ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ ਵਿਕਟੋਰੀਆ ਵਿੱਚ ਹੜ੍ਹ ਪੀੜਤਾਂ ਨੂੰ ਰਾਹਤ ਕਾਰਜ ਅਤੇ ਭੋਜਨ ਸਹਾਇਤਾ ਪ੍ਰਦਾਨ ਕਰਨ ਲਈ ਇੱਕਜੁੱਟ ਹੋਈਆਂ ਹਨ।
ਰਜਿਸਟਰਡ ਚੈਰਿਟੀ ਅਤੇ ਗੈਰ-ਲਾਭਕਾਰੀ ਸੰਸਥਾ, 'ਸਿੱਖ ਵਲੰਟੀਅਰਜ਼ ਆਸਟ੍ਰੇਲੀਆ' ਦੇ ਮੁਖੀ ਜਸਵਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ ਤੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਉਹ ਸ਼ਨੀਵਾਰ ਅਤੇ ਐਤਵਾਰ ਨੂੰ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਬੇਨਾਲਾ ਅਤੇ ਸੀਮੌਰ ਗਏ ਸਨ।
ਉਨ੍ਹਾਂ ਦੱਸਿਆ ਕਿ ਹਰ ਜਗ੍ਹਾ ਪਾਣੀ ਭਰਨ ਕਰ ਕੇ ਇੰਨ੍ਹਾ ਇਲਾਕਿਆਂ ਦੇ ਵਸਨੀਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਊਲ ਸਟੇਸ਼ਨ ਬੰਦ ਹੋਣ ਕਾਰਨ ਤੇਲ ਦੀ ਦਿੱਕਤ, ਗਰੋਸਰੀ ਨਾਂ ਮਿਲਣ ਦੀ ਸਮੱਸਿਆ ਅਤੇ ਟਰੱਕਾਂ ਦੀ ਆਵਾਜਾਈ ਬੰਦ ਹੋਣ ਕਾਰਨ ਰੋਜ਼ਮਰ੍ਹਾ ਦੀਆਂ ਬੁਨਿਆਦੀ ਜ਼ਰੂਰਤਾਂ ਦੀ ਘਾਟ ਮਹਿਸੂਸ ਹੋ ਰਹੀ ਹੈ।
"ਤਬਾਹੀ ਕਾਫੀ ਹੋਈ ਹੈ ਪਰ ਐਸ ਈ ਐਸ, ਪੁਲਿਸ ਅਤੇ ਸਰਕਾਰ ਵਲੋਂ ਹਾਲਾਤ ਕਾਫੀ ਕੰਟਰੋਲ ਕਰ ਲਏ ਗਏ ਹਨ। "

Members of Australian Sikh Support at Bendigo. Credit: Supplied by Mr Sapra.
ਏ ਐਸ ਐਸ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਪਰਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸ਼ੈਪਰਟਨ ਅਤੇ ਬੈਂਡਿਗੋ ਵਿੱਚ ਪਿਛਲੇ 3 ਦਿਨਾਂ ਤੋਂ ਸੇਵਾ ਵਿੱਚ ਲੱਗੀ ਹੋਈ ਹੈ।
ਲੋੜਵੰਦਾਂ ਨੂੰ ਮੁਫਤ ਭੋਜਨ ਅਤੇ ਹੜਾਂ ਦੇ ਪਾਣੀ ਨੂੰ ਘਰਾਂ 'ਚ ਦਾਖਲ ਹੋਣ ਤੋਂ ਬਚਾਉਣ ਲਈ ਰੇਤ ਦੀਆਂ ਥੈਲੀਆਂ ਦਿੱਤੀਆਂ ਜਾ ਰਹੀਆਂ ਹਨ।

Free food services at Shepparton emergency relief centre. Credit: Supplied by Mr Sapra.
ਇਸ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਅਲਪਾਈਨ, ਬੇਨਾਲਾ, ਬੁਲੋਕੇ, ਕੈਂਪਸਪੇ, ਸੈਂਟਰਲ ਗੋਲਡਫੀਲਡਜ਼, ਕੋਰੈਂਗਾਮਾਈਟ, ਗੰਨਾਵਾਰਾ, ਗ੍ਰੇਟਰ ਬੇਂਡੀਗੋ, ਗ੍ਰੇਟਰ ਸ਼ੈਪਰਟਨ, ਹੈਪਬਰਨ, ਹਾਰਸ਼ਮ, ਲੋਡਨ, ਮੈਸੇਡਨ ਰੇਂਜ, ਮੈਨਸਫੀਲਡ, ਮੈਰੀਬਿਰਨੋਂਗ, ਮਿਸ਼ੇਲ ਸ਼ਾਇਰ, ਮੋਇਰਾ, ਮੂਨੀ ਵੈਲੀ, ਮੁਰਿੰਡਿਡੀ, ਉੱਤਰੀ ਗ੍ਰੈਮਪੀਅਨਜ਼, ਪਾਈਰੇਨੀਜ਼, ਸਟ੍ਰੈਥਬੋਗੀ ਅਤੇ ਵਾਂਗਰਟਾ ਵਿੱਚ ਪ੍ਰਭਾਵਿਤ ਲੋਕਾਂ ਦੀ ਵਿੱਤੀ ਸਹਾਇਤਾ ਲਈ ਰਿਕਵਰੀ ਭੱਤੇ ਦਾ ਐਲਾਨ ਕੀਤਾ ਹੈ।