ਇੱਕ ਭਾਰਤੀ ਟੈਕਸੀ ਡਰਾਈਵਰ ਨੂੰ ਮੈਲਬੌਰਨ ਦੇ ਉੱਤਰ-ਪੂਰਬ ਵਿੱਚ ਇੱਕ ਯਾਤਰੀ ਵੱਲੋਂ ਹਥੌੜੇ ਨਾਲ਼ ਕੁੱਟਣ-ਮਾਰਨ ਦਾ ਚਿੰਤਾਜਨਕ ਮਾਮਲਾ ਸਾਮਣੇ ਆਇਆ ਹੈ।
ਹਾਈਡਲਬਰਗ ਦੇ ਇਲਾਕੇ ਵਿੱਚ ਵਿੱਚ ਹੋਈ ਇਸ ਘਟਨਾ ਪਿੱਛੋਂ ਟੈਕਸੀ-ਚਾਲਕ ਨੂੰ ਲਹੂ-ਲੁਹਾਨ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।
ਡਰਾਈਵਰ ਜੋ 'ਮਿਸਟਰ ਸਿੰਘ' ਦੇ ਨਾਂ ਨਾਲ਼ ਜਾਣਿਆ ਚਾਹੁੰਦਾ ਹੈ, ਦੇ ਸਿਰ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਪੀੜਤ ਟੈਕਸੀ ਡਰਾਈਵਰ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਵਿੱਚ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰੋ।

37-ਸਾਲਾ ਇਸ ਪੀੜਤ ਨੇ ਘਟਨਾ ਬਾਰੇ ਬੋਲਦਿਆਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਜਦੋ ਟੈਕਸੀ ਚਲਾ ਰਿਹਾ ਸੀ ਤਾਂ ਯਾਤਰੀ ਨੇ ਉਸਦੇ ਸਿਰ ਦੇ ਪਿਛਲੇ ਹਿੱਸੇ 'ਤੇ ਹਥੌੜੇ ਨਾਲ਼ ਵਾਰ ਕੀਤਾ।
“ਇਕ ਪਲ ਲਈ ਮੈਂ ਬੇਹੋਸ਼ ਹੋ ਗਿਆ। ਰੱਬ ਜਾਣਦਾ ਹੈ ਕਿ ਮੇਰੀ ਟੈਕਸੀ ਕਿਵੇਂ ਰੁਕੀ। ਜਦੋਂ ਮੈਨੂੰ ਹੋਸ਼ ਆਇਆ, ਉਦੋਂ ਤਕ ਉਸਨੇ ਆਪਣੇ ਹਥੌੜੇ ਨਾਲ ਸਾਰੀਆਂ ਖਿੜਕੀਆਂ ਅਤੇ ਵਿੰਡਸਕਰੀਨ ਤੋੜ ਦਿੱਤੀ ਸੀ।"
“ਉਹ ਮੈਨੂੰ ਦੁਬਾਰਾ ਸਿਰ ਤੇ ਮਾਰਨ ਲਈ ਸਾਈਡ-ਵਿੰਡੋ ਤੋਂ ਆਇਆ ਪਰ ਮੈਂ ਉਸ ਨੂੰ ਦੂਰ ਰੱਖਣ ਲਈ ਆਪਣੀਆਂ ਲੱਤਾਂ ਅਤੇ ਬਾਹਾਂ ਦੀ ਵਰਤੋਂ ਕੀਤੀ। ਇਸ ਦੌਰਾਨ ਮੇਰੇ ਚਿਹਰੇ, ਬਾਹਾਂ ਅਤੇ ਲੱਤਾਂ 'ਤੇ ਕਈ ਸੱਟਾਂ ਲੱਗੀਆਂ।”

ਸ੍ਰੀ ਸਿੰਘ ਨੇ ਕਿਹਾ ਕਿ ਉਸ ਦੀਆਂ ਚੀਕਾਂ ਸੁਣਕੇ ਆਂਢ-ਗੁਆਂਢ ਦੇ ਲੋਕ ਉਸਦੇ ਬਚਾਅ ਲਈ ਆਏ ਜਿੰਨਾ ਐਂਬੂਲੈਂਸ ਅਤੇ ਪੁਲਿਸ ਨੂੰ ਬੁਲਾਇਆ ਪਰ ਓਦੋਂ ਤੱਕ ਕਥਿਤ ਦੋਸ਼ੀ ਜੋ ਅਫ਼ਰੀਕਨ-ਮੂਲ ਦਾ ਸੀ ਓਥੋਂ ਫ਼ਰਾਰ ਹੋ ਗਿਆ ਸੀ।
ਇਹ ਘਟਨਾ 19 ਜਨਵਰੀ ਐਤਵਾਰ ਨੂੰ ਦੁਪਹਿਰ 1.45 'ਤੇ ਲਿਬਰਟੀ ਪਰੇਡ, ਹਾਈਡਲਬਰਗ ਵਿਖੇ ਵਾਪਰੀ।
ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਵਿਕਟੋਰੀਆ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਸ੍ਰੀ ਸਿੰਘ ਨੇ ਕਿਹਾ ਕਿ ਉਹ ਕੈਬ ਚਾਲਕਾਂ ਲਈ ਕੁਝ ਸਹਾਇਤਾ ਪ੍ਰਣਾਲੀ ਅਤੇ ਸੁਰੱਖਿਆ ਦੇ ਪ੍ਰਬੰਧ ਹੁੰਦੇ ਦੇਖਣਾ ਚਾਹੁੰਦੇ ਹਨ।
“ਕੋਈ ਵੀ ਮੇਰੀ ਸਹਾਇਤਾ ਲਈ ਅੱਗੇ ਨਹੀਂ ਆਇਆ। ਮੈਨੂੰ ਤਾਂ ਵੀ ਟੈਕਸੀ ਦੇ ਹੋਏ ਨੁਕਸਾਨ ਦੀ ਬੀਮੇ ਦੀ ਐਕਸਸ ਵੀ ਭਰਨੀ ਪਾਈ ਹੈ। ਇਸ ਤੋਂ ਇਲਾਵਾ ਐਮਬੂਲੈਂਸ ਵਿਕਟੋਰੀਆ ਵੱਲੋਂ ਵੀ ਮੈਨੂੰ ਹਸਪਤਾਲ ਲਿਜਾਣ ਦਾ ਬਿੱਲ ਦੇਣਾ ਪਿਆ ਹੈ,” ਉਸਨੇ ਕਿਹਾ।

ਐਸ ਬੀ ਐਸ ਪੰਜਾਬੀ ਨੇ ਇਸ ਘਟਨਾ ਸਬੰਧੀ 13ਕੈਬਜ਼ ਕੰਪਨੀ ਨਾਲ਼ ਸੰਪਰਕ ਕੀਤਾ ਹੈ ਜਿੰਨਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ।
ਅਸੀਂ 13ਕੈਬਜ਼ ਨੂੰ ਟੈਕਸੀ ਡਰਾਈਵਰਾਂ ਨਾਲ਼ ਹੁੰਦੇ ਦੁਰਵਿਵਹਾਰ ਅਤੇ ਕੁੱਟਮਾਰ ਦੇ ਆਂਕੜੇ ਪੁੱਛੇ ਹਨ ਅਤੇ ਨਾਲ਼ ਇਹ ਵੀ ਸਵਾਲ ਕੀਤਾ ਹੈ ਕਿ ਕੰਪਨੀ ਪੀੜਤਾਂ ਦੀ ਕਿਸ ਕਿਸਮ ਦੀ ਮਦਦ ਕਰਦੀ ਹੈ।
Listen to SBS Punjabi Monday to Friday at 9 pm. Follow us on Facebook and Twitter.








