ਕੋਵਿਡ ਮਹਾਂਮਾਰੀ ਦੌਰਾਨ ਆਸਟ੍ਰੇਲੀਆ ਭਰ ਦੇ ਸਿਹਤ ਕਰਮਚਾਰੀਆਂ ਨੂੰ ਐਨ95 ਮਾਸਕ ਪਾ ਕੇ ਕੰਮ ਕਰਨ ਦੀ ਹਿਦਾਇਤ ਜਾਰੀ ਕੀਤੀ ਗਈ ਸੀ।
ਪਰ ਮਾਸਕ ਪਾਉਣ ਦੀਆਂ ਹਿਦਾਇਤਾਂ ਵਿੱਚ ਚੇਹਰੇ ਉੱਤੇ ਵਾਲ ਨਾ ਹੋਣ ਦੀ ਵੀ ਹਿਦਾਇਤ ਜਾਰੀ ਕੀਤੀ ਗਈ ਸੀ। ਹਾਲਾਂਕਿ ਆਸਟ੍ਰੇਲੀਆ ਦੇ ਬਾਕੀ ਰਾਜਾਂ ਵਿੱਚ ਦਾਹੜੀ ਵਾਲੇ ਸਿਹਤ ਕਰਮਚਾਰੀਆਂ ਲਈ ਠਾਠਾ ਤਕਨੀਕ ਨੂੰ ਮਨਜ਼ੂਰੀ ਸੀ ਪਰ ਵਿਕਟੋਰੀਆ ਵਿੱਚ ਇਸ ਤਕਨੀਕ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ।
ਠਾਠਾ ਤਕਨੀਕ ਮੁਤਾਬਕ ਸਿਹਤ ਕਰਮਚਾਰੀ ਆਪਣੀ ਦਾਹੜੀ ਨੂੰ ਇੱਕ ਇਲਾਸਟਿਕ ਦੇ ਬੈਂਡ ਨਾਲ ਬੰਨ੍ਹ ਕੇ ਚੇਹਰੇ ਉੱਤੇ ਮਾਸਕ ਲਗਾ ਸਕਦਾ ਹੈ।
ਮੈਲਬੌਰਨ ਦੇ ਜਸਵਿੰਦਰ ਸਿੰਘ ਸੋਨੀ ਕਈ ਸਾਲਾਂ ਤੋਂ ਐਮਬੂਲੈਂਸ ਸੇਵਾਵਾਂ ਲਈ ਕੰਮ ਕਰਨਾ ਚਾਹੁੰਦੇ ਸਨ। ਆਪਣੇ ਇਸ ਸਫਰ ਦੌਰਾਨ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਜਿਸ ਵਿੱਚੋਂ ਚੇਹਰੇ ‘ਤੇ ਵਾਲਾਂ ਦੇ ਨਾਲ ਐਨ95 ਮਾਸਕ ਨਾ ਪਾਉਣ ਦੀ ਹਿਦਾਇਤ ਵੀ ਇੱਕ ਸੀ।

Jaswinder Singh Soni with his family (left side) and while performing his duties in health sector (right side).
ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਆਪਣੇ ਕੰਮ ਨਾਲ ਜੁੜੀਆਂ ਇਹਨਾਂ ਹਿਦਾਇਤਾਂ ਦੀ ਪੂਰਤੀ ਲਈ ਉਹਨਾਂ ਆਪਣੀ ਦਾਹੜੀ ਨੂੰ ਥੋੜਾ ਛੋਟਾ ਜ਼ਰੂਰ ਕੀਤਾ ਸੀ ਪਰ ਫਿਰ ਵੀ ਉਹ ਕਲੀਨ ਸ਼ੇਵ ਦੀ ਹਿਦਾਇਤ ਨੂੰ ਪੂਰਾ ਕਰਨ ਵਿੱਚ ਰਾਜ਼ੀ ਨਹੀਂ ਸਨ।
ਹਾਲਾਂਕਿ ਜਸਵਿੰਦਰ ਸਿੰਘ ਸੋਨੀ ਦੇ ਮਨ ਵਿੱਚ ਉਹਨਾਂ ਨੂੰ ਆਈਆਂ ਦਰਪੇਸ਼ ਚੁਣੌਤੀਆਂ ਕਾਰਨ ਬੁਰਾ ਵੀ ਮਹਿਸੂਸ ਹੁੰਦਾ ਹੈ ਪਰ ਉਹਨਾਂ ਤਸੱਲੀ ਜ਼ਾਹਿਰ ਕੀਤੀ ਕਿ ਠਾਠਾ ਤਕਨੀਕ ਨੂੰ ਵਿਕਟੋਰੀਆ ਵਿੱਚ ਮਨਜ਼ੂਰੀ ਮਿਲਣ ਨਾਲ ਹੁਣ ਉਹ ਆਪਣਾ ਸੁਪਨਾ ਆਸਾਨੀ ਨਾਲ ਪੂਰਾ ਕਰ ਸਕਣਗੇ।
ਇਸ ਤਕਨੀਕ ਦੀ ਅਜ਼ਮਾਇਸ਼ ਸ਼ੁਰੂ ਕਰਵਾਉਣ ਲਈ ਜ਼ੋਰ ਪਵਾਉਣ ਵਾਲਿਆਂ ਵਿੱਚ ਵਿਕਟੋਰੀਅਨ ਸਿੱਖ ਗੁਰੂਦੁਆਰਾ ਕੌਂਸਿਲ ਦੇ ਸਕੱਤਰ ਹਰਮਿੱਕ ਸਿੰਘ ਦਾ ਵੀ ਖਾਸ ਯੋਗਦਾਨ ਹੈ।
ਉਹਨਾਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਕੋਲ 2022 ਵਿੱਚ ਸਿਹਤ ਵਿਭਾਗ ਤੋਂ ਕੁੱਝ ਵਿਦਿਆਰਥੀ ਅਤੇ ਕਰਮਚਾਰੀ ਨੇ ਪਹੁੰਚ ਕੀਤੀ ਅਤੇ ਇਸ ਸਮੱਸਿਆ ਦਾ ਜ਼ਿਕਰ ਕੀਤਾ।
ਹਰਮਿੱਕ ਸਿੰਘ ਮੁਤਾਬਕ ਉਹਨਾਂ ਵੱਲੋਂ ਇਸ ਬਾਰੇ ਸਬੰਧਿਤ ਮੰਤਰਾਲੇ ਅਤੇ ਵਿਭਾਗਾਂ ਨੂੰ ਪੱਤਰ ਲਿਖੇ ਗਏ ਅਤੇ ਆਸਟ੍ਰੇਲੀਆ ਦੇ ਬਾਕੀ ਰਾਜਾਂ ਵਿੱਚ ਵਰਤੀ ਜਾਂਦੀ ਠਾਠਾ ਤਕਨੀਕ ਨੂੰ ਵਿਕਟੋਰੀਆ ਵਿੱਚ ਵੀ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਗਈ।

Harmick Singh is the secretary of Victorian Sikh Gurudwara Council. Credit: Supplied by Harmick Singh.
ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਜਿਹਨਾਂ ਵਿਦਿਆਰਥੀਆਂ ਦੀ ਪੜਾਈ ਦਾ ਜਾਂ ਮਾਲੀ ਨੁਕਸਾਨ ਹੋਇਆ ਹੈ ਉਹਨਾਂ ਨੂੰ ਬਣਦਾ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ।
ਰੌਇਲ ਮੈਲਬਰਨ ਹਸਪਤਾਲ ਵੱਲੋਂ ਕੀਤੀ ਗਈ ਇਸ ਅਜ਼ਮਾਇਸ਼ ਵਿੱਚ 40 ਸੰਗਠਨਾਂ ਤੋਂ 245 ਉਮੀਦਵਾਰਾਂ ਨੂੰ ਸ਼ਾਮਲ ਖੀਤਾ ਗਿਆ।

ਪੂਰੀ ਗੱਲਬਾਤ ਸੁਣਨ ਲਈ ਇਸ ਆਡੀਓ 'ਤੇ ਕਲਿੱਕ ਕਰੋ..