ਸੁੱਖੀ ਬੱਲ ਦੇ ਪੁਰਖੇ ਪਾਕਿਸਤਾਨ ਵਿਚਲੇ ਪਿੰਡ ਚੱਕ 338 ਦੇ ਵਸਨੀਕ ਸਨ।
ਟੋਭਾ ਟੇਕ ਸਿੰਘ ਲਾਗਲਾ ਇਹ ਪਿੰਡ ਲਾਹੌਰ ਤੋਂ ਤਕਰੀਬਨ 250 ਕਿਲੋਮੀਟਰ ਦੂਰ ਹੈ।
ਵੰਡ ਦੌਰਾਨ ਵੱਡੀ ਹਵੇਲੀ, ਮਾਲ-ਡੰਗਰ ਅਤੇ ਪੈਲੀਆਂ ਛੱਡ ਕੁਸੈਲੀਆਂ ਯਾਦਾਂ ਲੈਕੇ ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਤੋਂ ਭਾਰਤ ਵੱਲ ਹਿਜਰਤ ਕਰਨੀ ਪਈ ਸੀ।

ਐਸ ਬੀ ਐਸ ਨਾਲ਼ ਇੰਟਰਵਿਊ ਦੌਰਾਨ ਸੁੱਖੀ ਬੱਲ ਨੇ ਦੱਸਿਆ ਕਿ ਉਸਦੇ ਦਾਦਾ-ਦਾਦੀ ਉਸ ਨਾਲ਼ ਬਚਪਨ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਨਾਲ਼ ਜੁੜੀਆਂ ਅਨੇਕਾਂ ਗੱਲ਼ਾਂ ਸਾਂਝੀਆਂ ਕਰਦੇ ਸਨ।
"ਉਨ੍ਹਾਂ ਦੀਆਂ ਦੱਸੀਆਂ ਗੱਲਾਂ ਮੇਰੀ ਕਾਪੀ ਦਾ ਹਿੱਸਾ ਬਣਦੀਆਂ ਰਹੀਆਂ। ਮੈਨੂੰ ਖਿੱਚ ਸੀ ਕਿ ਮੈਂ ਆਪਣੇ ਪੁਰਖਿਆਂ ਦੀ ਧਰਤੀ ਨੂੰ ਨਿਮਨ ਕਰਾਂ, ਉਸ ਫਿਜ਼ਾ ਵਿੱਚ ਸਾਹ ਲਵਾਂ ਜਿਸਦਾ ਜ਼ਿਕਰ ਮੇਰੇ ਦਾਦਾ-ਦਾਦੀ ਆਪਣੇ ਅੰਤਿਮ ਸਮੇਂ ਤੱਕ ਕਰਦੇ ਰਹੇ," ਉਨ੍ਹਾਂ ਕਿਹਾ।
ਵੰਡ ਦੇ ਦੁਖਾਂਤ ਦਾ ਜ਼ਿਕਰ ਕਰਨਾ ਮੇਰੇ ਲਈ ਹੁਣ ਇੱਕ ਵੱਖਰਾ ਵਿਸ਼ਾ ਹੈ। ਜ਼ਰੂਰੀ ਹੈ ਤਾਂ ਚੰਗੀਆਂ ਯਾਦਾਂ ਦਾ ਸਰਮਾਇਆ ਸਾਂਭਣਾ ਕਿਓਂਕਿ ਰੋਣਾ ਅਤੇ ਸਭ ਕੁਝ ਗਵਾਉਣਾ ਸਰਹੱਦ ਦੇ ਦੋਨੋ ਪਾਸਿਆਂ ਦਾ ਨਸੀਬ ਬਣਿਆ ਸੀ।ਪੰਜਾਬੀ ਅਦਾਕਾਰਾ ਸੁੱਖੀ ਬੱਲ (ਸਿਡਨੀ)
ਇਤਿਹਾਸ ਦੇ ਇਹਨਾਂ ਕਾਲ਼ੇ ਪੰਨਿਆਂ ਦੇ ਦਰਦ ਭਾਵੇਂ 76 ਸਾਲ ਬਾਅਦ ਵੀ ਮਹਿਸੂਸ ਕੀਤੇ ਜਾ ਸਕਦੇ ਹਨ ਪਰ ਲਹਿੰਦੇ ਪੰਜਾਬ ਵਿੱਚ ਮਿਲੇ ਪਿਆਰ-ਸਤਿਕਾਰ ਸਦਕਾ ਸੁੱਖੀ ਬੱਲ ਲਈ ਉਥੋਂ ਦੀ ਯਾਤਰਾ ਮਾਨਸਿਕ ਤਸੱਲੀ ਅਤੇ ਸ਼ਾਂਤੀ ਦਾ ਅਹਿਸਾਸ ਹੋ ਨਿੱਬੜ੍ਹੀ।
ਸੁੱਖੀ ਲਈ ਆਪਣੇ ਜੱਦੀ ਪਿੰਡ ਦੇ ਬਜ਼ੁਰਗ ਬਾਬਾ ਰਫ਼ੀਕ ਮੁਹੰਮਦ (87 ਸਾਲ) ਤੇ ਬਾਬਾ ਅਤਾ ਮੁਹੰਮਦ (83 ਸਾਲ) ਨੂੰ ਮਿਲਣਾ ਵੀ ਇੱਕ ਸੁਖਦ ਅਹਿਸਾਸ ਸੀ।
"ਇਹ ਬਜ਼ੁਰਗ ਮੇਰੇ ਪੁਰਖਿਆਂ ਨੂੰ ਜਾਣਦੇ ਸੀ ਜਿਸ ਕਰਕੇ ਮੈਨੂੰ ਉਨ੍ਹਾਂ ਦੀਆਂ ਗੱਲ਼ਾਂ ਵਿੱਚੋਂ ਆਪਣੇ ਬਜ਼ੁਰਗਾਂ ਵਾਲ਼ਾ ਨਿੱਘ ਮਿਲਿਆ। ਇਨ੍ਹਾਂ ਦੋਨਾਂ ਕਰਕੇ ਮੈਂ ਆਪਣੇ ਪੁਰਖਿਆਂ ਦੀ ਜਨਮ ਭੂਮੀ ਦੀ ਮਿੱਟੀ ਨੂੰ ਛੋਹ ਸਕੀ ਤੇ ਆਪਣੇ ਪਰਿਵਾਰ ਦੀਆਂ ਤਲੀਆਂ 'ਤੇ ਧਰ ਸਕੀ," ਉਨ੍ਹਾਂ ਕਿਹਾ।
ਹੋਰ ਜਾਨਣ ਲਈ ਇਹ ਇੰਟਰਵਿਊ ਸੁਣੋ.......
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।





