ਨੋਟ: ਕੁਝ ਲੋਕਾਂ ਲਈ ਇਹ ਪੇਸ਼ਕਾਰੀ ਦੁਖਦਾਈ ਹੋ ਸਕਦੀ ਹੈ। ਕਿਸੇ ਵੀ ਕਿਸਮ ਦੀ ਭਾਵਨਾਤਮਕ ਸਹਾਇਤਾ ਲਈ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰੋ।
ਬਲਜੀਤ ਫਰਵਾਲੀ ਇੱਕ ਪੰਜਾਬੀ ਲੇਖਕ ਹੈ ਜਿਸ ਦੀ ਪਲੇਠੀ ਕਿਤਾਬ 'ਸੱਤਰੰਗੀ ਜ਼ਿੰਦਗੀ' ਉਸਦੇ ਨਿੱਜੀ ਦੁਖਾਂਤ ਤੇ ਉਸ ਵਿੱਚੋਂ ਉਪਜੇ ਚੰਗੇ-ਮਾੜੇ ਤਜਰਬਿਆਂ ਵਿਚੋਂ ਉਪਜੀਆਂ ਤਰੰਗਾਂ ਨੂੰ ਛੇੜਦੀ ਹੈ।
2015 ਵਿਚ ਆਪਣੇ ਕੰਮ ਵਾਲੀ ਥਾਂ 'ਤੇ ਹੋਈ ਇੱਕ ਦੁਰਘਟਨਾ ਦੌਰਾਨ ਉਸ ਉੱਤੇ ਇੱਕ ਟਨ ਦੀ ਟਰਾਲੀ ਆਣ ਡਿੱਗੀ ਤੇ ਉਸਦੀ ਰੀੜ ਦੀ ਹੱਡੀ ਤੇ ਇੱਕ ਲੱਤ ਬੁਰੀ ਤਰਾਂਹ ਨਕਾਰਾ ਹੋ ਗਏ।
ਇਸ ਘਟਨਾ ਨੇ ਜਿੱਥੇ ਉਸ ਨੂੰ ਸਰੀਰਕ ਤੇ ਮਾਨਸਕ ਅਪਾਹਜਤਾ ਵੱਲ ਧੱਕਿਆ ਓਥੇ ਉਸ ਨੂੰ ਤਮਾਮ ਉਮਰ 'ਮੰਜੇ ਨਾਲ ਜੁੜ ਜਾਣ' ਦਾ ਡਰ ਵੀ ਸਤਾਉਣ ਲੱਗਾ।
ਇਸ ਵੇਲੇ ਉਸ ਦੀ ਬੇਟੀ ਦੀ ਉਮਰ 2 ਸਾਲ ਤੇ ਬੇਟੇ ਦੀ ਉਮਰ 10 ਸਾਲ ਸੀ। ਉਸਦੀ ਪਤਨੀ ਮਨਜੀਤ ਉਸਦਾ ਖਿਆਲ ਰੱਖਣ ਦੇ ਨਾਲ਼ ਸੈਂਟਰਲਿੰਕ ਤੇ 'ਵਰਕ ਕਮਪਨਸੇਸ਼ਨ' ਦੇ ਚੱਕਰ ਲਾਉਂਦੀ, ਲੜਾਈ ਲੜਦੀ ਤੇ ਸਾਰੇ ਪਰਿਵਾਰਕ ਕੰਮ-ਕਾਰ ਵੀ ਕਰਦੀ।

Baljit Pharwali with his wife (Late) Manjit Kaur and two children.
2019 ਵਿੱਚ ਜਦ ਉਹ ਆਪਣੀ ਆਮ ਜ਼ਿੰਦਗੀ ਵਿੱਚ ਵਾਪਸੀ ਲਈ ਯਤਨਸ਼ੀਲ ਸੀ ਉਸ ਵੇਲ਼ੇ ਉਸਦੀ ਸੁੱਖ-ਦੁੱਖ ਦੀ ਸਾਥੀ, ਉਸਦੀ ਸਾਰਥੀ ਉਸਦੀ ਪਤਨੀ ਮਨਜੀਤ ਕੌਰ ਦੀ ਸਿਹਤ ਬਰੈਸਟ ਕੈਂਸਰ ਕਰਕੇ ਨਿਘਾਰ ਵਿੱਚ ਆਉਣੀ ਸ਼ੁਰੂ ਹੋ ਗਈ।
ਇਨ੍ਹੀਂ ਦਿਨੀਂ ਬਲਜੀਤ ਦੀ ਪਿੱਠ ਦਾ ਅਪਰੇਸ਼ਨ ਹੋਇਆ ਸੀ ਤੇ ਉਹ ਡੇਢ ਮਹੀਨੇ ਦੀ ਬੇਹੋਸ਼ੀ ਪਿੱਛੋਂ ਜਦੋ ਸੁਰਤ ਵਿੱਚ ਵਾਪਸ ਆਇਆ ਤਾਂ ਓਦੋਂ ਤੱਕ ਉਸਦੀ ਪਤਨੀ ਦੀ ਕੀਮੋਥੈਰਪੀ ਸ਼ੁਰੂ ਹੋ ਚੁੱਕੀ ਸੀ।
ਬਲਜੀਤ ਨੇ ਦੱਸਿਆ ਕਿ ਮਨਜੀਤ ਬਹੁਤ ਔਖੇ ਹਾਲਾਤਾਂ ਵਿੱਚ ਖੁਦ ਕਾਰ ਚਲਾਕੇ ਕੀਮੋਥੈਰਪੀ ਲਗਵਾਉਣ ਲਈ ਹਸਪਤਾਲ ਜਾਂਦੀ ਸੀ।
ਆਪਣੇ ਹਾਲਾਤਾਂ ਨੂੰ ਕੋਸਦਾ, ਰੱਬ ਨੂੰ ਉਲਾਂਭੇ ਦਿੰਦਾ, ਬਿਸਤਰੇ ਨੂੰ ਲੱਗਿਆ ਬਲਜੀਤ ਹੁਣ ਪੂਰੀ ਤਰਾਂ ਮਾਨਸਿਕ ਤਣਾਅ ਦੇ ਘੇਰੇ ਵਿਚ ਫਸ ਚੁੱਕਿਆ ਸੀ।
"ਮੈਂ ਇਕ ਵਾਰ ਫਿਰ ਤੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਮੌਕੇ ਤੇ ਡਾਕਟਰੀ ਸਹਾਇਤਾ ਅਤੇ ਪਤਨੀ ਦੀ ਹਿੰਮਤ ਸਦਕਾ ਮੇਰੀ ਜਾਨ ਬਚ ਗਈ," ਉਸਨੇ ਦੱਸਿਆ।

Baljit Pharwali showing his book 'Satrangi Zindgi" (seven colours of life) at SBS Studios, Melbourne. Credit: Preetinder Grewal/SBS Punjabi
ਬਲਜੀਤ ਨੇ ਦੱਸਿਆ ਕਿ ਆਪਣੀ ਬੇਟੀ ਦੇ ਵਾਲਾਂ ਦੀਆਂ ਮੀਢੀਆਂ ਕਰਦੇ ਨੂੰ ਜਦ ਉਸਨੇ ਸਵਾਲ ਪੁੱਛਿਆ 'ਪਾਪਾ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਸਾਡਾ ਕੀ ਬਣੇਗਾ - ਸਾਡੀ ਕਸਟੱਡੀ ਕਿਸ ਕੋਲ ਜਾਏਗੀ" ਨੇ ਉਸ ਨੂੰ ਬੁਰੀ ਤਰ੍ਹਾਂ ਝੰਜੋੜਿਆ।
ਬੱਚਿਆਂ ਵੱਲ ਵੇਖ ਉਸਨੇ ਆਪਣੇ ਆਪ ਨਾਲ਼ ਲੜਾਈ ਲੜਨ ਦਾ ਫੈਸਲਾ ਲਿਆ ਤੇ ਬੱਚਿਆਂ ਦੀ ਸਹਾਇਤਾ ਨਾਲ ਫਿਰ ਤੋਂ ਛੋਟੇ-ਛੋਟੇ ਕਦਮਾਂ ਨਾਲ ਤੁਰਨਾ ਸ਼ੁਰੂ ਕੀਤਾ।
"ਮੈਂ ਉਨ੍ਹਾਂ ਦੀ ਪਰਵਰਿਸ਼ ਤੇ ਦੇਖਭਾਲ ਨੂੰ ਆਪਣਾ ਮੁਖ ਉਦੇਸ਼ ਬਣਾ ਲਿਆ ਸੀ। ਇਸ ਲਈ ਜ਼ਰੂਰੀ ਸੀ ਕਿ ਮੈਂ ਖੁਦ ਸਰੀਰਕ ਤੇ ਮਾਨਸਿਕ ਤੌਰ ਉੱਤੇ ਤਿਆਰ ਹੁੰਦਾ।“
Baljit Pharwali at SBS studios, Melbourne. Credit: Preetinder Grewal/SBS Punjabi
"ਭਾਵੇਂ ਸਮਾਜ ਦਾ ਇਕ ਹਿੱਸਾ, ਮੇਰਾ ਮਿੱਤਰ-ਭਾਈਚਾਰਾ ਕਾਫ਼ੀ ਮਦਦਗਾਰ ਸੀ ਪਰ ਇਸ ਸਮੇਂ ਕਰੋਨਾ ਆਪਣੀ ਚਰਮ ਸੀਮਾ ਉੱਤੇ ਸੀ ਜਿੱਥੇ ਕੋਈ ਚਾਹਕੇ ਵੀ ਬਹੁਤੀ ਮਦਦ ਨਹੀ ਸੀ ਕਰ ਸਕਦਾ।"
"ਦੂਜੀ ਗੱਲ ਮੈਨੂੰ ਹਮਦਰਦੀ ਘੱਟ ਤੇ ਹੌਂਸਲਾ ਵੱਧ ਚਾਹੀਦਾ ਸੀ। ਹਮਦਰਦੀ ਤੇ ਤਰਸ ਤਾਂ ਉਸ ਵੇਲ਼ੇ ਮੈਨੂੰ ਜ਼ਹਿਰ ਨਾਲੋਂ ਵੀ ਭੈੜੇ ਲਗਦੇ ਸੀ।"
ਇਸ ਸਮੇਂ ਦੌਰਾਨ ਬਲਜੀਤ ਨੇ ਆਪਣੇ ਮਾਨਸਿਕ ਤਣਾਅ ਨੂੰ ਘਟਾਉਣ ਲਈ ਲਿਖਤਾਂ ਤੇ ਗੁਰਬਾਣੀ ਦਾ ਵੀ ਸਹਾਰਾ ਲਿਆ।
ਬਲਜੀਤ ਹੁਣ ਮਾਨਸਿਕ ਤਣਾਅ ਤੋਂ ਪੀੜਿਤ ਲੋਕਾਂ ਦੀ ਮਦਦ ਲਈ ਖੁਦ ਅੱਗੇ ਆਉਣਾ ਚਾਹੁੰਦਾ ਹੈ।
ਉਹ ਆਪਣੇ ਤਜ਼ੁਰਬਿਆਂ ਦੇ ਅਧਾਰ 'ਤੇ ਪੀੜ੍ਹਤ ਲੋਕਾਂ ਡਾਕਟਰੀ ਸਹਾਇਤਾ ਅਤੇ ਕੌਂਸਲਿੰਗ ਲੈਣ ਤੇ ਉਨ੍ਹਾਂ ਦੁਆਰਾ ਦੱਸੀਆਂ ਜਾਂਦੀਆਂ ਤਕਨੀਕਾਂ ਨੂੰ ਅਪਨਾਉਣ ਦੀ ਵੀ ਸਲਾਹ ਦਿੰਦਾ ਹੈ।
ਤੁਹਾਨੂੰ ਆਪਣੇ ਮਨ ਨੂੰ ਆਹਰੇ ਲਾਉਣ ਦੀ ਲੋੜ ਹੁੰਦੀ ਹੈ। ਜ਼ਿੰਦਗੀ ਜ਼ਿੰਦਾਬਾਦ ਹੈ ਤੇ ਰਹੇਗੀ ਪਰ ਲੋੜ ਹੈ ਤਾਂ ਇਸ ਪਿਛਲੇ ਸੱਚ ਨੂੰ ਪਹਿਚਾਨਣ ਦੀ, ਆਪਣਿਆਂ ਦੇ ਸਾਥ ਦੀ, ਕਿਸੇ ਚੰਗੇ ਅਹਿਸਾਸ ਦੀ....ਪੰਜਾਬੀ ਲੇਖਕ ਬਲਜੀਤ ਫਰਵਾਲ਼ੀ
ਬਲਜੀਤ ਆਪਣੇ ਬੱਚਿਆਂ ਦੀ ਪ੍ਰਵਿਰਸ਼ ਤੇ ਅਗਾਂਹਵਧੂ ਸੋਚ ਉੱਤੇ ਵੀ ਖੁਸ਼ ਹੁੰਦਾ ਹੈ ।
ਉਸਦਾ ਬੇਟਾ ਆਸਟ੍ਰੇਲੀਆ ਵਿੱਚ ਵਿਦਿਆ ਦੇ ਖੇਤਰ ਵਿੱਚ ਮੂਹਰਲੀ ਕਤਾਰ ਦੀ ਮੈਲਬੌਰਨ ਦੀ ਇੱਕ ਯੂਨੀਵਰਸਿਟੀ ਵਿੱਚ ਫਾਰਮਾਕੋਲਜੀ ਦੀ ਪੜ੍ਹਾਈ ਕਰ ਰਿਹਾ ਹੈ।
ਉਸਦੀ ਬੇਟੀ ਨੇ ਪਿਛਲੇ ਸਾਲ ਆਪਣੇ ਉਮਰ-ਵਰਗ ਵਿੱਚ ਕੌਮੀ ਪੱਧਰ ਉੱਤੇ ਰੈਸਲਿੰਗ ਦੀ ਖੇਡ ਵਿੱਚ ਚਾਂਦੀ ਦਾ ਤਗਮਾ ਜਿਤਿਆ ਹੈ।

Baljit Pharwali at a Punjabi community function. Credit: Sahitik Sath Melbourne
ਪ੍ਰਵਾਸ ਦਾ ਵਿਜੋਗ, ਰਿਸ਼ਤਿਆਂ-ਨਾਤਿਆਂ ਵਿਚਲੀ ਸ਼ਿੱਦਤ, ਜੀਵਨ ਸਾਥੀ ਦਾ ਵਿਛੋੜਾ, ਬੱਚਿਆਂ ਦੀ ਪੰਜਾਬੀ ਤੇ ਵਿਰਸੇ-ਵਿਰਾਸਤ ਨਾਲ ਸਾਂਝ, ਵਾਤਾਵਰਣ ਦੀ ਫਿਕਰਮੰਦੀ - ਉਸਦੀਆਂ ਪੰਜਾਹ ਦੇ ਕਰੀਬ ਕਹਾਣੀਆਂ ਵਿੱਚ ਪੇਸ਼ ਕੀਤੇ ਕੁਝ ਚੋਣਵੇ ਵਿਸ਼ੇ ਹਨ।
ਬਲਜੀਤ ਦੀ ਜ਼ਿੰਦਗੀ ਅਤੇ 'ਸੱਤਰੰਗੀ ਜ਼ਿੰਦਗੀ' ਬਾਰੇ ਹੋਰ ਜਾਨਣ ਲਈ ਇਹ ਆਡੀਓ ਇੰਟਰਵਿਊ ਸੁਣੋ:
ਭਾਵਨਾਤਮਕ ਸਹਾਇਤਾ ਲਈ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰੋ।