ਕਈ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਅਫ਼ਗਾਨਿਸਤਾਨ ਤੋਂ ਜਾਨ ਬਚਾਕੇ ਨਿਕਲਣ ਵਾਲੇ ਅਜਿਹੇ ਸੈਂਕੜੇ ਲੋਕਾਂ ਦੀ ਮਦਦ ਕੀਤੀ ਹੈ ਜਿਹਨਾਂ ਨੂੰ ਉਹਨਾਂ ਦੇ ਆਪਣੇ ਮੂਲ ਦੇਸ਼ ਵਿੱਚ ਖ਼ਤਰਾ ਪੈਦਾ ਹੋ ਗਿਆ ਸੀ।
ਅਜਿਹੀ ਹੀ ਇੱਕ ਸਮਾਜ ਸੇਵੀ ਸੰਸਥਾ ਹੈ ਯੂਨਾਇਟੇਡ ਸਿੱਖਸ ਜਿਸ ਨੇ ਸੈਂਕੜੇ ਲੋਕਾਂ ਨੂੰ ਉਸ ਸਮੇਂ ਅਫ਼ਗਾਨਿਸਤਾਨ ਵਿੱਚੋਂ ਬਾਹਰ ਕੱਢਣ ਲਈ ਮਦਦ ਕੀਤੀ ਸੀ ਜਦੋਂ ਮਾਰਚ 2020 ਵਿੱਚ ਕਾਬੁਲ ਦੇ ਇੱਕ ਗੁਰਦਵਾਰਾ ਸਾਹਿਬ ਉੱਤੇ ਘਾਤਕ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਦੋ ਦਰਜਨ ਤੋਂ ਵੀ ਜਿਆਦਾ ਸਿੱਖ ਮਾਰੇ ਗਏ ਸਨ।
ਮੇਲਬਰਨ ਨਿਵਾਸੀ ਗੁਰਵਿੰਦਰ ਸਿੰਘ ਮਦਾਨ ਪਿਛਲੇ ਕਈ ਸਾਲਾਂ ਤੋਂ ਯੂਨਾਇਟੇਡ ਸਿੱਖਸ ਸੰਸਥਾ ਨਾਲ ਕੰਮ ਕਰ ਰਹੇ ਹਨ।
ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਯੂਨਾਇਟੇਡ ਸਿੱਖਸ ਐਸੋਸ਼ਿਏਸ਼ ਦਾ ਮੰਤਵ ਸਮਾਜ ਸੇਵਾ ਦੇ ਨਾਲ ਨਾਲ ਕਾਨੂੰਨੀ ਸਲਾਹ ਅਤੇ ਮੱਦਦ ਪ੍ਰਦਾਨ ਕਰਨਾ ਵੀ ਹੈ”।
ਅਫ਼ਗਾਨਿਸਤਾਨ ਵਿੱਚ ਹਾਲ ਵਿੱਚ ਹੀ ਤੇਜ਼ੀ ਨਾਲ ਬਦਲੇ ਹਾਲਾਤਾਂ ਦੇ ਮੱਦੇਨਜ਼ਰ, ਯੂਨਾਇਟੇਡ ਸਿੱਖਸ ਵੀ ਇੱਕ ਵਾਰ ਫੇਰ ਤੋਂ ਲੋਕਾਂ ਦੀ ਮਦਦ ਕਰਨ ਲਈ ਪੂਰੀ ਤਰਾਂ ਨਾਲ ਕਾਰਜਸ਼ੀਲ ਹੋ ਗਈ ਹੈ।
ਯੂਨਾਇਟੇਡ ਸਿੱਖਸ ਸੰਸਥਾ ਨੇ ਸੰਸਾਰ ਭਰ ਦੇ ਦੇਸ਼ਾਂ ਨੂੰ ਇਸ ਮੁਸੀਬਤ ਦੀ ਘੜੀ ਵਿੱਚ ਸ਼ਰਣਾਰਥੀਆਂ ਨੂੰ ਮਦਦ ਦੇਣ ਲਈ ਸਾਹਮਣੇ ਆਉਣ ਲਈ ਪ੍ਰੇਰਿਆ ਹੈ।
“ਯੂਨਾਇਟੇਡ ਸਿੱਖਸ ਸੰਸਥਾ ਨੇ ਯੂ ਐਸ, ਯੂਕੇ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਵਿਕਸਤ ਦੇਸ਼ਾਂ ਨੂੰ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਸਿੱਖ ਅਤੇ ਹਿੰਦੂ ਰਿਫਿਊਜੀਆਂ ਨੂੰ ਸ਼ਰਣ ਦੇਣ ਲਈ ਅਪੀਲ ਕੀਤੀ ਹੈ”, ਸ਼੍ਰੀ ਮਦਾਨ ਨੇ ਦੱਸਿਆ।
“ਕੈਨੇਡਾ ਨੇ ਹਾਲ ਵਿੱਚ ਹੀ ਐਲਾਨ ਵੀ ਕੀਤਾ ਹੈ ਕਿ ਉਹ 20 ਹਜ਼ਾਰ ਲੋਕਾਂ ਨੂੰ ਸ਼ਰਣ ਦੇਣ ਲਈ ਵਚਨਬੱਧ ਹੈ”।
ਮਾਰਚ 2020 ਵਿੱਚ ਕਾਬੁਲ ਦੇ ਇੱਕ ਵੱਡੇ ਗੁਰਦਵਾਰਾ ਸਾਹਿਬ ਵਿੱਚ ਉਸ ਸਮੇਂ ਹਮਲਾ ਹੋਇਆ ਸੀ ਜਦੋਂ ਸਿੱਖ ਆਪਣਾ ਹਫਤਾਵਾਰੀ ਸਮਾਗਮ ਕਰ ਰਹੇ ਸਨ। ਇਸ ਦੌਰਾਨ 25 ਲੋਕਾਂ ਦੀ ਜਾਨ ਚਲੀ ਗਈ ਸੀ।
ਯੂਨਾਇਟੇਡ ਸਿੱਖਸ ਸੰਸਥਾ ਨੇ ਉਸ ਸਮੇਂ ਵੀ ਸੈਂਕੜੇ ਸਿੱਖ ਪਰਿਵਾਰਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਦੇ ਹੋਏ ਦਿੱਲੀ ਲਿਆਉਣ ਦਾ ਉਪਰਾਲਾ ਕੀਤਾ ਸੀ।
ਸ਼੍ਰੀ ਮਦਾਨ ਨੇ ਦੱਸਿਆ, “ਤਕਰੀਬਨ 450 ਅਫ਼ਗਾਨੀ ਸਿੱਖਾਂ ਨੂੰ ਨਵੀਂ ਦਿੱਲੀ ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਉਹਨਾਂ ਦੇ ਰਹਿਣ-ਸਹਿਣ ਆਦਿ ਦਾ ਸਾਰਾ ਖਰਚ ਸਾਡੀ ਸੰਸਥਾ ਨੇ ਹੀ ਕੀਤਾ ਸੀ”।
ਯੂਨਾਇਟੇਡ ਸਿੱਖਸ ਸੰਸਥਾ ਵਲੋਂ ਰਿਫਿਊਜੀ ਲੋਕਾਂ ਦੇ ਪਾਸਪੋਰਟ ਬਣਵਾਏ ਗਏ ਸਨ, ਅਤੇ ਉਹਨਾਂ ਦੀ ਸਿੱਖਿਆ, ਸਿਹਤ ਅਤੇ ਘਰਾਂ ਦੇ ਕਿਰਾਏ ਆਦਿ ਵੀ ਹੁਣ ਤੱਕ ਭਰੇ ਜਾ ਰਹੇ ਹਨ।
ਸ਼੍ਰੀ ਮਦਾਨ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਅਫ਼ਗਾਨਿਸਤਾਨ ਤੋਂ ਆਉਣ ਵਾਲੇ ਨਵੇਂ ਰਿਫਿਊਜੀਆਂ ਦੇ ਮੁੜ ਵਸੇਵੇਂ ਲਈ ਹਰ ਪ੍ਰਕਾਰ ਦੀ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹੈ”।