ਲਿਬਨਾਨ ਤੋਂ ਪ੍ਰਵਾਸ ਕਰਕੇ ਆਈ ਐਰਿਕਾ ਰਿਜ਼ਕ ਇਸ ਸਮੇਂ ਐਡੀਲੇਡ ਦੇ ਪੂਰਬੀ ਇਲਾਕੇ ਵਿੱਚ ਇੱਕ ਕੈਫੇ ਦੀ ਮਾਲਕਣ ਹੈ।
ਉਸਦੇ ‘ਰਸਟਿਕ ਫਿੱਗ’ ਨਾਮੀ ਕੈਫੇ ਦੇ ਗਾਹਕਾਂ ਨੂੰ ਹੁਣ ਪਲਾਸਟਿਕ ਦੀਆਂ ਵਸਤਾਂ ਵਿੱਚ ਖਾਣਾ ਨਹੀਂ ਦਿੱਤਾ ਜਾਵੇਗਾ।
ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਸਾਊਥ ਆਸਟ੍ਰੇਲੀਆ ਨੇ ਇਸ ਹਫਤੇ ਤੋਂ ਸਿੰਗਲ ਯੂਜ਼ ਪਲਾਸਟਿਕ ਉੱਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਇਹ ਰਾਜ ਆਸਟ੍ਰੇਲੀਆ ਭਰ ਵਿੱਚ ਅਜਿਹਾ ਕਰਨ ਵਾਲਾ ਇਕੱਲਾ ਸੂਬਾ ਬਣ ਗਿਆ ਹੈ।
ਮਿਸ ਰਿਜ਼ਕ ਕਹਿੰਦੀ ਹੈ ਕਿ ਉਸ ਦੇ ਕੈਫੇ ਨੇ ਇਸ ਪਾਬੰਦੀ ਨੂੰ ਅਪਣਾ ਲਿਆ ਹੈ।
ਮਿਸ ਰਿਜ਼ਕ ਮੁਤਾਬਕ ਉਹਨਾਂ ਦੇ ਕੈਫੇ ਵਿੱਚ ਆਉਣ ਵਾਲੇ ਗਾਹਕਾਂ ਨੇ ਵੀ ਪਲਾਸਟਿਕ ਦੇ ਭਾਂਡਿਆਂ ਵਿੱਚ ਖਾਣਾ ਨਾ ਲੈਣ ਦਾ ਮਨ ਬਣਾ ਲਿਆ ਹੈ।
ਬੇਸ਼ਕ ਕੋਵਿਡ-19 ਮਹਾਂਮਾਰੀ ਦੌਰਾਨ ਜਦੋਂ ਬਹੁਤ ਜਿਆਦਾ ਲੋਕ ਘਰ ਵਿੱਚ ਹੀ ਖਾਣਾ ਮੰਗਵਾਉਣ ਲਈ ਮਜ਼ਬੂਰ ਹੋਏ ਪਏ ਹਨ, ਇਸ ਸਮੇਂ ਵੀ ਲੋਕਾਂ ਨੇ ਵਾਤਾਵਰਣ ਦੀ ਸੰਭਾਲ ਕਰਨ ਵਾਲੇ ਭਾਂਡਿਆਂ ਨੂੰ ਹੀ ਇਸਤੇਮਾਲ ਕਰਨ ਦਾ ਇਰਾਦਾ ਕਰ ਲਿਆ ਹੈ।
ਪਿਛਲੇ ਸਤੰਬਰ ਮਹੀਨੇ ਇਸ ਪਾਬੰਦੀ ਨੂੰ ਦੱਖਣੀ ਆਸਟ੍ਰੇਲੀਆ ਦੀ ਪਾਰਲੀਮੈਂਟ ਨੇ ਕਾਨੂੰਨ ਦੇ ਰੂਪ ਵਿੱਚ ਪਾਸ ਕਰ ਦਿੱਤਾ ਸੀ।
ਜਿਹੜੇ ਲੋਕ ਇਹਨਾਂ ਪਾਬੰਦੀਆਂ ਦੀ ਪਾਲਣਾ ਨਹੀਂ ਕਰਨਗੇ, ਉਹਨਾਂ ਨੂੰ 315 ਤੋਂ 20 ਹਜ਼ਾਰ ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
ਇਹ ਪਾਬੰਦੀ ਉਦੋਂ ਸਾਹਮਣੇ ਆਈ ਹੈ, ਜਦੋਂ ਵਿਕਟੋਰੀਆ ਨੇ ਵੀ ਪਲਾਸਟਿਕ ਵਸਤਾਂ ਨੂੰ 2023 ਤੱਕ ਹੌਲੀ-ਹੌਲੀ ਪਾਬੰਦ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਇਸੀ ਤਰਾਂ ਕੂਈਨਜ਼ਲੈਂਡ ਸੂਬੇ ਨੇ ਵੀ ਪਲਾਸਟਿਕ ਦੀਆਂ ਪਲੇਟਾਂ ਅਤੇ ਗਲਾਸਾਂ ਨੂੰ ਜੂਲਾਈ 2021 ਤੋਂ ਪਾਬੰਦ ਕਰਨ ਦਾ ਕਾਨੂੰਨ ਪਾਸ ਕੀਤਾ ਹੋਇਆ ਹੈ।
ਇਹਨਾਂ ਸਾਰਿਆਂ ਐਲਾਨਾਂ ਅਤੇ ਪਾਬੰਦੀਆਂ ਨੇ ਸੰਸਾਰ ਭਰ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ।
ਚੀਨ ਜੋ ਕਿ ਸੰਸਾਰ ਭਰ ਵਿੱਚ ਪਲਾਸਟਿਕ ਦੀਆਂ ਵਸਤਾਂ ਭੇਜਦਾ ਹੈ, ਨੇ ਵੀ ਇੱਕੋ ਵਾਰ ਵਰਤੇ ਜਾਣ ਵਾਲੀਆਂ ਪਲਾਸਟਿਕ ਦੀਆਂ ਵਸਤਾਂ ਨੂੰ ਪਾਬੰਦ ਕਰ ਦਿੱਤਾ ਹੋਇਆ ਹੈ।
ਯੂਰੋਪਿਅਨ ਯੂਨਿਅਨ ਜਿਸ ਵਿੱਚ ਤਕਰੀਬਨ ਅੱਧਾ ਬਿਲੀਅਨ ਲੋਕ ਵਸਦੇ ਹਨ, ਨੇ ਵੀ ਅਜਿਹਾ ਹੀ ਕੀਤਾ ਹੋਇਆ ਹੈ।
ਆਸਟ੍ਰੇਲੀਅਨ ਮੈਰੀਨ ਕੰਨਜ਼ਰਵੇਸ਼ਨ ਸੋਸਾਇਟੀ ਦੇ ਸ਼ੇਅਨ ਕੂਕਾਓ ਵੀ ਇਹਨਾਂ ਕਾਰਵਾਈਆਂ ਦਾ ਸਮਰਥਨ ਕਰਦੇ ਹੋਏ ਕਹਿੰਦੇ ਹਨ ਕਿ ਇਸ ਨਾਲ ਧਰਤੀ ਅਤੇ ਸਮੁੰਦਰ ਦੋਹਾਂ ਨੂੰ ਹੀ ਲਾਭ ਮਿਲੇਗਾ।
ਸ਼੍ਰੀ ਕੂਕਾਓ ਦਾ ਕਹਿਣਾ ਹੈ ਕਿ ਇੱਕੋ ਵਾਰ ਵਰਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਵਸਤਾਂ ਨਾਲ ਬਹੁਤ ਸਾਰਾ ਕੂੜਾ ਇਕੱਠਾ ਹੁੰਦਾ ਹੈ ਅਤੇ ਉਹਨਾਂ ਦੀ ਸੰਸਥਾ ਇਸ ਦੇ ਵਰਗੀ, ਇੱਕ ਦੇਸ਼ ਵਿਆਪੀ ਕਾਰਵਾਈ ਦੀ ਵੀ ਮੰਗ ਕਰਦੀ ਹੈ।
ਇਸ ਕਾਨੂੰਨ ਦਾ ਕੁੱਝ ਸੰਸਥਾਵਾਂ ਵਲੋਂ ਵਿਰੋਧ ਵੀ ਕੀਤਾ ਗਿਆ ਸੀ ਜਿਹਨਾਂ ਵਿੱਚ ਅਪਾਹਜਤਾ ਵਾਲੇ ਸਮੂਹ ਵੀ ਸ਼ਾਮਲ ਸਨ।
ਪਰ ਦੱਖਣੀ ਆਸਟ੍ਰੇਲੀਆ ਦੇ ਵਾਤਾਵਰਣ ਮੰਤਰੀ ਡੇਵਿਡ ਸਪੀਅਰਸ ਨੇ ਕਿਹਾ ਕਿ ਸਰਕਾਰ ਨੇ ਇਹਨਾਂ ਸਾਰਿਆਂ ਨੂੰ ਸੰਤੁਸ਼ਟ ਕਰਨ ਤੋਂ ਬਾਅਦ ਹੀ ਕਾਨੂੰਨ ਨੂੰ ਹੋਂਦ ਵਿੱਚ ਲਿਆਂਦਾ ਹੈ।
ਸ਼੍ਰੀ ਸਪੀਅਰ ਨੇ ਇਹ ਵੀ ਕਿਹਾ ਹੈ ਕਿ ਰਾਜ ਸਰਕਾਰ ਇਹਨਾਂ 'ਸਿੰਗਲ ਯੂਜ਼' ਵਸਤਾਂ ਤੋਂ ਬਾਅਦ ਹੁਣ ਪਲਾਸਟਿਕ ਦੀਆਂ ਕਈ ਹੋਰ ਵਸਤਾਂ ਨੂੰ ਵੀ ਪਾਬੰਦ ਕਰਨ ਬਾਰੇ ਸੋਚ ਰਹੀ ਹੈ।
ਕੈਫੇ ਦੀ ਮਾਲਕਣ ਐਰੀਕਾ ਰਿਜ਼ਕ ਨੇ ਇਸ ਫੈਸਲਾ ਦਾ ਸਵਾਗਤ ਕੀਤਾ ਹੈ ਅਤੇ ਇਸ ਨੂੰ ਅਮਲ ਵਿੱਚ ਲਿਆਉਣ ਲਈ ਢੁੱਕਵੇਂ ਪ੍ਰਬੰਧ ਵੀ ਕਰ ਲਏ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਫੇਸਬੁੱਕ ਨੇ ਖ਼ਬਰਾਂ ਦੇ ਪਸਾਰ ਨੂੰ ਰੋਕ ਦਿੱਤਾ ਹੈ। ਕਿਰਪਾ ਕਰਕੇ ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।