14 ਫਰਵਰੀ ਨੂੰ ਸਿਡਨੀ ਦੇ ਭਾਈਚਾਰੇ ਵਿੱਚ ਓਦੋਂ ਤਣਾਅ ਵਾਲ਼ਾ ਮਾਹੌਲ ਬਣ ਗਿਆ ਸੀ ਜਦੋਂ ਗਲੇਨਵੁੱਡ ਗੁਰਦੁਆਰਾ ਪ੍ਰਬੰਧਕਾਂ ਨੂੰ ਖ਼ਬਰ ਮਿਲੀ ਕਿ ਵਾਹਨਾਂ ਦਾ ਇਕ ਵੱਡਾ ਕਾਫਲਾ ਐਤਵਾਰ ਦੇਰ ਸ਼ਾਮ ਗੁਰਦਵਾਰੇ ਵੱਲ ਆ ਰਿਹਾ ਸੀ।
ਪਰ ਸਿਡਨੀ ਵਿਚਲੀ ਇਸ ਰੈਲੀ ਦੇ ਮੁੱਖ ਪ੍ਰਬੰਧਕ ਅਤੇ ਫੇਸਬੁੱਕ ਗਰੁੱਪ 'ਇੰਡੀਅਨ ਡਾਇਸਪੋਰਾ ਇਨ ਸਿਡਨੀ' ਵੱਲੋਂ ਯੋਗੇਸ਼ ਖੱਟਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਨ੍ਹਾਂ ਦਾ ਗੁਰਦਵਾਰੇ ਵੱਲ ਜਾਣ ਦਾ 'ਕੋਈ ਇਰਾਦਾ ਨਹੀਂ' ਸੀ।
ਉਨ੍ਹਾਂ ਕਿਹਾ ਕਿ ਰੈਲੀ ਦਾ ਇਕੋ ਉਦੇਸ਼ ‘ਸ਼ਾਂਤਮਈ ਅਤੇ ਸਦਭਾਵਨਾਪੂਰਣ’ ਢੰਗ ਨਾਲ ਭਾਰਤੀ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ ਸੀ।
ਸ੍ਰੀ ਖੱਟਰ ਨੇ ਕਿਹਾ, “ਸਾਡੀ ਕਿਸੇ ਵੀ ਵਿਅਕਤੀ, ਸਮੂਹ ਜਾਂ ਪੂਜਾ ਸਥਾਨ ਦੀ ਨਿਰਾਦਰੀ ਜਾਂ ਨਿਸ਼ਾਨਾ ਬਣਾਉਣ ਦੀ ਕੋਈ ਯੋਜਨਾ ਨਹੀਂ ਸੀ। ਅਸੀਂ ਸ਼ਾਂਤ ਮਾਹੌਲ ਅਤੇ ਬਹੁ-ਸਭਿਆਚਾਰਵਾਦ ਵਿੱਚ ਵਿਸਵਾਸ਼ ਰੱਖਦੇ ਹਾਂ ਅਤੇ ਭਾਈਚਾਰੇ ਵਿੱਚ ਸਦਭਾਵਨਾ ਫੈਲਾਉਣਾ ਚਾਹੁੰਦੇ ਹਾਂ।”

ਪੁਲਿਸ ਦੇ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਸੀ ਕਿ ਰੈਲੀ ਪ੍ਰਬੰਧਕਾਂ ਨੇ 'ਪਬਲਿਕ ਅਸੈਂਬਲੀ' ਦਾ ਆਯੋਜਨ ਕਰਨ ਦਾ ਇਰਾਦਾ ਨੋਟਿਸ ਨੰਬਰ 1, ਸੱਤ ਦਿਨਾਂ ਦੇ ਮਿੱਥੇ ਸਮੇਂ ਦੇ ਅੰਦਰ ਨਹੀਂ ਦਿੱਤਾ ਸੀ।
ਇਹ ਪੁੱਛੇ ਜਾਣ 'ਤੇ ਕਿ ਕੀ ਪ੍ਰਬੰਧਕਾਂ ਨੇ ਉਕਤ ਦਸਤਾਵੇਜ਼ ਦਾਖਲ ਕੀਤੇ ਸਨ, ਸ੍ਰੀ ਖੱਟਰ ਨੇ ਸਾਡੇ ਨਾਲ਼ ਇੱਕ ਦਸਤਾਵੇਜ਼ ਸਾਂਝਾ ਕੀਤਾ ਹੈ, ਜਿਸ ਵਿੱਚ ਪ੍ਰੋਗਰਾਮ ਦਾ ਆਯੋਜਨ ਕਰਨ ਵਾਲ਼ੀ ਸੰਸਥਾ ਦਾ ਨਾਂ 'ਆਰਿਆ ਸਮਾਜ' ਦੱਸਿਆ ਗਿਆ ਹੈ।
ਹਾਲਾਂਕਿ 'ਆਰਿਆ ਸਮਾਜ' ਦੇ ਆਸਟ੍ਰੇਲੀਅਨ ਨੁਮਾਇੰਦਿਆਂ ਨੇ ਇੰਡੀਅਨ ਲਿੰਕ ਦੁਆਰਾ ਪ੍ਰਕਾਸ਼ਤ ਇੱਕ ਰਿਪੋਰਟ ਅਨੁਸਾਰ ਰੈਲੀ ਨਾਲ਼ ਆਪਣੇ ਸਬੰਧਾਂ ਤੋਂ ਇਨਕਾਰ ਕੀਤਾ ਹੈ।
ਐਸ ਬੀ ਐਸ ਪੰਜਾਬੀ ਵੱਲੋਂ ਪੁੱਛੇ ਸਵਾਲਾਂ ਦੌਰਾਨ ਪ੍ਰਬੰਧਕ ਯੋਗੇਸ਼ ਖੱਟਰ ਨੇ ਰੈਲੀ ਵਿੱਚ ਸ਼ਾਮਿਲ ਕਾਰਾਂ ਵਿੱਚ ਕਥਿਤ ਤੌਰ ਉਤੇ 'ਭੜਕਾਊ ਧਾਰਮਿਕ ਗੀਤ' ਚਲਾਉਣ ਅਤੇ 'ਹੈਰਿਸ ਪਾਰਕ ਹਿੰਸਾ' ਵਿੱਚ ਸ਼ਾਮਿਲ ਲੋਕਾਂ ਦੇ ਉੱਥੇ ਹੋਣ ਜਾਂ ਨਾ ਹੋਣ ਬਾਰੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ।
ਪੂਰੀ ਜਾਣਕਾਰੀ ਲਈ ਸੁਣੋ ਯੋਗੇਸ਼ ਖੱਟਰ ਨਾਲ਼ ਪੰਜਾਬੀ ਵਿੱਚ ਕੀਤੀ 18 ਮਿੰਟ ਦੀ ਇੰਟਰਵਿਊ:
ਦੱਸਣਯੋਗ ਹੈ ਕਿ ਗਲੈੱਨਵੁੱਡ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਾਨੂੰ ਪਹਿਲਾਂ ਜਾਣਕਾਰੀ ਦਿੱਤੀ ਗਈ ਸੀ ਕਿ ਸਥਾਨਿਕ ਪੁਲਿਸ ਵਲੋਂ ਚੁੱਕੇ ਅਗਾਊਂ ਕਦਮਾਂ ਨਾਲ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ ਸੀ।
ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਦਸਤਿਆਂ ਵੱਲੋਂ ਗੁਰਦੁਆਰਾ ਸਾਹਿਬ ਆਉਣ ਵਾਲੇ ਕਈ ਰਸਤਿਆਂ ਤੇ ਰੁਕਾਵਟਾਂ ਲਗਾਕੇ ਉਕਤ ਕਾਰ ਰੈਲੀ ਨੂੰ ਗੁਰਦੁਆਰੇ ਤੱਕ ਨਹੀਂ ਪਹੁੰਚਣ ਦਿੱਤਾ ਗਿਆ ਸੀ।

ਜਿਵੇਂ ਹੀ ਲੋਕਾਂ ਨੇ ਇਸ ਕਾਰ ਰੈਲੀ ਦੇ ਗੁਰਦੁਆਰਾ ਸਾਹਿਬ ਵੱਲ ਆਉਣ ਦੀ ਖ਼ਬਰ ਸੁਣੀ ਤਾਂ 300 ਤੋਂ 400 ਦੇ ਕਰੀਬ ਸਿੱਖ ਸੰਗਤ ਓਥੇ ਆ ਗਈ ਸੀ।
ਟਰਬਨਸ 4 ਆਸਟ੍ਰੇਲੀਆ ਦੇ ਪ੍ਰਧਾਨ ਅਮਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਵੀ ਖਬਰ ਸੁਣਦੇ ਸਾਰ ਗੁਰਦੁਆਰਾ ਸਾਹਿਬ ਪਹੁੰਚ ਗਏ ਸਨ।
“ਮਾਹੌਲ ਕਾਫੀ ਨਾਜ਼ੁਕ ਸੀ। ਕਈ ਵੀਡੀਓਜ਼ ਸਾਹਮਣੇ ਆਈਆਂ ਸਨ ਜਿਹਨਾਂ ਵਿੱਚ ਪ੍ਰਦਰਸ਼ਨਕਾਰੀ ਭਾਰਤੀ ਝੰਡੇ ਚੁੱਕੀ ਨਾਹਰੇ ਮਾਰਦੇ ਹੋਏ ਕਾਰ ਰੈਲੀ ਵਿੱਚ ਸ਼ਾਮਿਲ ਸਨ ਅਤੇ ਗੁਰਦੁਆਰੇ ਵੱਲ ਆਉਣ ਦੀ ਗੱਲ ਕਰ ਰਹੇ ਸਨ," ਉਨ੍ਹਾਂ ਕਿਹਾ।
ਪੁਲਿਸ ਦੇ ਇੱਕ ਨੁਮਾਂਇੰਦੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕੰਬਰਲੈਂਡ ਪੁਲਿਸ ਨੇ ਇਕੱਠ ਅਤੇ ਕਾਰ ਰੈਲੀ ਦੀ ਇਜਾਜਤ ਇਸ ਸ਼ਰਤ ਤੇ ਦਿੱਤੀ ਸੀ ਕਿ ਉਹ ਕੋਵਿਡ-19 ਵਾਲੀਆਂ ਸਮਾਜਕ ਦੂਰੀਆਂ ਦੀ ਪਾਲਣਾ ਕਰਨਗੇ।

ਪੁਲਿਸ ਅਨੁਸਾਰ ਇਹ ਇਕੱਠ ਐਤਵਾਰ 14 ਫਰਵਰੀ ਨੂੰ ਦੁਪਿਹਰ 2 ਵਜੇ ਸ਼ੁਰੂ ਹੋਇਆ ਅਤੇ 4.30 ਵਜੇ ਤੱਕ ਇਸ ਵਿੱਚ ਗਿਣਤੀ ਕਾਫੀ ਵੱਧ ਗਈ ਸੀ।
ਬਿਆਨ ਤਹਿਤ ਪੁਲਿਸ ਨੇ ਦੱਸਿਆ ਕਿ ਕਾਰ ਰੈਲੀ ਵਾਲ਼ੇ ਲੋਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ।
ਪੁਲਿਸ ਅਨੁਸਾਰ ਉਸ ਸਮੇਂ ਗੁਰੂਦੁਆਰਾ ਸਾਹਿਬ ਵਿੱਚ 300 ਤੋਂ 400 ਦੇ ਕਰੀਬ ਸ਼ਰਧਾਲੂ ਮੌਜੂਦ ਸਨ ਅਤੇ ਸਥਾਨਿਕ ਸੁਰੱਖਿਆ ਨਿਯਮਾਂ ਤਹਿਤ ਲੋੜੀਂਦੀ ਮਾਤਰਾ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ।
ਪੁਲਿਸ ਨੁਮਾਂਇੰਦੇ ਨੇ ਕਿਹਾ, “ਇਸ ਸਮੇਂ ਦੌਰਾਨ ਕਿਸੇ ਵਲੋਂ ਸ਼ਾਂਤੀ ਭੰਗ ਨਹੀਂ ਕੀਤੀ ਗਈ ਅਤੇ ਕੋਈ ਗ੍ਰਿਫਤਾਰੀ ਵੀ ਨਹੀਂ ਕੀਤੀ ਗਈ”।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ





