ਸਿਡਨੀ ਦੀ ਬੰਦਰਗਾਹ ਉੱਤੇ ਹਰ ਸਾਲ 10 ਲੱਖ ਜਾਂ ਇਸਤੋਂ ਵੱਧ ਲੋਕ ਨਵੇਂ ਸਾਲ ਦੇ ਜਸ਼ਨਾਂ ਦੀ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਆਉਂਦੇ ਰਹੇ ਹਨ ਪਰ ਸਾਲ 2022 ਦੀ ਸ਼ੁਰੂਆਤ ਕੁੱਝ ਫਿੱਕੀ ਮਹਿਸੂਸ ਹੋਈ।
2022 ਦੀ ਸ਼ੁਰੂਆਤ ਦੇ ਜਸ਼ਨ ਦਾ ਹਿੱਸਾ ਬਣਨ ਸਿਡਨੀ ਬੰਦਰਗਾਹ ਉੱਤੇ ਮਹਿਜ਼ 36,000 ਲੋਕ ਹੀ ਪਹੁੰਚੇ ਸਨ ਅਤੇ ਇਸ ਵਿੱਚ ਕੋਵਿਡ-19 ਦੀਆਂ ਪਾਬੰਦੀਆਂ ਦਾ ਕਾਫੀ ਯੋਗਦਾਨ ਹੈ।
ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਕੋਵਿਡ-19 ਦੇ ਸਭ ਤੋਂ ਪ੍ਰਮੁੱਖ ਉਪਰੂਪ ‘ਓਮੀਕਰੋਨ’ ਨੇ ਨਾ ਸਿਰਫ ਆਸਟ੍ਰੇਲੀਅਨ ਲੋਕਾਂ ਦਾ ਜੀਵਨ ਬਲਕਿ 'ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ' ਨੂੰ ਵੀ ਪ੍ਰਭਾਵਿਤ ਕੀਤਾ।
ਖਾਸ ਤੌਰ ਉੱਤੇ ਅੰਤਰਰਾਸ਼ਟਰੀ ਟੈਨਿਸ ਆਈਕਨ ਨੋਵਾਕ ਜੋਕੋਵਿਕ ਇਸ ਦੌਰਾਨ ਕਾਫੀ ਚਰਚਾ ਵਿੱਚ ਰਹੇ।
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਨੂੰ ਰਿਕਾਰਡ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੀ ਉਮੀਦ ਸੀ ਪਰ ਉਸਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਅਤੇ ਪਹੁੰਚਣ ਉੱਤੇ ਉਸਨੂੰ ਕਾਰਲਟਨ ਦੇ ਪਾਰਕ ਹੋਟਲ ਵਿੱਚ ਲੈ ਜਾਇਆ ਗਿਆ।

ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਓਪਨ ਵਿੱਚ ਨਹੀਂ ਖੇਡ ਸਕਿਆ।
ਪਰ ਦੂਜੇ ਪਾਸੇ ਐਸ਼ ਬਾਰਟੀ ਨੇ ਆਪਣੇ ਕਮਾਲ ਨਾਲ ਇਤਿਹਾਸ ਰਚ ਦਿੱਤਾ। ਟੂਰਨਾਮੈਂਟ ਜਿੱਤਣ ਵਾਲੀ ਉਹ ਦੂਜੀ ਸਵਦੇਸ਼ੀ ਖਿਡਾਰੀ ਅਤੇ 44 ਸਾਲਾਂ ਵਿੱਚ ਟਰਾਫੀ ਜਿੱਤਣ ਵਾਲੀ ਪਹਿਲੀ ਆਸਟ੍ਰੇਲੀਅਨ ਮਹਿਲਾ ਬਣ ਗਈ।
ਇਸ ਜਿੱਤ ਤੋਂ ਮਹਿਜ਼ ਇੱਕ ਮਹੀਨੇ ਬਾਅਦ ਹੀ ਐਸ਼ ਬਾਰਟੀ ਨੇ ਟੈਨਿਸ ਤੋਂ ਸੰਨਿਆਸ ਲੈ ਲਿਆ।
ਇਸ ਤੋਂ ਇਲਾਵਾ ਜਨਵਰੀ ਦੇ ਮਹੀਨੇ ਵਿੱਚ ਹੀ ਆਸਟ੍ਰੇਲੀਆ ਨੇ ਇੱਕ ਅਣਚਾਹੇ ਅੰਕੜਿਆਂ ਦੀ ਨਵੀਂ ਉੱਚਾਈ ਹਾਸਲ ਕੀਤੀ। ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਜਨਵਰੀ ਦੇ ਸਮੇਂ ਦੌਰਾਨ ਤੱਕ 20 ਲੱਖ ਤੋਂ ਵੱਧ ਕਰੋਨਾਵਾਇਰਸ ਕੇਸ ਦਰਜ ਕੀਤੇ ਗਏ ਸਨ।
ਮਹੀਨੇ ਦੇ ਅੰਤ ਤੱਕ ਆਸਟ੍ਰੇਲੀਆ ਵਿੱਚ ਕੋਵਿਡ-19 ਮੌਤਾਂ ਦੀ ਸਭ ਤੋਂ ਵੱਧ ਰੋਜ਼ਾਨਾ ਕੁੱਲ ਮੌਤ ਦਰ ਦਰਜ ਕੀਤੀ ਗਈ ਸੀ ਅਤੇ ਦੇਸ਼ ਵਿੱਚ 97 ਮੌਤਾਂ ਦੀ ਰਿਪੋਰਟ ਕੀਤੀ ਗਈ ਸੀ।
2022 ਵਿੱਚ ਡਾਇਲਨ ਐਲਕੋਟ ਨੂੰ ‘ਆਸਟ੍ਰੇਲੀਅਨ ਆਫ ਦਾ ਯੀਅਰ’ ਬਣਾਏ ਜਾਣ ਉੱਤੇ ਇੱਕ ਨਵਾਂ ਰਿਕਾਰਡ ਕਾਇਮ ਹੋ ਗਿਆ ਸੀ। ਪੁਰਸਕਾਰ ਦੇ 62 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਅਪਾਹਜ ਵਿਅਕਤੀ ਨੂੰ ਇੰਨੀ ਮਾਨਤਾ ਦਿੱਤੀ ਗਈ ਸੀ।

ਫਰਵਰੀ ਵਿੱਚ, ਫੈਡਰਲ ਸਰਕਾਰ ਨੇ ਪੂਰੀ ਤਰ੍ਹਾਂ ਟੀਕਾਕਰਨ ਕੀਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਆਸਟ੍ਰੇਲੀਆ ਦੀਆਂ ਸਰਹੱਦਾਂ ਮੁੜ ਖੋਲ੍ਹ ਦਿੱਤੀਆਂ।
ਅਤੇ 23 ਫਰਵਰੀ ਨੂੰ, ਆਸਟ੍ਰੇਲੀਆ ਨੇ ਯੂਕਰੇਨ ਨਾਲ ਲੱਗਦੀ ਆਪਣੀ ਸਰਹੱਦ ਉੱਤੇ ਆਪਣੀ ਫੌਜ ਦੇ ਨਿਰਮਾਣ ਨੂੰ ਲੈ ਕੇ ਰੂਸ ਉੱਤੇ ਪਾਬੰਦੀਆਂ ਲਗਾ ਦਿੱਤੀਆਂ।
ਇਸ ਤੋਂ ਇੱਕ ਦਿਨ ਬਾਅਦ ਹੀ ਰੂਸ ਨੇ ਯੂਕਰੇਨ ਉੱਤੇ ਹਮਲਾ ਕਰ ਦਿੱਤਾ।
ਉਧਰ ਮਾਰਚ ਵਿੱਚ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਖ਼ਰਾਬ ਮੌਸਮ ਨੇ ਗੰਭੀਰ ਅਤੇ ਮਾਰੂ ਹੜ੍ਹ ਦਾ ਰੂਪ ਧਾਰ ਲਿਆ।
21 ਮਈ ਤੱਕ, ਆਸਟ੍ਰੇਲੀਆ ਵਿੱਚ ਇੱਕ ਨਵੀਂ ਸਰਕਾਰ ਬਣੀ ਅਤੇ ਲੇਬਰ ਦੇ ਐਂਥਨੀ ਅਲਬਾਨੀਜ਼ ਆਸਟ੍ਰੇਲੀਆ ਦੇ 31ਵੇਂ ਪ੍ਰਧਾਨ ਮੰਤਰੀ ਬਣੇ।
ਜੂਨ ਵਿੱਚ ਗੈਸ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੇ ਨਾਲ, ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਆਸਟਰੇਲੀਆ ਦੀ ਸਭ ਤੋਂ ਵੱਡੀ ਵਿਆਜ ਦਰ ਵਿੱਚ ਵਾਧਾ ਹੋਇਆ।
ਅਗਸਤ ਵਿੱਚ ਵਿਆਜ ਦਰਾਂ ਵਿੱਚ 50 ਬੇਸਿਸ ਪੁਆਇੰਟ ਦਾ ਇੱਕ ਹੋਰ ਵਾਧਾ ਹੋਇਆ।
ਸਤੰਬਰ ਦਾ ਮਹੀਨਾ ਆਪਣੇ ਨਾਲ ਇੱਕ ਹੋਰ ਵਿਆਜ਼ ਦਰ ਵਾਧਾ ਲੈ ਕੇ ਆਇਆ ਜੋ ਕਿ ਲਗਾਤਾਰ ਪੰਜਵਾਂ ਵਾਧਾ ਰਿਹਾ। ਬਹੁਤ ਸਾਰੇ ਲੋਕਾਂ ਨੂੰ ਰੋਜ਼ਾਨਾ ਜੀਵਨ ਦੇ ਖਰਚਿਆਂ ਲਈ ਕਾਪੀ ਸੰਘਰਸ਼ ਕਰਨਾ ਪਿਆ ਜਦਕਿ ਕੁੱਝ ਰਾਹਤ ਵਾਲੀਆਂ ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਰਹੀਆਂ।
ਫਿਰ ਜਿਵੇਂ ਹੀ ਬਸੰਤ ਰੁੱਤ ਨੇੜੇ ਆਈ, ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਆ ਗਿਆ, ਫਿਰ ਦੇਸ਼ ਦੇ ਦੱਖਣ-ਪੂਰਬ ਵਿੱਚ ਭਿਆਨਕ ਤੂਫ਼ਾਨ ਦੇ ਰੂਪ ਵਿੱਚ ਮੁੜ ਹੜ੍ਹ ਆ ਗਿਆ।
ਮੈਡੀਬੈਂਕ ਅਤੇ ਓਪਟਸ ਡੇਟਾ ਦੀਆਂ ਉਲੰਘਣਾਵਾਂ ਨੇ ਗਾਹਕਾਂ ਦੇ ਡੇਟਾ ਲਈ ਵਿਆਪਕ ਚਿੰਤਾਵਾਂ ਪੈਦਾ ਕੀਤੀਆਂ।
ਹਾਲਾਂਕਿ ਸੋਚਿਆ ਗਿਆ ਸੀ ਕਿ 2022 ਦਾ ਅੰਤ ਖੁਸ਼ਨੁਮਾ ਹੋਵੇਗਾ ਪਰ ਇਹ ਕੁਈਨਜ਼ਲੈਂਡ ਦੇ ਬ੍ਰਿਸਬੇਨ ਦੇ ਪੱਛਮ ਵਿੱਚ ਇੱਕ ਦੂਰ-ਦੁਰਾਡੀ ਪੇਂਡੂ ਜਾਇਦਾਦ ਉੱਤੇ ਇੱਕ ਹਮਲੇ ਦੀ ਦਹਿਸ਼ਤ ਨਾਲ ਹੋਇਆ।

ਇਸ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਵਿੱਚ ਦੋ ਪੁਲਿਸ ਅਧਿਕਾਰੀ, ਇੱਕ ਆਮ ਵਿਅਕਤੀ ਅਤੇ ਤਿੰਨ ਅਪਰਾਧੀ ਸ਼ਾਮਲ ਸਨ।





