ਲਿਵਪ੍ਰੀਤ ਕੌਰ ਗਰੇਵਾਲ ਨੇ ਆਪਣੀ ਸਾਰੀ ਜ਼ਿੰਦਗੀ ਪਰਿਵਾਰਕ-ਮਾਲਕੀ ਵਾਲ਼ੇ ਖੇਤਾਂ ਵਿੱਚ ਗੁਜ਼ਾਰੀ ਹੈ।
ਉਸਦੇ ਪਿਤਾ ਆਗਿਆਕਾਰ ਸਿੰਘ ਗਰੇਵਾਲ ਇੱਕ 'ਸਫਲ -ਕਿਸਾਨ' ਵਜੋਂ ਖੇਤੀਬਾੜੀ ਅਤੇ ਸਬੰਧਿਤ ਧੰਦਿਆਂ ਵਿੱਚ ਜੁਟੇ ਹੋਏ ਹਨ।
ਮੈਲਬੌਰਨ ਤੋਂ ਤਕਰੀਬਨ 60 ਕਿਲੋਮੀਟਰ ਦੀ ਦੂਰੀ ਤੇ ਸਥਿਤ 'ਕਿੰਗਲੇਕ ਫਾਰਮ' ਦੀ 250 ਏਕੜ ਜ਼ਮੀਨ ਹੈ ਜਿਸਦੇ ਕਾਫੀ ਹਿੱਸੇ ਵਿੱਚ ਬਲੂਬੇਰੀ ਅਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ।
ਗਰੇਵਾਲ ਪਰਿਵਾਰ ਦਾ ਪਰਵਾਸ ਦਾ ਸਫ਼ਰ ਅੱਜ ਤੋਂ ਤਕਰੀਬਨ 30 ਸਾਲ ਪਹਿਲਾਂ ਲੁਧਿਆਣਾ ਜਿਲੇ ਦੇ ਪਿੰਡ ਜੋਧਾਂ-ਮਨਸੂਰਾਂ ਤੋਂ ਸ਼ੁਰੂ ਹੋਇਆ ਸੀ।

ਗਰੇਵਾਲ ਭਰਾਵਾਂ ਵੱਲੋਂ ਸਾਂਝੇ ਤੌਰ 'ਤੇ ਖੇਤੀ ਕਰਦਿਆਂ ਰੇਨਮਾਰ੍ਕ ਅਤੇ ਮਿਲਡੂਰਾ ਖੇਤਰ ਵਿੱਚ ਸਥਾਪਤੀ ਲਈ ਯਤਨ ਕੀਤਾ ਗਿਆ।
ਇਸ ਦੌਰਾਨ ਉਹਨਾਂ ਆਪਣੇ ਬੱਚਿਆਂ ਨੂੰ ਵੀ ਖੇਤੀਬਾੜੀ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਿਸਦੇ ਚਲਦਿਆਂ ਲਿਵਪ੍ਰੀਤ ਨੇ ਆਪਣੇ ਪਰਿਵਾਰ ਦਾ ਖੇਤੀ ਵਿੱਚ ਹੱਥ-ਵਟਾਉਣਾ ਸ਼ੁਰੂ ਕੀਤਾ।
ਲਿਵਪ੍ਰੀਤ ਹੁਣ ਮੈਲਬੌਰਨ ਯੂਨੀਵਰਸਿਟੀ ਵਿੱਚ 'ਐਗਰੀਕਲਚਰ' ਦੀ ਡਿਗਰੀ ਕਰ ਰਹੀ ਹੈ ਅਤੇ ਨਾਲ਼-ਨਾਲ਼ ਆਪਣੇ ਖੇਤਾਂ ਵਿੱਚ ਵੀ ਕੰਮ-ਕਾਜ ਵਿੱਚ ਜੁਟੀ ਹੋਈ ਹੈ।

ਲਿਵਪ੍ਰੀਤ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਟਰੈਕਟਰ ਅਤੇ ਹੋਰ ਮਸ਼ੀਨਰੀ ਦੀ ਮਦਦ ਨਾਲ਼ ਵਹਾਈ, ਬਿਜਾਈ ਅਤੇ ਕਟਾਈ ਦਾ ਕੰਮ ਸਹਿਜਿਆਂ ਹੀ ਕਰ ਲੈਂਦੀ ਹੈ। ਇਸ ਤੋਂ ਇਲਾਵਾ ਉਹ ਪੈਕਿੰਗ, ਰੋਸਟ੍ਰਿੰਗ ਅਤੇ ਮਾਰਕੀਟਿੰਗ ਵਰਗੇ ਕੰਮਾਂ ਵਿੱਚ ਵੀ ਨਿਪੁੰਨ ਹੋ ਚੁੱਕੀ ਹੈ।
ਲਿਵਪ੍ਰੀਤ ਨੇ ਦੱਸਿਆ ਕਿ ਉਸਦੇ ਮਾਂ-ਬਾਪ ਨੇ ਚਾਰਾਂ ਭੈਣਾਂ ਨੂੰ ਹਮੇਸ਼ਾਂ ਅੱਗੇ ਵਧਣ ਲਈ ਪ੍ਰੇਰਿਆ ਅਤੇ ਕਦੇ ਵੀ ਮੁੰਡੇ-ਕੁੜੀ ਵਾਲ਼ਾ ਫਰਕ ਮਹਿਸੂਸ ਨਹੀਂ ਹੋਣ ਦਿੱਤਾ।
ਆਸਟ੍ਰੇਲੀਆ ਦੇ ਖੇਤੀਬਾੜੀ ਖੇਤਰ ਵਿੱਚ ਔਰਤਾਂ ਦਾ ਲਿੰਗ-ਅਨੁਪਾਤ ਮਰਦਾਂ ਦੇ ਮੁਕਾਬਲੇ 32 ਪ੍ਰਤੀਸ਼ਤ ਹੈ।

ਅੰਤਰਾਸ਼ਟਰੀ ਔਰਤ ਦਿਹਾੜੇ 'ਤੇ ਵਿਸ਼ੇਸ਼ ਟਿੱਪਣੀ ਕਰਦਿਆਂ ਉਸਨੇ ਔਰਤਾਂ ਨੂੰ ਆਪਣੇ ਮਕਸਦ ਨੂੰ ਪਾਉਣ ਅਤੇ ਜਿੰਦਗੀ 'ਚ ਕੁਝ ਵੱਖਰਾ ਕਰਨ ਲਈ ਦ੍ਰਿੜ ਸੰਕਲਪ ਲੈਣ ਵੱਲ ਇਸ਼ਾਰਾ ਕੀਤਾ -
“ਕਾਮਯਾਬੀ ਦਾ ਇੱਕੋ-ਇੱਕ ਮੰਤਰ ਮਿਹਨਤ ਹੈ - ਕੁਝ ਵੀ ਅਜਿਹਾ ਨਹੀਂ ਹੈ ਜੋ ਤੁਸੀਂ ਨਹੀਂ ਕਰ ਸਕਦੇ, ਬੱਸ ਲੋੜ ਹੈ ਤਾਂ ਇਰਾਦਿਆਂ ਨੂੰ ਮਜ਼ਬੂਤ ਰੱਖਦਿਆਂ ਮੇਹਨਤ ਕਰਨ ਦੀ।”
ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ...
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






