾ ਦੁਆਰਾ ਸਥਾਪਿਤ ਵਿਰਾਸਤੀ ਸਕੂਲ ਜੀਲੌਂਗ ਦੇ ਬੱਚੇ ਆਪਣੇ ਨੰਨ੍ਹੇ ਹੱਥਾਂ ਨਾਲ ਬਣਾਈਆਂ ਤਸਵੀਰਾਂ ਨੂੰ ਪ੍ਰਦਰਸ਼ਿਤ ਕਰਨਗੇ ਜਦਕਿ ਪੰਜਾਬੀਅਤ ਨੂੰ ਸਮਰਪਿਤ ਜੱਸੀ ਧਾਲੀਵਾਲ ਕਿਤਾਬਾਂ ਦਾ ਸਟਾਲ ਲਗਾਵੇਗੀ।
Bikker bai Sunny Berri.jpg
ਸਾਹਿਤਕ ਸੱਥ ਮੈਲਬੌਰਨ ਦੇ ਨੁਮਾਇੰਦੇ ਸਨੀ ਬੇਰੀ ਤੇ ਬਿੱਕਰ ਬਾਈ Credit: Supplied
ਪ੍ਰਬੰਧਕਾਂ ਨੇ ਇਸ ਅਦਬੀ ਸਮਾਗਮ ਵਿੱਚ ਸ਼ਮੂਲੀਅਤ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ।

ਮਿਤੀ: 19 ਮਾਰਚ 2023 ਦਿਨ ਐਤਵਾਰ - ਸਥਾਨ: ਕਲਾਈਡ ਪਬਲਿਕ ਹਾਲ, ਮੈਲਬੌਰਨ

ਇਸ ਇੰਟਰਵਿਊ ਦੌਰਾਨ ਬਿੱਕਰ ਬਾਈ ਨੇ ਆਪਣੀਆਂ ਕਿਤਾਬਾਂ 'ਬੋਲ ਪਏ ਅਲਫਾਜ਼' ਅਤੇ 'ਗੀਤ ਰਹਿਣਗੇ ਕੋਲ਼' ਵਿਚਲੀਆਂ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ।

ਹੋਰ ਜਾਣਕਾਰੀ ਲਈ ਇਹ ਆਡੀਓ ਲਿੰਕ ਕਲਿਕ ਕਰੋ:

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਸਾਹਿਤਕ ਸੱਥ ਮੈਲਬੌਰਨ ਵਲੋਂ ਨਵੀਂ ਪੀੜੀ ਨੂੰ ਪੰਜਾਬੀ ਤੇ ਸਾਹਿਤ ਨਾਲ਼ ਜੋੜਨ ਲਈ ਕਰਵਾਇਆ ਜਾਂਦਾ 'ਅਦਬੀ ਉਤਸਵ' | SBS Punjabi