ਹਰਜੋਤ ਜੋ ਕਿ ਪੰਜਾਬ ਦੀ ਨੌਜਵਾਨੀ ਲਈ ਬਹੁਤ ਚਿੰਤਤ ਹਨ ਅਤੇ ਸਮਾਜ ਵਿੱਚ ਲੋੜੀਂਦੇ ਸੁਧਾਰਾ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ ਦਾ ਕਹਿਣਾ ਹੈ ਕਿ, ‘ਮੈਂ ਹਾਲ ਵਿੱਚ ਹੀ ਇੱਕ ਸਾਲ ਲਈ ਪੰਜਾਬ ਸਮਾਂ ਬਿਤਾ ਕਿ ਆਇਆ ਹਾਂ ਅਤੇ ਨੌਜਵਾਨਾਂ ਲਈ ਕਈ ਪ੍ਰਕਾਰ ਦੇ ਕਾਰਜ ਅਤੇ ਸਹੀ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦੇ ਹੋਏ ਕੁੱਝ ਸੈਮੀਨਾਰ ਵੀ ਲਗਾ ਕਿ ਆਇਆ ਹਾਂ’।
‘ਪੰਜਾਬ ਦੀ ਨੌਜਵਾਨੀ ਕੋਲ ਇਸ ਸਮੇਂ ਕੋਈ ਵੀ ਨਿੱਘਰ ਮਾਰਗ ਦਰਸ਼ਨ ਨਹੀਂ ਹੈ। ਉਹਨਾਂ ਨੂੰ ਆਪਣੇ ਉੱਜਲੇ ਭਵਿੱਖ ਬਾਰੇ ਕੋਈ ਮਦਦ ਨਹੀਂ ਮਿਲ ਰਹੀ’।
‘ਹਿੰਸਕ ਅਤੇ ਘਟੀਆ ਕਿਸਮ ਦੇ ਗਾਣਿਆਂ ਅਤੇ ਫਿਲਮਾਂ ਨਾਲ ਨੌਜਵਾਨਾਂ ਦੀ ਮਾਨਸਿਕਤਾ ਬਹੁਤ ਪ੍ਰਭਾਵਤ ਹੁੰਦੀ ਹੈ। ਸਮਾਂ ਹੈ ਕਿ ਭਾਈਚਾਰੇ ਦੇ ਸਾਰੇ ਚਿੰਤਕ ਇਕੱਠੇ ਹੋ ਕਿ ਵਿਚਾਰਾਂ ਕਰਨ ਤਾਂ ਕਿ ਪੰਜਾਬ ਦੇ ਭਵਿੱਖ ਨੂੰ ਬਚਾਇਆ ਜਾ ਸਕੇ’।
ਹਰਜੋਤ ਸਿੰਘ ਨੇ ਵੀ ਮੰਨਿਆ ਕਿ ਉਹਨਾਂ ਨੂੰ ਵੀ ਰਾਤੋ ਰਾਤ ਪ੍ਰਸਿੱਧੀ ਮਿਲਣੀ ਅਤੇ ਅਮੀਰ ਹੋਣਾ ਪਸੰਦ ਹੈ ਪਰ, ‘ਮੈਂ ਇਸ ਵਾਸਤੇ ਕੋਈ ਵੀ ਘੱਟ ਮਿਆਰੀ ਕੰਮ ਨਹੀਂ ਕਰਾਂਗਾ’।
‘ਇਸ ਸਮੇਂ ਪੰਜਾਬ ਦੇ ਅਮੀਰ ਸਭਿਆਚਾਰ ਅਤੇ ਵਿਰਾਸਤ ਨੂੰ ਬਚਾਉਣ ਦੇ ਢੁੱਕਵੇਂ ਕਾਰਜ ਨਹੀਂ ਕੀਤੇ ਜਾ ਰਹੇ’।
ਨਾ ਸਿਰਫ ਗਾਇਕ ਅਤੇ ਫਿਲਮ ਨਿਰਮਾਤਾ ਹੀ ਇਸ ਨਿਘਾਰ ਲਈ ਜਿੰਮੇਵਾਰ ਹਨ, ਬਲਿਕ ਉਹ ਸਾਰਾ ਭਾਈਚਾਰਾ ਵੀ ਇਸ ਵਿੱਚ ਸ਼ਾਮਲ ਹੈ ਜੋ ਇਹਨਾਂ ਨੂੰ ਉਤਸ਼ਾਹਤ ਕਰਦੇ ਹੋਏ ਵਧਾਵਾ ਦਿੰਦਾ ਹੈ।
ਆਪਣੇ ਕੀਤੇ ਕੰਮਾਂ ਬਾਰੇ ਸਾਂਝ ਪਾਉਂਦੇ ਹੋਏ ਹਰਜੋਤ ਸਿੰਘ ਨੇ ਦਸਿਆ, ‘ਮੈਂ ਜਿਆਦਾਤਰ ਸਿੱਖਿਆ ਦੇਣ ਵਾਲੀਆਂ ਫਿਲਮਾਂ ਦਾ ਨਿਰਮਾਣ ਹੀ ਕੀਤਾ ਹੈ ਤਾਂ ਕਿ ਸਮਾਜ ਉਹਨਾਂ ਤੋਂ ਸਹੀ ਸੇਧ ਲੈ ਸਕੇ। ਆਉਣ ਵਾਲੇ ਸਮੇਂ ਵਿੱਚ ਮੇਰੀ ਇੱਕ ਅਜਿਹੀ ਹੀ ਫਿਲਮ ਆ ਰਹੀ ਹੈ ਜਿਸ ਵਿੱਚ ਇੱਕ ਭਾਰਤੀ ਨੌਜਵਾਨ ਕੁੜੀ ਦੀ ਕਹਾਣੀ ਦਰਸਾਈ ਹੋਈ ਹੈ ਕਿ ਉਸਦੀ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਇੱਕ ਦਿਨ ਦੀ ਜਿੰਦਗੀ ਵਿੱਚ ਕਿਹੜੀਆਂ ਕਿਹੜੀਆਂ ਚੁਣੋਤੀਆਂ ਆਉਂਦੀਆਂ ਹਨ’।
‘ਇਹਨਾਂ ਤੋਂ ਅਲਾਵਾ ਮੈਂ ਕੁੱਝ ਗਲੈਮਰਸ ਕੰਮ ਵੀ ਕੀਤਾ ਹੈ, ਪਰ ਪੂਰਾ ਧਿਆਨ ਰਖਿਆ ਹੈ ਕਿ ਇਸ ਵਿੱਚ ਕੋਈ ਨੰਗੇਜ਼ ਜਾਂ ਹਿੰਸਾ ਸ਼ਾਮਲ ਨਾ ਕੀਤੀ ਜਾਵੇ। ਮੇਰੀਆਂ ਸਾਰੀਆਂ ਫਿਲਮਾਂ ਪਰਿਵਾਰਕ ਹੁੰਦੀਆਂ ਹਨ ਅਤੇ ਸਾਰੇ ਇਕੱਠੇ ਬੈਠ ਕਿ ਉਹਨਾਂ ਦਾ ਅਨੰਦ ਮਾਣ ਸਕਦੇ ਹਨ’।
‘ਪੰਜਾਬ ਸਰਕਾਰ ਵਲੋਂ ਪੁੱਟੇ ਗਏ ਕਦਮਾਂ ਨਾਲ ਗਾਇਕਾਂ ਅਤੇ ਨਿਰਮਾਤਾਵਾਂ ਉੱਤੇ ਕੁੱਝ ਨਾ ਕੁੱਝ ਅਸਰ ਤਾਂ ਜਰੂਰ ਹੀ ਪਵੇਗਾ’, ਕਿਹਾ ਹਰਜੋਤ ਸਿੰਘ ਨੇ।