ਅਪ੍ਰੈਲ ਵਿੱਚ ਫੈਡਰਲ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਆਸਟ੍ਰੇਲੀਆ ਦੇ ਲੋਕ ਆਪਣੇ ਸੁੱਪਰ ਦੀ ਰਾਸ਼ੀ ਵਿੱਚੋਂ 10 ਹਜ਼ਾਰ ਡਾਲਰ ਪ੍ਰਾਪਤ ਕਰ ਕੇ ਕਰੋਨਾਵਾਇਰਸ ਕਾਰਨ ਪੈਦਾ ਹੋਈ ਆਰਥਿਕ ਮੰਦੀ ਤੋਂ ਕੁੱਝ ਰਾਹਤ ਪ੍ਰਾਪਤ ਸਕਦੇ ਹਨ।
ਆਸਟ੍ਰੇਲੀਆ ਦੇ ਨਾਗਰਿਕ ਅਤੇ ਸਥਾਈ ਨਿਵਾਸੀ 2019-20 ਵਿੱਤੀ ਵਰ੍ਹੇ ਦੌਰਾਨ 30 ਜੂਨ ਤੋਂ ਪਹਿਲਾਂ ਅਤੇ ਵਿੱਤੀ ਸਾਲ 2020-21 ਦੌਰਾਨ ਰਾਸ਼ੀ ਪ੍ਰਾਪਤ ਕਰਨ ਲਈ 24 ਸਤੰਬਰ ਤੋਂ ਪਹਿਲਾਂ ਅਰਜ਼ੀਆਂ ਦੇ ਸਕਦੇ ਹਨ।
ਪਰ ਦੇਸ਼ ਦੇ 2.17 ਮਿਲੀਅਨ ਆਰਜ਼ੀ ਵੀਜ਼ਾ ਧਾਰਕ 30 ਜੂਨ ਤੋਂ ਬਾਅਦ ਵਾਲੀ ਅਰਜ਼ੀ ਦੇਣ ਦੇ ਯੋਗ ਨਹੀਂ ਰੱਖੇ ਗਏ।
ਮਾਈਗ੍ਰੈਂਟ ਵਰਕਰਸ ਸੈਂਟਰ ਦੇ ਡਾਇਰੈਕਟਰ ਮੈਟ ਕਨਕੈਲ ਨੇ ਇਸ ਦੀ ਨੀਤੀ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਆਰਜ਼ੀ ਵੀਜ਼ਾ ਧਾਰਕ ਪਹਿਲਾਂ ਹੀ ਜਾਬਕੀਪਰ ਅਤੇ ਜਾਬਸੀਕਰ ਤੋਂ ਬਾਹਰ ਰੱਖੇ ਹੋਏ ਹੋਣ ਕਾਰਨ ਭਾਰੀ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।
ਸ਼੍ਰੀ ਕਨਕੈਲ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ, ‘ਆਰਜ਼ੀ ਵੀਜ਼ਾ ਧਾਰਕਾਂ ਨੂੰ ਮਹਾਂਮਾਰੀ ਦੌਰਾਨ ਦਿੱਤੀ ਜਾਣ ਵਾਲੀ ਮੱਦਦ ਤੋਂ ਦੂਜੀ ਵਾਰ ਦੂਰ ਕੀਤਾ ਗਿਆ ਹੈ’।
‘ਸੁੱਪਰ ਦੀ ਰਾਸ਼ੀ ਪ੍ਰਾਪਤ ਕਰਨ ਵਾਲੇ ਇਸ ਦੂਜੇ ਮੌਕੇ ਤੋਂ ਵੀ ਆਰਜ਼ੀ ਵੀਜ਼ਾ ਧਾਰਕਾਂ ਨੂੰ ਬਾਹਰ ਕੀਤਾ ਗਿਆ ਹੈ’।
ਸ਼੍ਰੀ ਕਨਕੈਲ ਅਨੁਸਾਰ ਉਹਨਾਂ ਦੀ ਸੰਸਥਾ ਕੋਲੋਂ ਮਦਦ ਪ੍ਰਾਪਤ ਕਰਨ ਵਾਲੇ ਤਕਰੀਬਨ 40% ਲੋਕ ਮਹਾਂਮਾਰੀ ਕਾਰਨ ਨਵੀਆਂ ਨੌਕਰੀਆਂ ਪ੍ਰਾਪਤ ਨਹੀਂ ਕਰ ਪਾ ਰਹੇ ਹਨ।
ਉਹਨਾਂ ਕਿਹਾ, ‘ਫੈਡਰਲ ਸਰਕਾਰ ਦੇ ਇਸ ਫੈਸਲੇ ਨਾਲ ਇਹਨਾਂ ਆਰਜ਼ੀ ਵੀਜ਼ਾ ਧਾਰਕਾਂ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਅਤੇ ਉਹ ਬਹੁਤ ਭਾਰੀ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਹਨ’।
‘ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਸ ਮਹਾਂਮਾਰੀ ਨਾਲ ਜੂਝਣ ਵਾਲੇ ਸਾਰੇ ਲੋਕਾਂ ਨੂੰ ਮਦਦ ਦੇ ਇੱਕੋ ਜਿਹੇ ਮੌਕੇ ਪ੍ਰਦਾਨ ਕਰਦੀ’।
ਕਈ ਆਰਜ਼ੀ ਵੀਜ਼ਾ ਧਾਰਕਾਂ ਨੇ ਐਸ ਬੀ ਐਸ ਨਿਊਸ ਨੂੰ ਦੱਸਿਆ ਹੈ ਕਿ ਉਹ ਆਪਣੀ ਸੁੱਪਰ ਦੀ ਰਾਸ਼ੀ ਇਸ ਕਾਰਨ ਵੀ ਪ੍ਰਾਪਤ ਨਹੀਂ ਕਰ ਸਕੇ ਕਿਉਂਕਿ ਉਹਨਾਂ ਦੀ ਪੇਅ ਸਲਿੱਪ ਵਿੱਚ ਦਰਸ਼ਾਈ ਹੋਈ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਪਹੁੰਚੀ ਹੀ ਨਹੀਂ ਸੀ।
ਰੈੱਡਫਰਨ ਲੀਗਲ ਸੈਂਟਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਈ ਅਜਿਹੇ ਵਿਦੇਸ਼ੀ ਵਿਦਿਆਰਥੀਆਂ ਕੋਲੋਂ ਵੀ ਮਦਦ ਪ੍ਰਾਪਤ ਕਰਨ ਲਈ ਬੇਨਤੀਆਂ ਮਿਲੀਆਂ ਹਨ ਜੋ ਕਿ ਆਪਣੇ ਸੁੱਪਰ ਨੂੰ ਪ੍ਰਾਪਤ ਨਹੀਂ ਕਰ ਪਾਏ ਹਨ।
ਪਿਛਲੇ ਹਫਤੇ ਆਸਟ੍ਰੇਲੀਆ ਦੇ ਟੈਕਸ ਵਿਭਾਗ ਨੇ ਕਿਹਾ ਸੀ ਕਿ ਉਹ ਉਹਨਾਂ ਲੋਕਾਂ ਵਿਰੁੱਧ ਕਾਰਵਾਈ ਕਰੇਗਾ ਜਿਹਨਾਂ ਨੇ ਆਪਣੀ ਸੁੱਪਰ ਦੀ ਰਾਸ਼ੀ ਨੂੰ ਗੈਰਕਾਨੂੰਨੀ ਢੰਗ ਨਾਲ ਹਾਸਲ ਕੀਤਾ ਹੈ।
ਅਪ੍ਰੈਲ ਵਿੱਚ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਉਹਨਾਂ ਆਰਜ਼ੀ ਵੀਜ਼ਾ ਧਾਰਕਾਂ ਨੂੰ ਵਾਪਸ ਆਪਣੇ ਮੁਲਕ ਪਰਤ ਜਾਣ ਲਈ ਕਹਿ ਦਿੱਤਾ ਸੀ ਜੋ ਕਿ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਆਪਣਾ ਖਰਚ ਆਪ ਚੁੱਕਣ ਵਿੱਚ ਅਸਮਰਥ ਸਨ।
ਉਹਨਾਂ ਕਿਹਾ ਸੀ ਕਿ, ‘ਆਸਟ੍ਰੇਲੀਆ ਆਪਣੇ ਨਾਗਰਿਕਾਂ ਦੇ ਹਿਤਾਂ ਦੀ ਰਾਖੀ ਕਰਨ ਲਈ ਹਰ ਵਾਜਬ ਵਿੱਤੀ ਮਦਦ ਪ੍ਰਦਾਨ ਕਰੇਗਾ’।
ਗ੍ਰਹਿ ਵਿਭਾਗ ਕੋਲੋਂ ਇਸ ਮਸਲੇ ਬਾਰੇ ਵਿਚਾਰ ਮੰਗੇ ਗਏ ਸਨ ਪਰ ਰਿਪੋਰਟ ਜਾਰੀ ਕੀਤੇ ਜਾਣ ਤੱਕ ਉਹਨਾਂ ਵਲੋਂ ਕੋਈ ਟਿੱਪਣੀ ਨਹੀਂ ਮਿਲੀ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।