ਪਹਿਲੀ ਜੂਨ ਤੋਂ ਕੂਈਨਜ਼ਲੈਂਡ, ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਦੇ ਬਹੁਤ ਸਾਰੇ ਵਸਨੀਕ ਤਿੰਨ ਮਹੀਨਿਆਂ ਬਾਅਦ ਪਹਿਲਾਂ ਨਾਲੋਂ ਜਿਆਦਾ ਅਜ਼ਾਦੀ ਦਾ ਅਨੰਦ ਮਾਣ ਸਕਣਗੇ। ਇਹ ਚਾਰੋ ਰਾਜ ਫੈਡਰਲ ਸਰਕਾਰ ਵਲੋਂ ਜਾਰੀ ਕੀਤੀ ਤਿੰਨ ਪੜਾਵਾਂ ਵਾਲੀ ਉਸ ਯੋਜਨਾ ਵੱਲ ਵਧ ਰਹੇ ਹਨ ਜਿਸ ਦੁਆਰਾ ਆਰਥਿਕਤਾ ਨੂੰ ਮੁੜ ਤੋਂ ਪੈਰਾਂ ਸਿਰ ਕੀਤਾ ਜਾਣਾ ਹੈ।
ਕੂਈਨਜ਼ਲੈਂਡ ਵਿੱਚ ਲੱਗੀ ਤਾਲਾਬੰਦੀ ਨੂੰ ਪਹਿਲਾਂ ਕੀਤੇ ਐਲਾਨਾਂ ਨਾਲੋਂ ਦੋ ਹਫਤੇ ਪਹਿਲਾਂ ਹੀ ਨਰਮ ਕੀਤਾ ਜਾ ਰਿਹਾ ਹੈ, ਜਿਸ ਦਾ ਸੈਰ-ਸਪਾਟਾ ਸੰਚਾਲਕਾਂ ਵਲੋਂ ਸਵਾਗਤ ਕੀਤਾ ਗਿਆ ਹੈ ਕਿਉਂਕਿ ਉਹਨਾਂ ਦੀ ਰੋਜ਼ੀ-ਰੋਟੀ ਇਸੇ ਕਾਰੋਬਾਰ ਉੱਤੇ ਚਲਦੀ ਹੈ।
ਕੂਈਨਜ਼ਲੈਂਡ ਦੇ ਏਅਰਲੀ ਬੀਚ ਤੇ ਰਹਿਣ ਵਾਲੇ ਬੈਕਪੈਕਰਸ ਕੈਰੋਲਿਨ ਅਤੇ ਪੀਟਰ ਉਪਟਨ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ 25 ਸਾਲਾਂ ਦੌਰਾਨ ਅਜਿਹੇ ਮੁਸ਼ਕਲ ਹਾਲਾਤਾਂ ਦਾ ਸਾਹਮਣਾਂ ਕਦੀ ਨਹੀਂ ਸੀ ਕੀਤਾ।
ਕੂਈਨਜ਼ਲੈਂਡ ਦੀ ਸਰਕਾਰ ਆਪਣੇ ਪਹਿਲਾਂ ਲਏ ਉਸ ਫੈਸਲੇ ਤੇ ਅਜੇ ਵੀ ਖੜ੍ਹੀ ਹੈ ਜਿਸ ਵਿੱਚ ਉਸ ਨੇ ਐਲਾਨ ਕੀਤਾ ਸੀ ਕਿ ਰਾਜ ਦੀਆਂ ਸਰਹੱਦਾਂ ਨੂੰ ਘੱਟੋ-ਘੱਟ ਜੂਲਾਈ ਤੱਕ ਬੰਦ ਰੱਖਿਆ ਜਾਣਾ ਹੈ। ਪਰ ਰਾਜ ਦੀ ਪ੍ਰੀਮੀਅਰ ਐਨਾਸਟੈਸ਼ੀਆ ਪਾਲਾਸ਼ੂਕ ਨੇ ਕਿਹਾ ਹੈ ਕਿ ਕੂਈਨਜ਼ਲੈਂਡ ਨਿਵਾਸੀ ਰਾਜ ਭਰ ਵਿੱਚ ਕਿਧਰੇ ਵੀ ਆ ਜਾ ਸਕਦੇ ਹਨ।
1 ਜੂਨ ਰਾਤ 12 ਵਜੇ ਤੋਂ ਕੂਈਨਜ਼ਲੈਂਡ ਵਿਚਲੇ ਪੱਬਾਂ, ਕਲੱਬਾਂ, ਰੈਸਟੋਰੈਂਟਾਂ ਅਤੇ ਕੈਫਿਆਂ ਉੱਤੇ ਲੱਗੀਆਂ ਪਾਬੰਦੀਆਂ ਨੂੰ ਨਰਮ ਕਰਦੇ ਹੋਏ 20 ਲੋਕਾਂ ਨੂੰ ਆਉਣ ਦੀ ਇਜਾਜਤ ਦਿੱਤੀ ਗਈ ਹੈ।

Source: SBS
ਨਿਊ ਸਾਊਥ ਵੇਲਜ਼ ਵਿੱਚ ਵੀ ਯਾਤਰੀ ਹੁਣ ਰਾਜ ਦੇ ਅੰਦਰ ਕਿਸੇ ਵੀ ਜਗਾ ਤੇ ਜਾ ਕੇ ਛੁੱਟੀਆਂ ਮਨਾ ਸਕਣਗੇ।
ਮਿਊਜ਼ੀਅਮ ਅਤੇ ਸੁੰਦਰਤਾ ਸੈਲੂਨ ਵੀ ਹੁਣ ਖੁੱਲ ਜਾਣਗੇ ਅਤੇ 20 ਲੋਕਾਂ ਨੂੰ ਵਿਆਹਾਂ ਵਿੱਚ ਅਤੇ 50 ਲੋਕਾਂ ਨੂੰ ਧਾਰਮਿਕ ਸਥਾਨਾਂ ਅਤੇ ਅੰਤਿਮ ਸੰਸਕਾਰਾਂ ਵਿੱਚ ਸ਼ਾਮਲ ਹੋਣ ਦੀ ਇਜਾਜਤ ਹੋਵੇਗੀ।
ਪੱਬਾਂ ਵਿੱਚ ਵੀ 50 ਲੋਕਾਂ ਨੂੰ ਆਉਣ ਦੀ ਇਜਾਜਤ ਹੋਵੇਗੀ ਬਸ਼ਰਤੇ ਉਹ ਸਾਫ ਸਫਾਈ ਅਤੇ ਸਮਾਜਕ ਦੂਰੀਆਂ ਦੀ ਪਾਲਣਾ ਕਰਨਗੇ।
ਕਸੂਲਾ ਪਾਵਰਹਾਊਸ ਮਿਊਜ਼ਿਅਮ ਦੇ ਡਾਇਰੈਕਟਰ ਕਰੇਗ ਡੋਨਾਰਸਕੀ ਇਸ ਦਿਨ ਦਾ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਸਨ।
ਜਿਮਨੇਜ਼ੀਅਮ ਹਾਲ ਦੀ ਘੜੀ ਬੰਦ ਹੀ ਰਹਿਣਗੇ ਅਤੇ ਪ੍ਰੀਮੀਅਰ ਗਲੇਡੀਜ਼ ਬੇਰੇਜਕਲਿਅਨ ਨੇ ਇਹਨਾਂ ਨੂੰ ਮੁੜ ਖੋਹਲਣ ਬਾਰੇ ਅਜੇ ਕੁੱਝ ਵੀ ਨਹੀਂ ਕਿਹਾ ਹੈ।
ਵਿਕਟੋਰੀਆ ਵਿੱਚ ਸਰਕਾਰ ਨੇ ਹੰਗਾਮੀ ਹਾਲਾਤਾਂ (ਸਟੇਟ ਆਫ ਐਮਰਜੈਂਸੀ) ਨੂੰ ਤਿੰਨ ਹਫਤੇ ਹੋਰ ਵਧਾ ਦਿੱਤਾ ਹੈ। ਸਮਾਜਕ ਦੂਰੀਆਂ ਵਾਲੀਆਂ ਬੰਦਸ਼ਾਂ 21 ਜੂਨ ਤੱਕ ਲਾਗੂ ਰਹਿਣਗੀਆਂ।
ਰਾਜ ਵਿੱਚ ਖਾਣਾ ਖਾਣ ਵਾਲੀਆਂ ਥਾਵਾਂ, ਗੈਲਰੀਆਂ, ਅਮਿਊਜ਼ਮੈਂਟ ਪਾਰਕ, ਧਾਰਮਿਕ ਸਥਾਨ ਅਤੇ ਸੁੰਦਰਤਾ ਸੈਲੂਨ ਪਹਿਲਾਂ ਵਾਂਗ ਕੰਮ ਕਰ ਸਕਣਗੇ ਪਰ 20 ਲੋਕਾਂ ਵਾਲੀ ਬੰਦਸ਼ ਕਾਇਮ ਰਹੇਗੀ। ਕਾਰਵਾਨ ਪਾਰਕ, ਕੈਂਪ ਮੈਦਾਨ ਅਤੇ ਯਾਤਰੀਆਂ ਵਾਲੀਆਂ ਥਾਵਾਂ ਉੱਤੇ ਲੋਕਾਂ ਦਾ ਸਵਾਗਤ ਕੀਤਾ ਜਾਵੇਗਾ। ਵਿਕਟੋਰੀਆ ਸਰਕਾਰ ਦੀ ਸਿਹਤ ਮੰਤਰੀ ਜੈਨੀ ਮਿਕਾਕੋਸ ਦਾ ਕਹਿਣਾ ਹੈ ਕਿ ਬੇਸ਼ਕ ਬੰਦਸ਼ਾਂ ਨਰਮ ਕੀਤੀਆਂ ਜਾ ਰਹੀਆਂ ਹਨ, ਪਰ ਇਹਨਾਂ ਨਾਲ ਹੀ ਜਰੂਰਤ ਹੈ ਅੰਤਾਂ ਦੀ ਸਾਵਧਾਨੀ ਬਣਾਈ ਰੱਖਣ ਦੀ ਵੀ।
ਦੱਖਣੀ ਆਸਟ੍ਰੇਲੀਆ ਵਿੱਚ ਜਿਮਨੇਜ਼ੀਅਮਾਂ ਨੂੰ ਵੀ ਪੱਬਾਂ, ਕਲੱਬਾਂ, ਰੈਸਟੋਰੈਂਟਾਂ ਅਤੇ ਸਿਨੇਮਾ ਘਰਾਂ ਦੇ ਨਾਲ ਹੀ ਖੋਲਿਆ ਜਾ ਰਿਹਾ ਹੈ। ਨਾ-ਛੂਹੇ ਜਾਣ ਵਾਲੀਆਂ ਖੇਡਾਂ ਨੂੰ ਮੰਨਜ਼ੂਰੀ ਮਿਲ ਗਈ ਹੈ ਅਤੇ ਛੂਹਣ ਵਾਲੀਆਂ ਖੇਡਾਂ ਦੀ ਟਰੇਨਿੰਗ ਕਰਵਾਈ ਜਾ ਸਕੇਗੀ। ਕਸਰਤ ਵਾਲੀਆਂ ਕਲਾਸਾਂ ਵਿੱਚ ਛੇ ਲੋਕਾਂ ਦੀ ਹੱਦਬੰਦੀ ਰੱਖੀ ਗਈ ਹੈ।
ਕਰੋਨਾਵਾਇਰਸ ਦੇ ਮਾਮਲੇ ਘਟਣ ਅਤੇ ਸਟੇਜ ਦੋ ਦੀਆਂ ਪਾਬੰਦੀਆਂ ਦੇ ਅਮਲ ਵਿੱਚ ਆਉਣ ਨਾਲ ਬਹੁਤੇ ਸਾਰੇ ਲੀਡਰਾਂ ਨੂੰ ਆਸ ਹੈ ਕਿ ਜੂਲਾਈ ਮਹੀਨੇ ਤੱਕ ਆਸਟ੍ਰੇਲੀਆ ਦੇ ਕਈ ਇਲਾਕੇ ਆਪਣੇ ਆਪ ਨੂੰ ਸਟੇਜ-3 ਲਈ ਤਿਆਰ ਕਰ ਲੈਣਗੇ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।