ਪ੍ਰਧਾਨ ਮੰਤਰੀ ਸਕੋਟ ਮਾਰੀਸਨ ਨੇ ਆਪਣੇ ਨਵੇਂ ਮੰਤਰੀ ਮੰਡਲ ਵਾਲੀ ਇਸ ਟੀਮ ਨੂੰ ਅਗਲੀਆਂ ਚੋਣਾਂ ਜਿਤਣ ਵਾਲੀ ਟੀਮ ਵਜੋਂ ਐਲਾਨਿਆ ਹੈ। ਅਤੇ ਅਜਿਹਾ ਉਸ ਵੇਲੇ ਕਿਹਾ ਗਿਆ ਹੈ ਜਦੋਂ ਕੂਲੀਸ਼ਨ ਪਿਛਲੇ ਹਫਤੇ ਦੇ ਲੀਡਰਸ਼ਿਪ ਵਾਲੇ ਰੋਲ-ਘਚੋਲੇ ਵਿੱਚੋਂ ਆਪਣੇ ਆਪ ਨੂੰ ਬਾਹਰ ਕਢਣ ਦੀ ਭਰਪੂਰ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਇਹਨਾਂ ਨਿਯੁਕਤੀਆਂ ਵਿੱਚ ਹੀ ਸ਼ਾਮਲ ਕੀਤੇ ਗਏ ਹਨ ਪੀਟਰ ਡਟਨ ਵੀ ਜਿਨਾਂ ਨੇ ਲੀਡਰਸ਼ਿਪ ਵਾਲੀ ਦੌੜ ਵਿੱਚ ਸਭ ਤੋਂ ਅੱਗੇ ਨਿਕਲਣ ਦੀ ਭਰਪੂਰ ਪਰ ਅਸਫਲ ਕੋਸ਼ਿਸ਼ ਵੀ ਕੀਤੀ ਸੀ, ਅਤੇ ਉਹਨਾਂ ਨੂੰ ਮੁੜ ਤੋਂ ਗ੍ਰਹਿ ਵਿਭਾਗ ਦਾ ਕਾਰਜ ਭਾਰ ਸੰਭਾਲਿਆ ਗਿਆ ਹੈ। ਪਰ ਨਾਲ ਹੀ ਸ਼੍ਰੀ ਮੋਰੀਸਨ ਨੇ ਕਿਹਾ ਕਿ ਗ੍ਰਹਿ ਵਿਭਾਗ ਨਾਲੋਂ ਪ੍ਰਵਾਸ ਵਾਲਾ ਵਿਭਾਗ ਤੋੜ ਕਿ ਅਲੱਗ ਕਰ ਦਿੱਤਾ ਜਾਵੇਗਾ।
ਪ੍ਰਵਾਸ ਵਿਭਾਗ ਨੂੰ ਪੀਟਰ ਡਟਨ ਦੇ ਕੋਲੋਂ ਖੋਹ ਲੈਣ ਦਾ ਸ਼ਰਣਾਰਥੀਆਂ ਦਾ ਭਲਾ ਕਰਨ ਵਾਲੀਆਂ ਸੰਸਥਾਵਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ‘ਰਿਫਿਊਜੀ ਐਕਸ਼ਨ ਕੂਲੀਸ਼ਨ’ ਦੇ ਵਕਤਾ ਈਅਨ ਰਿਨਤੂਲ ਕਹਿੰਦੇ ਹਨ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਵਾਸ ਨੂੰ ਲੈ ਕਿ ਬਹੁਤ ਹੀ ਵਿਰੋਧੀ ਪ੍ਰਭਾਵ ਪੈਦਾ ਹੋ ਗਏ ਸਨ, ਅਤੇ ਲੋਕਾਂ ਦੀ ਨਾਗਰਿਕਤਾ ਵਾਲੀਆਂ ਅਰਜੀਆਂ ਵਿੱਚ ਬਹੁਤ ਜਿਆਦਾ ਖੜੋਤ ਆ ਗਈ ਸੀ। ਸ਼੍ਰੀ ਰਿਨਤੂਲ ਨੇ ਐਸ ਬੀ ਐਸ ਨਿਊਜ਼ ਨੂੰ ਦਸਿਆ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਨਵੇਂ ਮੰਤਰੀ ਵਲੋਂ ਇਸ ਵਿਭਾਗ ਲਈ ਕੁੱਝ ਬਿਹਤਰ ਕੀਤਾ ਜਾਵੇ।
ਦਸਣਯੋਗ ਹੈ ਕਿ, ਨਵੇਂ ਮੰਤਰੀ ਮੰਡਲ ਵਿੱਚ ਕਰਿਸਟੋਫਰ ਪੇਅਨ ਹੁਣ ਰੱਖਿਆ ਵਿਭਾਗ ਦੇਖਣਗੇ ਅਤੇ ਸਟੀਵਨ ਚਿਆਬੋ ਡਿਫੈਂਨਸ ਇੰਡਸਟਰੀ ਮਨਿਸਟਰ ਹੋਣਗੇ।
ਡਾਨ ਟੀਹਾਨ ਨੂੰ ਸਿਖਿਆ ਵਿਭਾਗ ਸੰਭਾਲਿਆ ਗਿਆ ਹੈ ਜਦਕਿ ਸਾਈਮਨ ਬਰਮਿੰਘਮ ਹੁਣ ਟਰੇਡ ਅਤੇ ਟੂਰੀਜ਼ਮ ਮੰਤਰੀ ਹੋਣਗੇ। ਜੂਲੀ ਬਿਸ਼ਪ ਵਲੋਂ ਵਿਦੇਸ਼ ਵਿਭਾਗ ਛੱਡੇ ਜਾਣ ਤੋਂ ਬਾਅਦ ਹੁਣ ਇਸ ਨੂੰ ਮਾਰੀਸਾ ਪੇਅਨ ਦੇਖਣਗੇ। ਜਿਕਰਯੋਗ ਹੈ ਕਿ ਮਿਸ ਬਿਸ਼ਪ ਪਿਛਲੇ ਕੋਈ ਪੰਦਰਾਂ ਕੂ ਸਾਲਾਂ ਤੋਂ ਕੂਲੀਸ਼ਨ ਦੀ ਮੂਹਰਲੀ ਕਤਾਰ ਦੇ ਮੈਂਬਰ ਰਹੇ ਸਨ ਅਤੇ ਪਿਛਲੇ ਪੰਜਾਂ ਸਾਲਾਂ ਤੋਂ ਵਿਦੇਸ਼ ਵਿਭਾਗ ਦੇਖ ਰਹੇ ਸਨ। ਸ਼੍ਰੀ ਮੋਰੀਸਨ ਦੇ ਦਸਿਆ ਕਿ ਉਹਨਾਂ ਦੇ ਨਵੇਂ ਮੰਤਰੀ ਮੰਡਲ ਦੇ ਗਠਨ ਵਿੱਚ ਮਿਸ ਬਿਸ਼ਪ ਦੀ ਸਲਾਹ ਵੀ ਸ਼ਾਮਲ ਹੈ।
ਭੂਤਪੂਰਵ ਪ੍ਰਧਾਨ ਮੰਤਰੀ ਜੋਹਨ ਹੋਵਾਰਡ ਨੇ ਮਿਸ ਬਿਸ਼ਪ ਦੇ ਅਸਤੀਫੇ ਨੂੰ ਦੇਸ਼ ਵਾਸਤੇ ਬਹੁਤ ਵੱਡਾ ਘਾਟਾ ਕਿਹਾ ਹੈ। ਉਹਨਾਂ ਸਕਾਈ ਨਿਊਜ਼ ਨੂੰ ਕਿਹਾ ਕਿ ਮਿਸ ਬਿਸ਼ਪ ਉਹਨਾਂ ਦੇ ਸਮੇਂ ਤੋਂ ਹੀ ਕੈਬੀਨੇਟ ਵਿੱਚ ਖਾਸੇ ਅਹਿਮ ਚਲਦੇ ਆ ਰਹੇ ਹਨ।
ਬਾਕੀ ਦੇ ਹੋਰ ਵਿਭਾਗਾਂ ਦੀ ਵੰਡ ਇਸ ਪ੍ਰਕਾਰ ਕੀਤੀ ਗਈ ਹੈ। ਮਿਚ ਫਿਫੀਲਡ ਨੂੰ ਮੁੜ ਤੋਂ ਸੰਚਾਰ ਵਿਭਾਗ ਸੰਭਾਲਿਆ ਗਿਆ ਹੈ ਅਤੇ ਗਰੇਗ ਹੰਟ ਵੀ ਪਹਿਲਾਂ ਵਾਲਾ ਸਿਹਤ ਵਿਭਾਗ ਹੀ ਦੇਖਣਗੇ। ਮੈਥੀਆਸ ਕੋਰਮਨ ਮੁੜ ਤੋਂ ਵਿਤ ਵਿਭਾਗ ਦਾ ਕਾਰਜ ਸੰਭਾਲਦੇ ਹੋਏ ਸੇਨੇਟ ਦੇ ਵੀ ਮੁਖੀ ਹੋਣਗੇ।
ਅਤੇ ਨਵੇਂ ਲਿਬਰਲ ਡਿਪਟੀ ਲੀਡਰ ਜੋਸ਼ ਫਰਾਇਡਨਬਰਗ ਨੂੰ ਖਜਾਨਚੀ ਵਜੋਂ ਸਹੁੰ ਚੁਕਾ ਦਿੱਤੀ ਗਈ ਹੈ। ਭੂਤਪੂਰਵ ਸਿਟੀਜ਼ਨ ਅਤੇ ਮਲਟੀਕਲਚਰਲ ਅਫੇਅਰਸ ਮੰਤਰੀ ਐਲਨ ਟੱਜ ਨੂੰ ਹੁਣ ਅਰਬਨ ਇੰਫਰਾਸਟਰਕਚਰ ਦਾ ਭਾਰ ਸੰਭਾਲਿਆ ਗਿਆ ਹੈ।
ਸ਼੍ਰੀ ਮੋਰੀਸਨ ਨੇ ਘੋਸ਼ਣਾ ਕੀਤੀ ਹੈ ਕਿ ਐਂਗੁਸ ਟੇਲਰ ਊਰਜਾ ਵਿਭਾਗ ਦੇ ਮੰਤਰੀ ਹੋਣਗੇ ਅਤੇ ਵਾਤਾਵਾਰਣ ਦੀ ਸੰਭਾਲ ਵਾਸਤੇ ਇੱਕ ਅਲੱਗ ਮੰਤਰੀ ਹੋਣਗੇ, ਮੈਲੀਸਾ ਪਰਾਈਸ।
ਵਾਤਾਵਰਣ ਦੀ ਸੰਭਾਲ ਕਰਨ ਵਾਲੇ ਗਰੁੱਪ, ‘ਫਰੈਂਡਸ ਆਫ ਦਾ ਅਰਥ’ ਨੇ ਕਿਹਾ ਹੈ ਕਿ ਉਹਨਾਂ ਨੂੰ ਸਕੋਟ ਮਾਰੀਸਨ ਵਲੋਂ ਊਰਜਾ ਅਤੇ ਵਾਤਾਵਰਣ ਵਿਭਾਗਾਂ ਨੂੰ ਅਲਗ ਕਰਨ ਉੱਤੇ ਕੋਈ ਵੀ ਇਤਰਾਜ ਨਹੀਂ ਹੈ। ਪਰ ਕੈਂਪੇਅਨ ਕੋਆਰਡੀਨੇਟਰ ਕੈਮ ਵਾਲਕਰ ਨੇ ਐਸ ਬੀ ਐਸ ਨਿਊਜ਼ ਨੂੰ ਕਿਹਾ ਕਿ ਐਂਗਸ ਟੇਅਲਰ ਨੂੰ ਊਰਜਾ ਮੰਤਰੀ ਨਿਯੁਕਤ ਕੀਤੇ ਜਾਣ ਤੇ ਉਹਨਾਂ ਨੂੰ ਖਾਸਾ ਇਤਰਾਜ ਹੈ।
ਹੋਰ ਨਿਯੁਕਤੀਆਂ ਵਿੱਚ, ਕੈਰੇਨ ਐਂਡਰਿਊਜ਼ ਹੁਣ ਇੰਡਸਟਰੀ, ਸਾਇੰਸ ਅਤੇ ਟੈਕਨੋਲੋਜੀ ਮੰਤਰੀ ਹੋਣਗੇ। ਕੈਲੀ ਓ’ਡਵਾਇਰ ਜੋਬਸ ਐਂਡ ਇੰਸਟਰੀਅਲ ਰਿਲੇਸ਼ਨਸ ਦੇਖਣਗੇ ਜਦਕਿ ਮਿਕੈਲੀਆ ਕੈਸ਼ ਨੂੰ ਸਮਾਲ ਬਿਜ਼ਨਸ, ਸਕਿਲਸ ਅਤੇ ਵੋਕੇਸ਼ਨ ਟਰੇਨਿੰਗ ਦਾ ਕਾਰਜ ਭਾਰ ਸੰਭਾਲਿਆ ਗਿਆ ਹੈ।