ਸਵੈਨ ਹਿੱਲ, ਆਸਟ੍ਰੇਲੀਆ ਦੇ ਉੱਤਰ-ਪੱਛਮ ਵਿੱਚ ਮਰੇ ਵੈਲੀ ਹਾਈਵੇ ਅਤੇ ਮਰੇ ਨਦੀ ਦੇ ਦੱਖਣੀ ਕੰਢੇ ਉੱਤੇ ਲੋਡਨ ਨਦੀ ਦੇ ਜੰਕਸ਼ਨ ਕੋਲ ਵਸਿਆ ਵਿਕਟੋਰੀਆ ਦਾ ਇੱਕ ਖੇਤਰੀ ਕਸਬਾ ਹੈ।
ਇਹ ਇਲਾਕਾ ਇੰਡਿਜਨਸ ਭਾਈਚਾਰੇ ਦੇ ਵੇਂਬਾ-ਵੇਂਬਾ (ਜਾਂ ਵਾਂਬਾ-ਵਾਂਬਾ) ਅਤੇ ਵਾਟੀ-ਵਾਟੀ ਲੋਕਾਂ ਦੁਆਰਾ ਆਬਾਦ ਕੀਤਾ ਮੰਨਿਆ ਜਾਂਦਾ ਹੈ।
ਮੈਲਬੌਰਨ ਦੇ ਉੱਤਰ-ਪੱਛਮ ਤੋਂ ਸਿਰਫ਼ ਸਾਢੇ ਤਿੰਨ ਘੰਟੇ ਅਤੇ ਐਡੀਲੇਡ ਤੋਂ ਸਾਢੇ ਪੰਜ ਘੰਟੇ ਦੀ ਦੂਰੀ ਉੱਤੇ ਸਥਿਤ ਸਵੈਨ ਹਿੱਲ ਖੇਤਰ, ਮਰੇ ਨਦੀ ਦੀਆਂ ਖੂਬਸੂਰਤ ਥਾਵਾਂ, ਸਟੋਨ ਫਰੂਟ ਖੇਤੀਬਾੜੀ, ਮੂਲ ਜੰਗਲੀ ਜੀਵਨ ਅਤੇ ਆਦਿਵਾਸੀ ਵਿਰਾਸਤ ਲਈ ਮਸ਼ਹੂਰ ਹੈ।
2021 ਦੀ ਮਰਦਮਸ਼ੁਮਾਰੀ ਮੁਤਾਬਿਕ ਸਵੈਨ ਹਿੱਲ ਦੀ ਆਬਾਦੀ 11,508 ਸੀ ਜਿਸ ਵਿੱਚ ਨਿਰੰਤਰ ਵਧਦਾ ਪੰਜਾਬੀ/ਭਾਰਤੀ ਭਾਈਚਾਰਾ ਵੀ ਸ਼ਾਮਿਲ ਹੈ।
ਸਿੱਖ ਐਸੋਸੀਏਸ਼ਨ ਗੁਰਦੁਆਰਾ ਸਾਹਿਬ ਸਵੈਨ ਹਿੱਲ ਵਲੋਂ ਗੁਰਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ ਖੇਤਰ ਵਿੱਚ ਪੱਕੇ ਤੌਰ ਉੱਤੇ ਵਸੇ ਪਰਿਵਾਰਾਂ ਦੀ ਗਿਣਤੀ ਹੁਣ 50 ਤੋਂ ਵੀ ਵੱਧ ਚੁੱਕੀ ਹੈ ਜਦਕਿ ਆਰਜ਼ੀ ਭਾਈਚਾਰਕ ਗਿਣਤੀ ਖੇਤੀ ਦੇ ਸੀਜ਼ਨ ਦੌਰਾਨ 200-250 ਤੱਕ ਪਹੁੰਚ ਜਾਂਦੀ ਹੈ।
"ਪਿਛਲੇ 10-15 ਸਾਲ ਤੋਂ ਇਸ ਗਿਣਤੀ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਵਿਦਿਆਰਥੀ ਵੀਜ਼ੇ ਤੇ ਪੱਕੀ ਰਿਹਾਇਸ਼ ਪ੍ਰਾਪਤ ਕਰਨ ਲਈ ਖੇਤਰੀ ਵੀਜ਼ਿਆਂ ਤਹਿਤ ਸਥਾਪਤੀ ਲਈ ਯਤਨਸ਼ੀਲ ਪਰਿਵਾਰਾਂ ਲਈ ਵੀ ਇਸ ਇਲਾਕੇ ਨੇ ਹਮੇਸ਼ਾਂ ਸਭ ਦਾ ਸਵਾਗਤ ਕੀਤਾ ਹੈ," ਉਨ੍ਹਾਂ ਕਿਹਾ।
ਉਨ੍ਹਾਂ ਦੱਸਿਆ ਕਿ ਸਵੈਨ ਹਿੱਲ ਦੇਸ਼ ਭਰ ਵਿੱਚ ਸਟੋਨ ਫਰੂਟ ਦੀ ਪੈਦਾਵਾਰ ਲਈ ਜਾਣਿਆ ਜਾਂਦਾ ਹੈ।
"ਸਾਡਾ ਬਹੁਤਾ ਭਾਈਚਾਰਾ ਰੁਜ਼ਗਾਰ ਲਈ ਖੇਤੀ ਜਾਂ ਇਸ ਨਾਲ਼ ਸਬੰਧਤ ਹੋਰ ਧੰਦਿਆਂ ਨਾਲ਼ ਜੁੜਿਆ ਹੋਇਆ ਹੈ।"
ਸਵੈਨ ਹਿੱਲ ਵਸਦਾ ਸਿੱਖ ਭਾਈਚਾਰਾ ਕੋਵਿਡ-19 ਦੌਰਾਨ ਮੁਫ਼ਤ ਭੋਜਨ ਸਪਲਾਈ ਤੇ ਹਾਲ ਹੀ ਵਿੱਚ ਆਏ ਹੜ੍ਹਾਂ ਦੌਰਾਨ ਰਾਹਤ ਕਾਰਜਾਂ ਵਿੱਚ ਵੱਧ ਚੜ੍ਹਕੇ ਹਿੱਸਾ ਪਾਉਂਦਾ ਰਿਹਾ ਹੈ।
ਸਥਾਨਕ ਲੋਕਾਂ ਵੱਲੋਂ ਲੋੜ ਪੈਣ 'ਤੇ ਕੰਮ ਆਓਂਦੇ ਸਿੱਖ ਸੇਵਾਦਾਰਾਂ ਨੂੰ ਹਮੇਸ਼ਾਂ ਪਿਆਰ-ਸਤਿਕਾਰ ਦੀ ਨਿਗਾਹ ਨਾਲ਼ ਵੇਖਿਆ ਜਾਂਦਾ ਹੈ।
ਵਧਦੀ ਗਿਣਤੀ ਦੇ ਚਲਦਿਆਂ ਭਾਈਚਾਰੇ ਨੇ ਸਮੂਹਿਕ ਤੌਰ 'ਤੇ ਯਤਨ ਕਰਦਿਆਂ ਆਪਣਾ ਧਾਰਮਿਕ ਸਥਾਨ - ਗੁਰਦੁਆਰਾ ਸਾਹਿਬ ਸਥਾਪਤ ਕਰਨ ਲਈ ਇੱਕ ਛੋਟਾ ਘਰ ਖਰੀਦਿਆ ਸੀ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਇਮਾਰਤ ਬਹੁਤੀ ਚੰਗੀ ਹਾਲਤ ਵਿਚ ਨਹੀਂ ਹੈ, ਜਿਸ ਕਾਰਨ ਭਾਈਚਾਰੇ ਵੱਲੋਂ ਫੰਡ ਇਕੱਠਾ ਕਰਨ ਅਤੇ ਨਵ-ਉਸਾਰੀ ਦੇ ਯਤਨ ਸ਼ੁਰੂ ਕੀਤੇ ਗਏ ਹਨ।
"ਨਵੀਂ ਇਮਾਰਤ ਸਾਡੇ ਭਾਈਚਾਰੇ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਕਾਫੀ ਜ਼ਰੂਰੀ ਸੀ। ਇਸ ਤਹਿਤ ਅਸੀਂ ਪਹਿਲਾਂ ਨਾਲੋਂ ਬੇਹਤਰ ਅਤੇ ਵੱਡੀ ਰਸੋਈ ਤੇ ਲੰਗਰ ਹਾਲ ਬਣਾਉਣ ਬਾਰੇ ਵੀ ਵਿਚਾਰ ਕਰ ਰਹੇ ਹਾਂ ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਸਹਿਯੋਗ ਅਤੇ ਸੇਵਾਵਾਂ ਦੇ ਸਕੀਏ," ਉਨ੍ਹਾਂ ਕਿਹਾ।
"ਸਾਡੇ ਸੇਵਾਦਾਰ, ਸਿੱਖ ਸਿਧਾਂਤਾਂ ਤਹਿਤ ਮਨੁੱਖਤਾ ਦੀ ਸੇਵਾ ਲਈ ਸਦਾ ਹਾਜ਼ਿਰ ਹਨ। ਜੇਕਰ ਅਸੀਂ ਸਥਾਨਿਕ ਲੋਕਾਂ ਜਾਂ ਸਮਾਜ ਲਈ ਕੁਝ ਕਰ ਸਕੀਏ ਤਾਂ ਅਸੀਂ ਆਪਣੇ-ਆਪ ਨੂੰ ਵਡਭਾਗੇ ਸਮਝਾਂਗੇ,” ਉਨ੍ਹਾਂ ਕਿਹਾ।
ਸਿੱਖ ਐਸੋਸੀਏਸ਼ਨ ਸਵੈਨ ਹਿੱਲ ਦੀ ਵਲੰਟੀਅਰ ਟੀਮ ਸਾਲਾਨਾ ਸਿੱਖ ਖੇਡਾਂ ਜੋ ਇਸ ਵਾਰ ਬ੍ਰਿਸਬੇਨ/ਗੋਲਡ ਕੋਸਟ ਵਿੱਚ ਹੋਈਆਂ ਸਨ ਤੇ ਗ੍ਰਿਫ਼ਿਥ ਸ਼ਹੀਦੀ ਜੋੜ ਮੇਲੇ ਉੱਤੇ ਵੀ ਪੂਰੀ ਸਰਗਰਮ ਨਜ਼ਰ ਆਈ।

ਇਸ ਦੌਰਾਨ ਸਿੱਖ ਸੇਵਾਦਾਰਾਂ ਵੱਲੋਂ ਗੰਨੇ ਦੇ ਰਸ ਅਤੇ ਚਾਹ-ਪਾਣੀ ਦੀਆਂ ਸੇਵਾਵਾਂ ਵੀ ਦਿੱਤੀਆਂ ਗਈਆਂ।
ਇਸਦੇ ਨਾਲ ਹੀ ਉਹ ਗੁਰਦਵਾਰਾ ਸਾਹਿਬ ਦੀ ਉਸਾਰੀ ਲਈ ਫੰਡ ਇਕੱਠਾ ਕਰਦੇ ਵੀ ਨਜ਼ਰ ਆਏ।
ਹੋਰ ਵੇਰਵੇ ਲਈ ਸਿੱਖ ਐਸੋਸੀਏਸ਼ਨ ਸਵੈਨ ਹਿੱਲ ਵਲੋਂ ਗੁਰਪ੍ਰੀਤ ਸਿੰਘ ਨਾਲ਼ ਕੀਤੀ ਇਹ ਇੰਟਰਵਿਊ ਸੁਣੋ....




