ਸਿਡਨੀ ਦੇ ਵਸਨੀਕ ਟਰਬਨ 4 ਆਸਟ੍ਰੇਲੀਆ ਦੇ ਨੁਮਾਇੰਦੇ ਅਮਰ ਸਿੰਘ ਨੇ ਹੈਰਿਸ ਪਾਰਕ ਵਿੱਚ ਹੋਈ ਲੜਾਈ ਪਿੱਛੋਂ ਭਾਈਚਾਰੇ ਵਿੱਚ ਕਥਿਤ ਤੌਰ 'ਤੇ ਪਾੜ ਪਾਉਣ ਤੇ ਆਨਲਾਈਨ ਨਫ਼ਰਤ ਫੈਲਾਉਣ ਦੀਆਂ ਘਟਨਾਵਾਂ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਐਸ ਬੀ ਐੱਸ ਪੰਜਾਬੀ ਨਾਲ਼ ਸੰਪਰਕ ਕਰਦਿਆਂ ਦੱਸਿਆ ਕਿ ਸਮੁਚੇ ਘਟਨਾਕ੍ਰਮ ਦੇ ਚਲਦਿਆਂ ਕੁਝ ਗੈਰਸਮਾਜਿਕ ਤੱਤਾਂ ਵੱਲੋਂ ਭਾਈਚਾਰੇ ਨੂੰ ਦੋ ਧਿਰਾਂ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਅਫ਼ਸੋਸਨਾਕ ਹੈ।
ਉਨ੍ਹਾਂ ਕਿਹਾ ਕਿ ਇੱਕ ਖਾਸ ਵਿਚਾਰਧਾਰਾ ਰੱਖਣ ਵਾਲ਼ੇ ਕੁਝ ਲੋਕਾਂ ਵੱਲੋਂ ਕਥਿਤ ਤੌਰ ਉੱਤੇ ਪਿੱਛਲੇ ਮਹੀਨੇ ਦੋ ਸਿੱਖ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ।
“ਸਾਨੂੰ ਇਕ ਭਾਈਚਾਰੇ ਵਜੋਂ ਉਨ੍ਹਾਂ ਗੈਰ ਸਮਾਜਿਕ ਤੱਤਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਆਪਣੇ ਵਿਚਾਰਾਂ ਨੂੰ ਇੱਕ ਦੂਜੇ ਤੇ ਥੋਪਦੇ ਹਨ ਤੇ ਅਸ਼ਾਂਤੀ ਫੈਲਾਉਣ ਦਾ ਕੰਮ ਕਰਦੇ ਹਨ।"
ਅਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਗਾਲੀ-ਗਲੋਚ ਤੇ ਭੱਦੀ ਸ਼ਬਦਾਵਲੀ ਵਰਤਦਿਆਂ 'ਆਨਲਾਈਨ ਨਫ਼ਰਤ' ਦਾ ਨਿਸ਼ਾਨਾ ਬਣਾਇਆ ਗਿਆ ਹੈ।

Amar Singh from Turbans4Australia Source: Supplied
"ਮੇਰੀਆਂ ਕੁਝ ਵੀਡੀਓਜ਼ ਤੇ ਫੋਟੋਆਂ ਨੂੰ ਟਿਕਟੋਕ ਉੱਤੇ ਗਲਤ ਢੰਗ ਨਾਲ਼ ਵਰਤਿਆ ਜਾ ਰਿਹਾ ਹੈ। ਇਹਨਾਂ ਵੀਡੀਓਜ਼ ਦਾ ਮੁਖ ਮਕਸਦ ਸਿੱਖ ਭਾਈਚਾਰੇ ਖਿਲਾਫ ਨਫਰਤ ਫੈਲਾਉਣਾ ਹੈ।
ਉਨ੍ਹਾਂ ਵੱਲੋਂ ਕਥਿਤ ਤੌਰ 'ਤੇ ਆਨਲਾਈਨ ਨਫ਼ਰਤ ਫੈਲਾਉਣ ਤੇ ਉਨ੍ਹਾਂ ਉੱਤੇ ਸੋਸ਼ਲ ਮੀਡੀਆ ਉੱਤੇ ਗੈਰ ਸਮਾਜਿਕ ਤੇ ਭੱਦੀ ਸ਼ਬਦਾਵਲੀ ਵਰਤਣ ਲਈ ਕੁਝ ਲੋਕਾਂ ਖ਼ਿਲਾਫ਼ ਨਿਊ ਸਾਊਥ ਵੇਲਜ਼ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
ਅਮਰ ਸਿੰਘ ਨੇ ਕਿਹਾ ਕਿ ਉਹ ਤੇ ਭਾਈਚਾਰੇ ਦੇ ਕੁਝ ਹੋਰ ਲੋਕ ਤੇ ਜਥੇਬੰਦੀਆਂ ਦੇ ਨੁਮਾਇੰਦੇ ਹੈਰਿਸ ਪਾਰਕ ਵਾਲ਼ੀ ਘਟਨਾ ਪਿੱਛੋਂ ਨਿਊ ਸਾਊਥ ਵੇਲਜ਼ ਦੀ ਸਰਕਾਰ ਨਾਲ ਮਿਲਕੇ ਕੁਝ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਰਹੇ ਹਨ ਜਿਸ ਦਾ ਮੁੱਖ ਉਦੇਸ਼ ਆਪਸੀ ਸਾਂਝ ਤੇ ਭਾਈਚਾਰਕ ਮਿਲਵਰਤਣ ਨੂੰ ਹੁੰਗਾਰਾ ਦਿੰਦਿਆਂ ਸ਼ਾਂਤੀ ਸਥਾਪਤ ਕਰਨਾ ਸੀ।
“ਪਰ ਸ਼ਾਇਦ ਇਹ ਕੁਝ ਲੋਕਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਉਹ ਸਿਰਫ ਇਕ ਤਰਫ਼ ਦੀ ਵਿਚਾਰਧਾਰਾ ਨੂੰ ਹੀ ਅਹਿਮੀਅਤ ਦਿੰਦੇ ਹਨ," ਉਨ੍ਹਾਂ ਕਿਹਾ।
"ਆਸਟ੍ਰੇਲੀਆ ਸਭ ਨੂੰ ਸ਼ਾਂਤੀਪੂਰਵਕ ਢੰਗ ਨਾਲ ਆਪੋ-ਆਪਣੇ ਲੋਕਤੰਤਰਿਕ ਹੱਕਾਂ ਅਤੇ ਧਾਰਮਿਕ ਕਦਰਾਂ ਕੀਮਤਾਂ ਦਾ ਪਾਲਣ ਕਰਨ ਦੀ ਇਜਾਜ਼ਤ ਦਿੰਦਾ ਹੈ। ਸੋ ਇਸ ਕਿਸਮ ਦੀ ਨਫਰਤ ਫੈਲਾਉਣ ਅਤੇ ਲੋਕਾਂ ਨੂੰ ਉਕਸਾਉਣ ਦੀਆਂ ਇਹ ਕੋਸ਼ਿਸ਼ਾਂ ਦੀ ਨਿੰਦਿਆ ਹੋਣੀ ਚਾਹੀਦੀ ਹੈ।“
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਅਤੇ ਵਿਰੋਧ ਵਿੱਚ ਵੀ ਦੋ ਕਿਸਮ ਦੀ ਸੋਚ ਵਾਲ਼ੇ ਲੋਕ ਹਨ ਜਿਸ ਕਾਰਨ ‘ਅਸ਼ਾਂਤੀ ਫੈਲਣ’ ਦੀ ਚਿੰਤਾ ਦਾ ਹੋਣਾ ਸੁਭਾਵਿਕ ਹੈ।
ਦੱਸਣਯੋਗ ਹੈ ਕਿ ਅਮਰ ਸਿੰਘ ਅਤੇ ਉਨ੍ਹਾਂ ਦੀ ਸੰਸਥਾ ਟਰਬਨ 4 ਆਸਟ੍ਰੇਲੀਆ ਕੋਵਿਡ-19 ਮਹਾਂਮਾਰੀ, ਬੁਸ਼ਫਾਇਰ ਅਤੇ ਸੋਕੇ ਤੋਂ ਪ੍ਰਭਾਵਿਤ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਮੋਢੀ ਭੂਮਿਕਾ ਨਿਭਾਅ ਚੁੱਕੇ ਹਨ।
ਇਸ ਸਬੰਧੀ ਹੋਰ ਵੇਰਵੇ ਜਾਨਣ ਲਈ ਅਮਰ ਸਿੰਘ ਨਾਲ਼ ਕੀਤੀ ਇਹ ਆਡੀਓ ਇੰਟਰਵਿਊ ਸੁਣੋ
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ