ਸ਼ੈਪਰਟਨ ਗੁਰਦੁਆਰਾ ਜਥੇਬੰਦੀ ਗੁਰੂ ਨਾਨਕ ਸਿੱਖ ਸੁਸਾਇਟੀ ਅਤੇ ਖ਼ਾਲਸਾ ਫਾਊਂਡੇਸ਼ਨ ਵੱਲੋਂ ਸਾਂਝੇ ਉਧਮ ਤਹਿਤ ਲੋਕਾਂ ਦੀ ਸਹਾਇਤਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਗੁਰਦੁਆਰੇ ਦੇ ਸਕੱਤਰ ਗੁਰਮੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ 16,000 ਤੋਂ ਵੀ ਵੱਧ ਲੋਕਾਂ ਨੂੰ ਸਵੈ-ਪੱਧਰ ਉੱਤੇ ਅਲੱਗ-ਥਲੱਗ ਕਰਨ ਲਈ ਕਹੇ ਜਾਣ ਤੋਂ ਬਾਅਦ ਸਥਿਤੀ ਕਾਫੀ ਚਿੰਤਾਜਨਕ ਬਣੀ ਹੋਈ ਹੈ ਤੇ ਲੋਕਾਂ ਨੂੰ ਵੱਧ ਤੋਂ ਵੱਧ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।
"ਸਕੂਲਾਂ ਵਿੱਚ ਕੋਵਿਡ-19 ਵਾਇਰਸ ਆਉਣ ਪਿੱਛੋਂ ਸਥਿਤੀ ਨੂੰ ਸੰਭਾਲਣਾ ਥੋੜ੍ਹਾ ਮੁਸ਼ਕਲ ਹੋ ਗਿਆ ਸੀ ਇਸ ਦੇ ਨਤੀਜੇ ਵਜੋਂ ਪ੍ਰਸ਼ਾਸ਼ਨ ਨੇ ਸਾਡੇ ਕਸਬੇ ਦੀ ਇੱਕ ਤਿਹਾਈ ਆਬਾਦੀ ਨੂੰ ਆਈਸੋਲੇਸ਼ਨ ਵਿੱਚ ਰਹਿਣ ਲਈ ਆਖਿਆ ਹੈ," ਉਨ੍ਹਾਂ ਦੱਸਿਆ।

ਇਸ ਚਿੰਤਾਜਨਕ ਸਥਿਤੀ ਦੇ ਚਲਦਿਆਂ ਲੋੜਵੰਦ ਲੋਕਾਂ ਨੂੰ ਮੁਫ਼ਤ ਭੋਜਨ ਤੇ ਕਰਿਆਨੇ ਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਸਿੱਖ ਭਾਈਚਾਰਾ ਅੱਗੇ ਆਇਆ ਹੈ।
ਉਨ੍ਹਾਂ ਦੱਸਿਆ ਕਿ ਸਿੱਖ ਸੇਵਾਦਾਰਾਂ ਨੇ ਹੋਰ ਵਲੰਟੀਅਰਾਂ ਨਾਲ਼ ਮਿਲਕੇ ਹੁਣ ਤਕ 100 ਤੋਂ ਵੀ ਵੱਧ ਪਰਿਵਾਰਾਂ ਦੀ ਭੋਜਨ ਤੇ ਖਾਣੇ-ਦਾਣੇ ਵਿੱਚ ਮੱਦਦ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਸਹੂਲਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।
ਇਸ ਦੌਰਾਨ ਸ਼ੈਪਰਟਨ ਦੇ ਵਸਨੀਕ ਧਾਮੀ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮਾਜ-ਸੇਵੀ ਕੰਮਾਂ ਲਈ ਅੰਤਰਾਸ਼ਟਰੀ ਪੱਧਰ ਉੱਤੇ ਸਤਿਕਾਰ ਦੀ ਪਾਤਰ ਬਣੀ ਖ਼ਾਲਸਾ ਏਡ ਜਥੇਬੰਦੀ ਵੱਲੋਂ 'ਜੀ ਵੀ ਕੇਅਰ' ਸੰਸਥਾ ਦੇ ਸਹਿਯੋਗ ਨਾਲ ਕਰਿਆਨੇ ਦੀਆਂ ਕਿੱਟਾਂ ਮੁਹੱਈਆ ਕਰਾਉਣ ਦੀ ਸੇਵਾ ਸ਼ੁਰੂ ਕੀਤੀ ਹੋਈ ਹੈ।
ਉਹਨਾਂ ਦੁਆਰਾ ਮੁਫ਼ਤ ਭੋਜਨ ਦੀ ਸਹੂਲਤ ਤਹਿਤ ਮੈਲਬੌਰਨ ਸ਼ਹਿਰ ਦੇ ਫਲਿੰਡਰਜ਼ ਸਟ੍ਰੀਟ ਸਟੇਸ਼ਨ ਲਾਗੇ 'ਫ਼ੂਡ-ਵੈਨ' ਦਾ ਉਪਰਾਲਾ ਵੀ ਕੀਤਾ ਗਿਆ ਸੀ।
Read this story in English

Shepparton’s Sikh community bands together to serve free meals and grocery kits as COVID cluster grows
ਵਿਕਟੋਰੀਅਨ ਸਰਕਾਰ ਨੇ 26 ਅਗਸਤ ਨੂੰ ਜਾਰੀ ਇੱਕ ਮੀਡੀਆ ਰੀਲੀਜ਼ ਵਿੱਚ ਖ਼ਾਲਸਾ ਫਾਊਂਡੇਸ਼ਨ ਦੇ ਸਮਾਜ ਸੇਵੀ ਯਤਨਾਂ ਦਾ ਜ਼ਿਕਰ ਕਰਦੇ ਦੱਸਿਆ ਕਿ ਉਨ੍ਹਾਂ ਨੂੰ ਵੀ ਲੋੜ੍ਹੀਂਦੇ ਭਾਈਚਾਰਕ ਫੰਡ ਦਿੱਤੇ ਜਾ ਰਹੇ ਹਨ ਤਾਂ ਕਿ ਉਹ ਸ਼ੈਪਰਟਨ ਦੇ ਵਸਨੀਕਾਂ ਨੂੰ ਕਰਿਆਨਾ ਤੇ ਜ਼ਰੂਰੀ ਸਾਮਾਨ ਮੁਹੱਈਆ ਕਰਾਉਣ ਦੇ ਨਾਲ-ਨਾਲ ਆਪਣੀ ਮੁਫ਼ਤ ਭੋਜਨ ਸੇਵਾ ਜਾਰੀ ਰੱਖ ਸਕਣ।
ਰਾਜ ਸਰਕਾਰ ਦੇ ਦੱਸਣ ਮੁਤਾਬਕ ਅਗਸਤ 2020 ਤੋਂ ਸਰਕਾਰ ਨੇ ਪੰਜ ਲੱਖ ਤੋਂ ਵੀ ਵੱਧ ਵਿਕਟੋਰੀਅਨ ਲੋਕਾਂ ਦੀ ਸਹਾਇਤਾ ਲਈ ਲਗਪਗ 23 ਮਿਲੀਅਨ ਡਾਲਰ ਖਰਚ ਕੀਤੇ ਹਨ।
ਪੂਰੀ ਗੱਲਬਾਤ ਸੁਣਨ ਲਈ ਆਡੀਓ ਬਟਨ 'ਤੇ ਕਲਿਕ ਕਰੋ
ਕਰੋਨਾਵਾਇਰਸ ਬਾਰੇ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ







