ਇੱਕ ਨਵੀਂ ਖੋਜ (New research ) ਵਿੱਚ ਪਤਾ ਚਲਿਆ ਹੈ ਕਿ ਆਸਟ੍ਰੇਲੀਆ ਦੇ ਕੰਮ ਕਰਨ ਵਾਲੇ ਸਾਰੇ ਯੋਗ ਵਿਅਕਤੀਆਂ ਵਿੱਚੋਂ ਅੱਧੇ ਤੋਂ ਵੀ ਘੱਟ ਅਜਿਹੇ ਹਨ ਜੋ ਕਿ ਫੁੱਲ-ਟਾਈਮ ਨੋਕਰੀਆਂ ਕਰ ਰਹੇ ਹਨ। ਪਾਰਟ-ਟਾਈਮ ਅਤੇ ਕੈਜ਼ੂਅਲ ਵਰਕ ਨੂੰ ਤਰਜੀਹ ਦਿੱਤੇ ਜਾਣ ਵਾਲੇ ਵਾਤਾਵਰਣ ਵਿੱਚ ਕਰੀਏਟੀਵਿਟੀ ਅਤੇ ਫਲੈਕਸੀਬਿਲਿਟੀ ਨੂੰ ਉਭਰਨ ਦਾ ਜਿਆਦਾ ਮੌਕਾ ਮਿਲ ਰਿਹਾ ਹੈ।
ਵਿਦੇਸ਼ੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਦੇ ਭਵਿੱਖ ਨੂੰ ਸੁਧਾਰਨ ਵਾਸਤੇ ‘ਕੈਟਾਪੁਲਟ ਪੀਪਲ’(Catapult People) ਨਾਮਕ ਕੋਚਿੰਗ ਅਜੈਂਸੀ ਚਲਾ ਰਹੇ ਹਨ, ਪੈਟਰਿਕ ਕੂਮਰਫੋਰਡ। 58 ਸਾਲਾਂ ਦੀ ਇਸ ਉਮਰ ਵਿੱਚ ਇਹ ਜਨਾਬ ਆਪਣਾ ਨਿਜੀ ਕਾਰੋਬਾਰ ਤਾਂ ਚਲਾ ਹੀ ਰਹੇ ਹਨ, ਨਾਲ ਹੀ ਨਾਲ ਇਹ ਦੂਜੀਆਂ ਹੋਰ ਕੰਪਨੀਆਂ ਵਾਸਤੇ ਕਾਂਨਟਰੈਕਟਰ ਵਜੋਂ ਵੀ ਕੰਮ ਕਰ ਰਹੇ ਹਨ। ਅਤੇ ਪੰਜਾਹਾਂ ਨੂੰ ਢੁੱਕੇ ਹੋਏ ਬਹੁਤ ਸਾਰੇ ਹੋਰ ਵੀ ਵਿਅਕਤੀਆਂ ਲਈ ਵੀ ਅਜਿਹੇ ਹੀ ਕੰਮ ਅਹਿਮੀਅਤ ਬਣਦੇ ਜਾ ਰਹੇ ਹਨ।
ਹੁਣ ਵਾਲਾ ਇਹ ਕੰਮ ਇਹਨਾਂ ਦੇ ਪਹਿਲਾਂ ਵਾਲੇ, ਇੱਕ ਮੈਨੇਜਰ ਵਜੋਂ ਕੰਮ ਕਰਨ ਨਾਲੋਂ ਬਹੁਤ ਵਖਰਾ ਹੈ ਜਿਸ ਵਿੱਚ ਇਹਨਾਂ ਕੋਲੇ ਆਪਣਾ ਇੱਕ ਸਹਾਇਕ ਵੀ ਹੁੰਦਾ ਸੀ। ਹੁਣ ਇਹਨਾਂ ਨੇ ਆਪਣਾ ਇੱਕ ‘ਆਸਟ੍ਰੇਲੀਅਨ ਬਿਜ਼ਨਸ ਨੰਬਰ’ ਯਾਨਿ ਕਿ ‘ਏ ਬੀ ਐਨ’ ਵੀ ਲੈ ਲਿਆ ਹੈ ਅਤੇ ਇਸ ਦੁਆਰਾ ਹੁਣ ਇਹ, ਬਜਾਏ ਇੱਕ ਬੱਝਵੀਂ ਤਨਖਾਹ ਹਾਸਲ ਕਰਨ ਦੇ, ਆਪਣੇ ਗਾਹਕਾਂ ਨੂੰ ਸਮਂੇ ਸਮੇਂ ਤੇ ਇਨਵੋਇਸਿਸ ਆਦਿ ਭੇਜਦੇ ਰਹਿੰਦੇ ਹਨ ।
ਨਾਲ ਹੀ ਇੱਕ ਮਾਨਵੀ ਹੱਕਾਂ ਦੀ ਰਾਖੀ ਕਰਨ ਵਾਲੇ ਕਮਿਸ਼ਨ ਦੀ ਰਿਪੋਰਟ (Human Rights Commission report) ਵਿੱਚ ਵੀ ਇਹ ਪਤਾ ਚਲਿਆ ਹੈ ਕਿ ਪੰਜਾਂ ਵਿੱਚੋਂ ਤਕਰੀਬਨ ਤਿੰਨ ਨੋਕਰੀ ਭਾਲਣ ਵਾਲਿਆਂ ਨੂੰ ਉਹਨਾਂ ਦੀ ਉਮਰ ਕਰਕੇ ਭੇਦਭਾਵ ਦਾ ਸਾਹਮਣਾ ਕਰਨਾਂ ਪੈਂਦਾ ਹੈ। ਪੈਟਰਿਕ ਕੋਮਰਫੋਰਡ ਸਮਝਦੇ ਹਨ ਕਿ ਪਰਪੱਕ ਉਮਰ ਦੇ ਕਾਮਿਆਂ ਦਾ ਭਵਿੱਖ ਹੁਣ ਇੱਕ ਤੋਂ ਜਿਆਦਾ ਕੈਜ਼ੂਅਲ ਯਾਨਿ ਕਿ ਆਰਜ਼ੀ ਨੋਕਰੀਆਂ ਵਿੱਚ ਹੀ ਸੁਰੱਖਿਅਤ ਬਣਦਾ ਜਾ ਰਿਹਾ ਹੈ, ਜਦਕਿ ਪਾਰਟ-ਟਾਈਮ ਵਾਲਾ ਕੰਮ ਤਾਂ ਹੋਰ ਵੀ ਜਿਆਦਾ ਔਖਾ ਬਣਦਾ ਜਾ ਰਿਹਾ ਹੈ।
ਨੈਸ਼ਨਲ ਸੀਨਿਅਰਸ ਫਾਈਨੈਂਸ਼ੀਅਲ ਇੰਨਫੋਰਮੈਸ਼ਨ ਡੈਸਕ’(National Seniors Financial Information Desk )ਨਾਮੀ ਸੰਸਥਾ ਵਿੱਚ ਬੈਸਿਲ ਲਾ-ਬਰੂਈ ਇੱਕ ਸੀਨਅਰ ਆਫੀਸਰ ਵਜੋਂ ਕੰਮ ਰਹੇ ਹਨ। ਇਹ ਵੀ ਮੰਨਦੇ ਹਨ ਕਿ ਵਡੇਰੀ ਉਮਰ ਦੇ ਕਾਮੇਂ ਹੁਣ ਪਾਰਟ-ਟਾਈਮ ਕੰਮ ਭਾਲਣ ਦੀ ਬਜਾਏ, ਆਪਣਾ ਨਿਜੀ ਏ ਬੀ ਐਨ ਹਾਸਲ ਕਰਦੇ ਨਜ਼ਰ ਆ ਰਹੇ ਹਨ।
ਜੇ ਕਰ ਤੁਸੀਂ ਇਸ ਸਮੇਂ ਪੈਂਨਸ਼ਨ ਹਾਸਲ ਕਰ ਰਹੇ ਹੋ ਤਾਂ ਵੀ ਤੁਸੀਂ ‘ਵਰਕ ਬੋਨਸ’(Work Bonus) ਸਕੀਮ ਦੇ ਅਧੀਨ, ਬਗੈਰ ਪੈਂਨਸ਼ਨ ਉੱਤੇ ਅਸਰ ਪਾਇਆਂ, ਇੱਕ ਪੰਦਰਵਾੜੇ ਦੇ $250 ਵਾਧੂ ਦੇ ਕਮਾ ਸਕਦੇ ਹੋ। ਅਗਲੇ ਸਾਲ ਤੋਂ ਇਹ ਰਾਸ਼ੀ $300 ਤੱਕ ਕਰ ਦਿੱਤੀ ਜਾਵੇਗੀ। ਜੂਲਾਈ 2019 ਤੋਂ, ਨਿਜੀ ਕਾਰੋਬਾਰ ਕਰਨ ਵਾਲੇ ਵੀ ਇਸ ਲਾਭ ਨੂੰ ਹਾਸਲ ਕਰ ਸਕਣਗੇ।
ਕਈ ਲੋਕਾਂ ਦੇ ਮਨਾਂ ਵਿੱਚ ਇਹ ਖਿਆਲ ਆ ਸਕਦਾ ਹੈ ਕਿ ਅਗਰ ਜਿਆਦਾ ਕੰਮ ਕੀਤਾ ਗਿਆ ਤਾਂ ਪੈਂਨਸ਼ਨ ਉੱਤੇ ਅਸਰ ਪੈ ਜਾਵੇਗਾ। ਪਰ ਲਾ-ਬਰੂਈ ਆਸਟ੍ਰੇਲੀਆਈ ਲੋਕਾਂ ਨੂੰ ਜਿਆਦਾ ਲੰਮੇਰੀ ਅਤੇ ਸਿਹਤਮੰਦ ਜਿੰਦਗੀ ਜਿਊਣ ਖਾਤਰ, ਪੈਸੇ ਕਮਾਉਂਦੇ ਰਹਿਣ ਵਾਸਤੇ ਹੀ ਉਤਸ਼ਾਹਤ ਕਰਦੇ ਹਨ।
ਇਸੇ ਤਰਾਂ ‘ਐਸੋਸ਼ਿਏਟ ਕੈਰੀਅਰ ਮੈਨੇਜਮੈਂਟ’(Associated Career Management Australia ) ਨਾਮੀ ਅਜੈਂਸੀ ਨੂੰ ਚਲਾ ਰਹੇ ਹਨ ਟੋਨੀ ਕੋਸਬੀ। ਅਤੇ ਇਹ ਵੀ ਕਹਿੰਦੇ ਹਨ ਕਿ ਵਡੇਰੀ ਉਮਰ ਦੇ ਲੋਕਾਂ ਨੂੰ ਪਾਰਟ-ਟਾਈਮ ਕੰਮਾਂ ਵਿੱਚ ਬਣੇ ਰਹਿਣ ਲਈ ਕਈ ਪ੍ਰਕਾਰ ਦੇ ਇੰਨਸੈਂਟਿਵ ਵੀ ਹੁੰਦੇ ਹਨ।
‘2015 ਇੰਨਟਰ-ਜਨਰੇਸ਼ਨਲ ਰਿਪੋਰਟ’ (2015 Intergenerational Report ) ਅਨੁਸਾਰ ਇਸ ਸਦੀ ਦੇ ਮੱਧ ਤੱਕ, ਆਸਟ੍ਰੇਲੀਆ ਵਿੱਚ 65 ਸਾਲਾਂ ਤੋਂ ਜਿਆਦਾ ਉਮਰ ਦੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਇਸ ਕਾਰਨ ਸਿਹਤ ਸੇਵਾਵਾਂ ਵਾਲੀ ਇੰਡਸਟਰੀ ਨੂੰ ਵੀ ਢੁੱਕਵੇਂ ਕੰਮ ਕਰਨ ਵਾਲਿਆਂ ਦੀ ਹੋਰ ਵੀ ਵਧੇਰੇ ਜਰੂਰਤ ਪਵੇਗੀ।
ਕੋਈ ਸ਼ੱਕ ਨਹੀਂ ਕਿ ਉਮਰ ਦੇ ਵੱਧ ਜਾਣ ਨਾਲ ਨੋਕਰੀਆਂ ਭਾਲਣ ਵਿੱਚ ਇੱਕ ਵੱਡੀ ਦਿੱਕਤ ਆਉਂਦੀ ਹੈ। ਪਰ ਅਗਰ ਤੁਸੀਂ ਦਹਾਕਿਆਂ ਤੋਂ ਵਿਦੇਸ਼ਾਂ ਵਿੱਚ ਕੰਮ ਕਰਦੇ ਹੋਏ, ਅੰਗਰੇਜੀ ਵੀ ਦੂਜੀ ਭਾਸ਼ਾ ਵਜੋਂ ਹੀ ਵਰਤੀ ਹੋਵੇ, ਤਾਂ ਨੋਕਰੀਆਂ ਲੱਭਣੀਆਂ ਕੁੱਝ ਜਿਆਦਾ ਔਖੀਆਂ ਹੋ ਜਾਂਦੀਆਂ ਹਨ। 53 ਸਾਲਾਂ ਦੇ ਓਸਾਮਾਂ ਬੁੱਟੀ ਨੇ ਸਾਲ 2015 ਵਿੱਚ ਆਸਟ੍ਰੇਲੀਆ ਆਉਣ ਤੋਂ ਪਹਿਲਾਂ, ਇਰਾਕ ਵਿੱਚ ਕਈ ਸਾਲ ਮਾਰਕੀਟਿੰਗ ਐਗਜ਼ੈਕਟਿਵ ਵਜੋਂ ਕੰਮ ਕੀਤਾ ਸੀ।
‘ਏ ਐਮ ਈ ਐਸ ਆਸਟ੍ਰੇਲੀਆ’(AMES Australia) ਤੋਂ ਟਰੇਨਿੰਗ ਹਾਸਲ ਕਰਨ ਉਪਰੰਤ ਉੱਥੇ ਹੀ ਛੇ ਮਹੀਨਿਆਂ ਤੱਕ ਵਲੰਟੀਅਰ ਵਜੋਂ ਕੰਮ ਕਰਨ ਨਾਲ ਬੁੱਟੀ ਨੇ ਦੋ ਕੈਜ਼ੂਅਲ ਨੋਕਰੀਆਂ ਹਾਸਲ ਕਰ ਲਈਆਂ ਹਨ।
‘ਸੈਂਟਰ ਫਾਰ ਫਿਊਚਰ ਵਰਕ’ (Centre for Future Work) ਦੀ ਨਵੀਂ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਇਸ ਸਮੇਂ ਆਸਟ੍ਰੇਲੀਆ ਵਿੱਚ ਕੰਮ ਕਰਨ ਲਈ ਯੋਗ ਕਾਮਿਆਂ ਵਿੱਚੋਂ ਸਿਰਫ ਅੱਧੇ ਹੀ ਫੁੱਲ-ਟਾਈਮ ਕੰਮ ਕਰ ਰਹੇ ਹਨ।
ਪਰ, ਬੁੱਟੀ ਮੋਕਿਆਂ ਦੇ ਇੰਤਜਾਰ ਵਿੱਚ ਵਿਹਲਾ ਬੈਠਣਾ ਨਹੀਂ ਚਾਹੁੰਦਾ। ਹਰ ਹਫਤੇ ਦੋ ਕੈਜ਼ੂਅਲ ਵਰਕ ਵਾਲੇ ਕੰਮਾਂ ਵਿੱਚ ਛੇ ਤੋਂ ਨੋਂ ਘੰਟੇ ਕੰਮ ਕਰਨ ਤੋਂ ਬਾਅਦ ਬੁੱਟੀ ਕਮਿਊਨਿਟੀ ਡਿਵੈਲਪਮੈਂਟ ਦਾ ਡਿਪਲੋਮਾਂ ਵੀ ਕਰ ਰਿਹਾ ਹੈ ਤਾਂ ਕਿ ਉਸ ਨੂੰ ਢੁੱਕਵਾਂ ਫੁੱਲ ਟਾਈਮ ਕੰਮ ਮਿਲ ਸਕੇ।
‘ਏ ਐਮ ਈ ਐਸ’ ਦੇ ਕਰਿਅਰ ਪਾਥਵੇਅ ਸਲਾਹਕਾਰ ਡਰੂਅ ਵਿਕਰੀ ਦਾ ਕਹਿਣਾ ਹੈ ਕਿ ਵਡੇਰੀ ਉਮਰ ਦੇ ਪ੍ਰਵਾਸੀਆਂ ਨੂੰ ਕੰਮ ਭਾਲਣਾ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ। ਸਰਕਾਰ ਵਲੋਂ ‘ਰਿਸਟਾਰਟ’(Restart) ਸਕੀਮ ਦੇ ਅਧੀਨ ਇੱਕ ਖਾਸ ਰਿਆਇਤ ਦਿੰਦੇ ਹੋਏ 50 ਸਾਲਾਂ ਤੋਂ ਵਡੇਰੀ ਉਮਰ ਦੇ ਲੋਕਾਂ ਨੂੰ $10,000 ਦੀ ਰਾਸ਼ੀ ਪ੍ਰਤੋਸਾਹਨ ਵਜੋਂ ਦਿੱਤੀ ਜਾਂਦੀ ਹੈ। ਬੇਸ਼ਕ ਇਹ ਦੱਸ ਹਜਾਰ ਡਾਲਰਾਂ ਵਾਲੀ ਰਿਸਟਾਰਟ ਸਕੀਮ ਕਈ ਅਜਿਹੇ ਛੋਟੇ ਉਦਿਯੋਗਾਂ, ਜਿਨਾਂ ਦੇ ਬਜਟ ਬਹੁਤ ਹੀ ਸੋੜੇ ਹੁੰਦੇ ਹਨ, ਵਾਸਤੇ ਕਾਫੀ ਖਿੱਚ ਰਖਦੀ ਹੈ। ਪਰ ਇਸ ਦਾ ਮੰਤਵ ਇਹੀ ਹੋਣਾ ਚਾਹੀਦਾ ਹੈ ਕਿ ਨੋਕਰੀ ਵਿੱਚ ਕਿਹੜਾ ਨਵਾਂ ਮੁੱਲ ਜੋੜਿਆ ਜਾ ਸਕਦਾ ਹੈ।
ਟੋਨੀ ਕਰੋਸਬੀ ਕਹਿੰਦੇ ਹਨ ਕਿ ਅਗਰ ਤੁਹਾਡੇ ਕੋਲ ਲੋੜੀਂਦਾ ਉਦਿਯੋਗਿਕ ਤਜਰਬਾ ਨਹੀਂ ਹੈ, ਤਾਂ ਵੀ ਤੁਸੀਂ ਰੁਜ਼ਗਾਰ-ਦਾਤਾ ਨੂੰ ਆਪਣੇ ਬਦਲਵੇਂ ਹੁਨਰਾਂ ਦੁਆਰਾ ਕੰਨਵਿਨਸ ਕਰ ਸਕਦੇ ਹੋ।