ਮੈਲਬੌਰਨ ਵਿੱਚ ਕਰੇਗੀਬਰਨ ਦੇ ਰਹਿਣ ਵਾਲ਼ੇ ਸਰਬਰਿੰਦਰ ਕੁਲਾਰ ਨੇ ਐਸ ਬੀ ਐਸ ਪੰਜਾਬੀ ਨਾਲ ਇੰਟਰਵਿਊ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਪੁਰਾਣੇ ਸਿੱਕੇ ਅਤੇ ਵਸਤਾਂ ਇਕੱਠੀਆਂ ਕਰਨ ਦਾ ਸ਼ੌਕ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ 30 ਸਾਲਾਂ ਦੌਰਾਨ ਉਨ੍ਹਾਂ ਨਾ ਸਿਰਫ਼ ਆਸਟ੍ਰੇਲੀਆ ਅਤੇ ਭਾਰਤ, ਬਲਕਿ ਅਮਰੀਕਾ, ਫਰਾਂਸ, ਗ੍ਰੀਸ, ਇਟਲੀ, ਚੀਨ ਅਤੇ ਕੋਰੀਆ ਸਮੇਤ ਹੋਰ ਦੇਸ਼ਾਂ ਦੀਆਂ ਇਤਿਹਾਸਕ ਸਮਾਂ-ਰੇਖਾਵਾਂ ਤਹਿ ਕਰਦੇ ਸਿੱਕੇ ਵੀ ਆਪਣੀ 'ਕੋਲੇਕਸ਼ਨ' ਵਿੱਚ ਸਾਂਭੇ ਹੋਏ ਹਨ।
"ਮੈਂ ਇਸ ਸਿਲਸਿਲੇ ਵਿੱਚ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਕਿ ਮੈਂ ਖਾਲਸਾ ਰਾਜ, ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਵੇਲ਼ੇ ਦੇ ਸਿੱਕੇ ਅਤੇ ਦੀਵਾਨ ਟੋਡਰ ਮੱਲ ਦੀ ਸੋਨੇ ਦੀ ਮੋਹਰ ਵੀ ਆਪਣੀ ਕੋਲੇਕਸ਼ਨ ਦਾ ਹਿੱਸਾ ਬਣਾ ਸਕਿਆ," ਉਨ੍ਹਾਂ ਕਿਹਾ।
ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਸਿੱਖ ਰਾਜ ਨਾਲ਼ ਸਬੰਧਿਤ ਅਹਿਮ ਚਿੰਨ੍ਹ ਤੇ ਸਿੱਕੇ ਇਕੱਠੇ ਕਰਨ ਦਾ ਵੀ ਮੌਕਾ ਮਿਲਿਆ।ਸਰਬਰਿੰਦਰ ਕੁਲਾਰ, ਮੈਲਬੌਰਨ
"ਮੈਨੂੰ ਇਤਹਾਸ ਪੜ੍ਹਨ ਉੱਤੇ ਪਤਾ ਲੱਗਿਆ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਇਕ ਸ਼ਾਹੀ ਫ਼ੁਰਮਾਨ ਜਾਰੀ ਕੀਤਾ ਸੀ ਕਿ ਅਗਰ ਕੋਈ ਸਸਕਾਰ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਰਹਿੰਦ ਦੇ ਚੌਧਰੀ ਅੱਟੇ ਕੋਲੋਂ ਸਸਕਾਰ ਜੋਗੀ ਜ਼ਮੀਨ ਖ਼ਰੀਦਣੀ ਪਵੇਗੀ, ਜਿਸ ਲਈ ਓਨੀ ਹੀ ਥਾਂ ਉਪਰ ਸੋਨੇ ਦੀਆਂ ਮੋਹਰਾਂ ਖੜੀਆਂ ਕਰਨੀਆਂ ਪੈਣਗੀਆਂ।"
"ਇਸ ਲੋੜ ਨੂੰ ਪੂਰਾ ਕਰਨ ਅੱਗੇ ਆਏ ਦੀਵਾਨ ਟੋਡਰ ਮੱਲ, 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਆਪਣਾ ਫ਼ਰਜ਼ ਨਿਭਾਉਂਦਿਆਂ ਸਿੱਖ ਇਤਿਹਾਸ ਵਿੱਚ ਸਤਿਕਾਰ ਦਾ ਪਾਤਰ ਬਣੇ ਸੀ," ਉਨ੍ਹਾਂ ਦੱਸਿਆ।

ਸ੍ਰੀ ਕੁਲਾਰ ਦਾ ਕਹਿਣਾ ਹੈ ਕਿ ਉਹ ਇਤਿਹਾਸਕ ਸਿੱਕੇ ਖਰੀਦਣ ਵੇਲੇ ਹਮੇਸ਼ਾ ਸਾਵਧਾਨੀ ਵਰਤਦੇ ਹਨ।
"ਇਸ ਲਈ ਥੋੜ੍ਹੀ ਖੋਜ ਕਰਨੀ ਜ਼ਰੂਰੀ ਹੁੰਦੀ ਹੈ। ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਇਸ ਲਈ ਮੈਂ ਮਹਿੰਗੇ ਅਤੇ ਪੁਰਾਤਨ ਸਿੱਕੇ ਖਰੀਦਣ ਲਈ ਕਿਸੇ ਮਾਹਰ ਦੀ ਸਲਾਹ ਅਤੇ ਸਰਟੀਫ਼ਿਕੇਸ਼ਨ ਨੂੰ ਖ਼ਾਸ ਤਵੱਜੋ ਦਿੰਦਾ ਹਾਂ," ਉਨ੍ਹਾਂ ਕਿਹਾ।
ਸਰਬਰਿੰਦਰ ਕੁਲਾਰ ਨਾਲ ਪੂਰੀ ਇੰਟਰਵਿਊ ਸੁਣਨ ਲਈ ਇੱਥੇ ਕਲਿੱਕ ਕਰੋ...




