ਮਾਪਿਆਂ ਨੂੰ ਇਹ ਕਿਵੇਂ ਪਤਾ ਚੱਲ ਸਕਦਾ ਹੈ ਕਿ ਉਹਨਾਂ ਦੇ ਬੱਚੇ ਸਕੂਲ ਜਾਣ ਯੋਗ ਹੋ ਗਏ ਹਨ? ਇਹ ਇੱਕ ਬਹੁਤ ਵੱਡਾ ਸਵਾਲ ਹੈ।
ਇਸ ਸਮੇਂ ਦੇਸ਼ ਭਰ ਦੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਸਕੂਲ ਸ਼ੁਰੂ ਉਮਰ ਕਰਨ ਦੀਆਂ ਹੱਦਾਂ ਅਲੱਗ ਅਲੱਗ ਹਨ। ਪੱਛਮੀ ਆਸਟ੍ਰੇਲੀਆ ਵਿੱਚ ਸਾਢੇ ਤਿੰਨ ਸਾਲ ਦੇ ਬਾਲ ਸਕੂਲ ਸ਼ੁਰੂ ਕਰਦੇ ਹਨ, ਅਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਛੇ ਸਾਲ ਬਾਅਦ।
ਪੱਛਮੀ ਆਸਟ੍ਰੇਲੀਆ ਦੇ ਸਕੂਲ ਵਿਭਾਗ ਨਾਲ ਜੁੜੀ ਹੋਈ ਮੈਰੀਏਨ ਕਾਹਨੂਸ ਕਹਿੰਦੀ ਹੈ ਜਿੱਥੇ ਆਸਟ੍ਰੇਲੀਆ ਦੇ ਅਲੱਗ ਅਲੱਗ ਰਾਜਾਂ ਵਿਚਲੀ ਸਕੂਲ ਸ਼ੁਰੂ ਕਰਨ ਵਾਲੀ ਹੱਦ ਉਲਝਣ ਪੈਦਾ ਕਰਨ ਵਾਲੀ ਹੈ, ਉੱਥੇ ਮਾਪਿਆਂ ਲਈ ਇਹ ਵੀ ਸਮਝਣਾ ਔਖਾ ਹੁੰਦਾ ਹੈ ਕਿ ਅਸਲ ਵਿੱਚ ਸਕੂਲ ਸ਼ੁਰੂ ਕਰਨਾ ਕਹਿੰਦੇ ਕਿਸ ਨੂੰ ਹਨ? ਇਸ ਦੇ ਨਾਲ ਹੀ ਮਾਪੇ ਵੀ ਕੁੱਝ ਨਿਯਮਾਂ ਦੀ ਵਰਤੋਂ ਕਰਦੇ ਹੋਏ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਦੇਰ ਨਾਲ ਦਾਖਲ ਕਰਵਾ ਸਕਦੇ ਹਨ।
ਐਸੋਸ਼ਿਏਟ ਪ੍ਰੋਫੈਸਰ ਕਾਹਨੂਸ ਕਹਿੰਦੀ ਹੈ ਕਿ ਇਸ ਇਕਸਾਰਤਾ ਦੀ ਘਾਟ ਕਾਰਨ ਮਾਪਿਆਂ ਨੂੰ ਬੇਅੰਤ ਉਲਝਣਾਂ ਹੋ ਰਹੀਆਂ ਹਨ।
ਚਾਰਲਸ ਸਟੂਆਰਟ ਯੂਨਿਵਰਸਿਟੀ ਦੇ ਪ੍ਰੋਫੈਸਰ ਬੋਬ ਪੈਰੀ ਨੇ ਵਿਦਿਅਕ ਤਬਦੀਲੀਆਂ ਦਾ ਅਧਿਐਨ ਕੀਤਾ ਹੈ। ਇਹ ਕਹਿੰਦੇ ਹਨ ਕਿ ਰਾਸ਼ਟਰੀ ਨਿਯਮ ਅਨੁਸਾਰ ਸਾਰੇ ਬੱਚੇ ਛੇ ਸਾਲ ਦੀ ਉਮਰ ਤੱਕ ਸਕੂਲਾਂ ਵਿੱਚ ਦਾਖਲ ਹੋਣੇ ਚਾਹੀਦੇ ਹਨ। ਪਰ ਕੁੱਝ ਰਾਜਾਂ ਵਿਚਲੇ ਨਿਯਮਾਂ ਦਾ ਲਾਭ ਲੈਂਦੇ ਹੋਏ, ਕਈ ਮਾਪੇ ਆਪਣੇ ਬੱਚਿਆਂ ਦਾ ਸਕੂਲੀ ਦਾਖਲਾ ਲੇਟ ਕਰ ਦਿੰਦੇ ਹਨ ਜਿਸ ਦੇ ਨਤੀਜੇ ਵਜੋਂ ਕਈ ਕਲਾਸਾਂ ਵਿੱਚ ਚਾਰ ਤੋਂ ਛੇ ਸਾਲ ਦੇ ਬੱਚੇ ਇਕੱਠੇ ਪੜਾਈ ਕਰਨ ਰਹੇ ਹੁੰਦੇ ਹਨ।
ਪ੍ਰੋ ਪੈਰੀ ਅਨੁਸਾਰ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਬੱਚੇ ਪ੍ਰੀ-ਸਕੂਲ ਸਿੱਖਿਆ ਪ੍ਰਾਪਤ ਕਰ ਸਕਦੇ ਹਨ।
ਬੇਸ਼ਕ ਇਸ ਵਾਸਤੇ ਸਬਸਡਿੀਆਂ ਉਪਲੱਬਧ ਹਨ ਪਰ ਫੇਰ ਵੀ ਬਹੁਤ ਸਾਰੇ ਮਾਪਿਆਂ ਨੂੰ ਆਪਣੀ ਜੇਬ ਵਿੱਚ ਖਰਚ ਕਰਨਾ ਪੈਂਦਾ ਹੈ। ਬਿਊਰੋ ਆਫ ਸਟੈਟਿਸਟਿਕਸ ਦੇ 2019 ਵਾਲੇ ਆਂਕੜੇ ਦਰਸਾਉਂਦੇ ਹਨ ਕਿ 4 ਸਾਲਾਂ ਵਾਲੇ 83% ਅਤੇ 5 ਸਾਲਾਂ ਵਾਲੇ 21% ਬੱਚੇ ਪ੍ਰੀ ਸਕੂਲਾਂ ਵਿੱਚ ਦਾਖਲ ਹੋਏ ਸਨ।
ਪ੍ਰੋ ਪੈਰੀ ਨੂੰ ਜਿੱਥੇ ਇਹ ਪ੍ਰੀ ਸਕੂਲ ਮਹੱਤਵਪੂਰਨ ਲਗਦੇ ਹਨ ਉੱਥੇ ਨਾਲ ਹੀ ਇਹਨਾਂ ਦੇ ਮਿਆਰ ਬਾਰੇ ਵੀ ਚਿੰਤਾ ਹੈ।
ਕੁੱਝ ਖੋਜਾਂ ਵਿੱਚ ਪਤਾ ਚੱਲਿਆ ਹੈ ਕਿ ਜਿਹੜੇ ਬੱਚੇ ਦੇਰ ਨਾਲ ਸਕੂਲਾਂ ਵਿੱਚ ਦਾਖਲ ਹੁੰਦੇ ਹਨ ਉਹਨਾਂ ਦੇ ਨਤੀਜੇ ਚੰਗੇ ਆਉਂਦੇ ਹਨ। ਪ੍ਰੋ ਕਾਹਨੂਸ ਦਸਦੇ ਹਨ ਕਿ ਨਿਊ ਸਾਊਥ ਵੇਲਜ਼ ਯੂਨਿਵਰਸਿਟੀ ਨੇ 1 ਲੱਖ ਅਜਿਹੇ ਬੱਚਿਆਂ ਤੇ ਖੋਜ ਕੀਤੀ ਸੀ ਜਿਹਨਾਂ ਨੂੰ ਦੇਰ ਨਾਲ ਸਕੂਲ ਦਾਖਲ ਕਰਵਾਇਆ ਗਿਆ ਸੀ। ਦੇਖਣ ਵਿੱਚ ਆਇਆ ਸੀ ਕਿ ਹਰ ਇੱਕ ਮਹੀਨੇ ਦੀ ਹੋਈ ਦੇਰੀ ਦੇ ਨਾਲ ਬੱਚਿਆਂ ਦੇ ਨਤੀਜੇ ਹੋਰ ਵੀ ਚੰਗੇ ਹੋ ਗਏ ਸਨ।
ਅਰਲੀ ਚਾਈਲਡ ਹੁੱਡ ਆਸਟ੍ਰੇਲੀਆ ਦੀ ਦੇਸ਼ ਵਿਆਪੀ ਪ੍ਰਧਾਨ ਕਰਿਸਟੀਨ ਲੈੱਗ ਦਾ ਕਹਿਣਾ ਹੈ ਕਿ ਬੇਸ਼ਕ ਬੱਚਿਆਂ ਨੂੰ ਦੇਰ ਨਾਲ ਸਕੂਲਾਂ ਵਿੱਚ ਦਾਖਲ ਕਰਵਾਉਣ ਦੇ ਨਤੀਜੇ ਚੰਗੇ ਨਿਕਲਦੇ ਹਨ, ਪਰ ਮਾਪਿਆਂ ਵਾਸਤ ਇਹ ਕੋਈ ਸੋਖਾ ਕੰਮ ਵੀ ਨਹੀਂ ਹੁੰਦਾ ਹੈ।
ਬਗੈਰ ਇਸ ‘ਤੇ ਗੌਰ ਕੀਤਿਆਂ ਕਿ ਬੱਚਿਆਂ ਨੂੰ ਕਿਸ ਉਮਰ ਵਿੱਚ ਸਕੂਲ ਦਾਖਲ ਕਰਵਾਉਣਾ ਚਾਹੀਦਾ ਹੈ, ਮਾਹਰ ਮੰਨਦੇ ਹਨ ਕਿ ਮਾਪਿਆਂ ਨੂੰ ਘਰਾਂ ਵਿੱਚ ਹੀ ਆਪਣੇ ਬੱਚਿਆਂ ਨੂੰ ਜਿੰਦਗੀ ਦੀ ਇਸ ਮਹਾਨ ਤਬਦੀਲੀਆਂ ਲਈ ਤਿਆਰ ਕਰਨਾ ਚਾਹੀਦਾ ਹੈ।
ਬੱਚਿਆਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਉਹ ਸਕੂਲ ਜਾਣ ਬਾਰੇ ਕੀ ਸੋਚਦੇ ਹਨ? ਬੱਚਿਆਂ ਨੂੰ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਉੱਥੇ ਲਿਜਾ ਕੇ ਦਿਖਾਉਣਾ ਲਾਭਦਾਇਕ ਹੁੰਦਾ ਹੈ। ਅਤੇ ਇੱਕ ਹਫਤਾ ਪਹਿਲਾਂ ਤੋਂ ਛੇਤੀ ਸੌਣ ਦੀ ਆਦਤ ਵੀ ਪਾਉਣੀ ਲਾਹੇਵੰਦ ਹੁੰਦੀ ਹੈ।
ਐਸੋਸ਼ਿਏਟ ਪ੍ਰੋਫੈਸਰ ਕਾਹਨੂਸ ਕਹਿੰਦੀ ਹੈ ਕਿ ਸਕੂਲਾਂ ਦੀ ਸ਼ੁਰੂਆਤ ਸਿਰਫ ਪੜਾਈ ਦੇ ਵਿਕਾਸ ਲਈ ਹੀ ਨਹੀਂ ਹੁੰਦੀ ਬਲਿਕ, ਦੂਜਿਆਂ ਨਾਲ ਮਿਲ ਕੇ ਰਹਿਣ ਅਤੇ ਖੇਡਣਾ ਵੀ ਸਿੱਖਆ ਜਾਂਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






