ਅਜੋਕੇ ਤਕਨੀਕੀ ਯੁੱਗ ਵਿੱਚ ਅਸੀਂ ਆਪਣੀ ਜਿੰਦਗੀ ਨੂੰ ਸਾਰੇ ਸੁੱਖ ਅਤੇ ਅਰਾਮ ਦੇਣ ਲਈ ਕਈ ਪ੍ਰਕਾਰ ਦੇ ਉਪਰਾਲੇ ਕਰਦੇ ਹਾਂ ਪਰ ਇਹਨਾਂ ਦੇ ਨਾਲ ਪੜਾਈ-ਲਿਖਾਈ ਵਾਸਤੇ ਵੀ ਨਵੇਂ ਢੰਗ-ਤਰੀਕੇ ਅਪਨਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਜਾਂਦਾ ਹੈ।
ਇਸ ਗੱਲ ਦੇ ਮੱਦੇਨਜ਼ਰ ਸਿਡਨੀ ਨਿਵਾਸੀ ਫਿਲਮ ਨਿਰਮਾਤਾ, ਨਿਰਦੇਸ਼ਕ ਦੇਵ ਸਿੱਧੂ ‘ਕਾਇਦਾ-ਏ-ਨੂਰ’ ਨਾਮੀ ਦਸਤਾਵੇਜ਼ੀ ਫਿਲਮ ਬਣਾ ਰਹੇ ਹਨ ਜੋ 12 ਦਸੰਬਰ ਨੂੰ ਰਿਲੀਜ਼ ਕੀਤੀ ਜਾਣੀ ਹੈ।

Unique concept of learning through one's own mother tongue. Source: Dave Sidhu
“ਸਾਖਰਤਾ ਨੂੰ ਆਪਣੀ ਪਰਜਾ ਤੱਕ ਪਹੁੰਚਾੳਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਨਿਵੇਕਲਾ ਕਾਇਦਾ (ਕਿਤਾਬਚਾ) ਤਿਆਰ ਕੀਤਾ ਜਿਸ ਦੁਆਰਾ ਲੋਕ ਆਪਣੀ ਮਾਂ ਬੋਲੀ ਵਿੱਚ ਹੀ ਲੋੜੀਂਦਾ ਗਿਆਨ ਪ੍ਰਾਪਤ ਕਰ ਸਕਦੇ ਸਨ”।
ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਾਰਜ ਲਈ 5000 ਕਿਤਾਬਚੇ ‘ਕਾਇਦਾ-ਏ-ਨੂਰ’ ਦੇ ਨਾਮ ਹੇਠ ਤਿਆਰ ਕਰਵਾ ਕੇ ਪਿੰਡਾਂ-ਸ਼ਹਿਰਾਂ ਦੇ ਸਰਦਾਰਾਂ ਨੂੰ ਇਸ ਹੁਕਮ ਨਾਲ ਵੰਡੇ ਕਿ ਉਹ ਆਪ ਵੀ ਇਸ ਨੂੰ ਪੜਨ ਅਤੇ ਅੱਗੇ ਪੰਜ ਕਾਪੀਆਂ ਹੋਰ ਬਣਵਾ ਕੇ ਦੂਜਿਆਂ ਨੂੰ ਵੀ ਵੰਡਣ।
ਕੁਝ ਇਤਿਹਾਸਕਾਰਾਂ ਮੁਤਾਬਿਕ ਇਸ ਨਿਵੇਕਲੇ ਕਾਰਜ ਦੇ ਨਤੀਜੇ ਵਜੋਂ ਲਹੌਰ ਸ਼ਹਿਰ ਦੇ ਹੀ 87% ਲੋਕ ਪੜੇ-ਲਿਖੇ ਹੋ ਗਏ ਸਨਅਤੇ ਇਸ ਤੋਂ ਇਲਾਵਾ ਆਲੇ-ਦੁਆਲੇ ਦੇ 78% ਲੋਕ ਵੀ ਸਾਖਰਤਾ ਹਾਸਲ ਕਰ ਚੁੱਕੇ ਸਨ।

Producing a documentary on Qaida-E-Noor, the concept used by Maharaja Ranjit Singh. Source: Dave Sidhu
"ਮਹਾਰਾਜਾ ਰਣਜੀਤ ਸਿੰਘ ਦੀ ਵਿਲੱਖਣ ਸੋਚ ਦੁਆਰਾ ਇਸ ‘ਕਾਇਦਾ-ਏ-ਨੂਰ’ ਨੂੰ ਰਾਜ ਦੀਆਂ ਸਾਰੀਆਂ ਔਰਤਾਂ ਲਈ ਲਾਜ਼ਮੀ ਬਣਾਇਆ ਗਿਆ ਸੀ ਤਾਂ ਕਿ ਉਹ ਆਪਣੇ ਘਰਾਂ ਤੋਂ ਹੀ ਆਪਣੇ ਬੱਚਿਆਂ ਨੂੰ ਪੜਾ ਲਿਖਾ ਸਕਣ,” ਸ਼੍ਰੀ ਸਿੱਧੂ ਨੇ ਦੱਸਿਆ।
ਇਹ ਵੀ ਦੱਸਿਆ ਜਾਂਦਾ ਹੈ ਕਿ ਬਰਿਟਿਸ਼ ਰਾਜ ਦੌਰਾਨ ਇਸ ‘ਕਾਇਦਾ-ਏ-ਨੂਰ’ ਨੂੰ ਜਾਣ-ਬੁੱਝਕੇ ਨਸ਼ਟ ਕਰ ਦਿੱਤਾ ਗਿਆ ਸੀ ਤਾਂ ਕਿ ਲੋਕ ਇਸ ਬਾਰੇ ਅਤੇ ਆਪਣੇ ਹੱਕਾਂ ਬਾਰੇ ਜਾਗਰੂਕ ਨਾ ਹੋ ਸਕਣ।
ਹੁਣ ਕਈ ਭਾਈਚਾਰਕ ਸੰਸਥਾਵਾਂ ਵਲੋਂ ਇੱਕ ਸਾਂਝਾ ਉਪਰਾਲਾ ਕਰਦੇ ਹੋਏ ਇਸ ਉਪਰਾਲੇ ਨੂੰ ਮੁੜ ਤੋਂ ਸੁਰਜੀਵ ਕੀਤਾ ਜਾ ਰਿਹਾ ਹੈ ਜਿਸ ਨਾਲ ਸਬੰਧਤ ਇੱਕ ਦਸਤਾਵੇਜ਼ੀ ਫਿਲਮ ਮਿਤੀ 12 ਦਸੰਬਰ ਨੂੰ ਰਿਲੀਜ਼ ਕੀਤੀ ਜਾਣੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।