ਆਸਟ੍ਰੇਲੀਅਨ ਲੋਗ ਵੀ ਵਿਦੇਸ਼ਾਂ ਵਿੱਚ ਪੈਸੇ ਭੇਜਦੇ ਰਹਿੰਦੇ ਹਨ, ਪਰ ਇੱਥੇ ਇਹ ਗੋਰ ਕਰਨਾ ਵੀ ਜਰੂਰੀ ਹੁੰਦਾ ਹੈ ਕਿ ਪੈਸੇ ਭੇਜਣ ਸਮੇਂ ਫੀਸਾਂ ਆਦਿ ਬਹੁਤ ਜਿਆਦਾ ਲਗ ਸਕਦੀਆਂ ਹਨ।
ਹੋਰਨਾਂ ਵਾਂਗੂ ਹੀ ਵਿਅਤਨਾਮੀ ਪ੍ਰਵਾਸੀ ਐਮਾ ਟਰਾਨ ਵੀ ਆਪਣੇ ਬਜੁਰਗ ਮਾਪਿਆਂ ਨੂੰ ਪੈਸੇ ਭੇਜਦੀ ਹੈ। ਉਹ ਆਪਣੇ ਵਲੋਂ ਇਸ ਦੀ ਪਰਵਰਿਸ਼ ਕਰਨ ਸਮੇਂ ਚੁੱਕੇ ਕਰਜਿਆਂ ਨੂੰ ਘਟਾਉਣਾ ਆਪਣਾ ਫਰਜ ਸਮਝਦੀ ਹੈ।
ਐਮਾ ਟਰਾਨ ਦਾ ਮੰਨਣਾ ਹੈ ਕਿ ਵੀਅਤਨਾਮ ਸਭਿਆਚਾਰ ਅਨੁਸਾਰ ਬਚਿਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਬਜ਼ੁਰਗ ਹੋ ਚੁੱਕੇ ਮਾਪਿਆਂ ਦਾ ਧਿਆਨ ਰੱਖਣ।
ਜੇ ਕੱਲੇ ਵੀਅਤਨਾਮ ਨੂੰ ਹੀ ਧਿਆਨ ਵਿੱਚ ਰੱਖ ਕੇ ਦੇਖੀਏ ਤਾਂ ਸੰਸਾਰ ਭਰ ਤੋਂ ਤਕਰੀਬਨ 10 ਬਿਲਿਅਨ ਡਾਲਰ ਹਰ ਸਾਲ ਉੱਥੇ ਭੇਜੇ ਜਾਂਦੇ ਹਨ। ਇਸ ਦਾ ਕੋਈ 10ਵਾਂ ਹਿੱਸਾ ਆਸਟ੍ਰੇਲੀਆ ਵਿੱਚੋਂ ਵੀ ਜਾਂਦਾ ਹੈ। ਐਮਾ ਟਰਾਨ ਦਸਦੀ ਹੈ ਕਿ ਉਸ ਦੇ ਵਾਂਗੂ ਹੀ ਉਸਦੇ ਕਈ ਹੋਰ ਜਾਨਣ ਵਾਲੇ ਵੀ ਪਰਿਵਾਰਾਂ ਦੀ ਮਦਦ ਲਈ ਪੈਸੇ ਭੇਜਦੇ ਹਨ ਜੋ ਕਿ ਉਥੇ ਦੇ ਪਰਿਵਾਰਾਂ ਨੂੰ ਇੱਕ ਰੈਗੂਲਰ ਮਾਇਕ ਸਹਾਇਤਾ ਵਜੋਂ ਲਗਾਤਾਰ ਮਿਲਦੀ ਰਹਿੰਦੀ ਹੈ।

ਬੈਂਕਾ ਦੁਆਰਾ ਪੈਸਾ ਭੇਜਣਾ ਕਾਫੀ ਸੋਖਾ ਲਗਦਾ ਹੈ ਪਰ ਇਹ ਤਰੀਕਾ ਕੁਝ ਮਹਿੰਗਾ ਵੀ ਹੋ ਸਕਦਾ ਹੈ। ਹਰ ਆਸਟ੍ਰੇਲੀਅਨ ਬੈਂਕ ਆਪਣੀਆਂ ਸੇਵਾਵਾਂ ਲਈ ਅਲਗ ਅਲਗ ਫੀਸਾਂ ਵਸੂਲਦੇ ਹਨ, ਜੋ ਕਿ ਆਮ ਤੌਰ ਤੇ 10 ਡਾਲਰਾਂ ਤੋਂ ਲੈ ਕਿ 32 ਡਾਲਰਾਂ ਤਕ ਹੁੰਦੀਆਂ ਨੇ। ਜੇਕਰ 1000 ਡਾਲਰਾਂ ਤੋਂ ਘਟ ਪੈਸੇ ਭੇਜਣੇ ਹੋਣ ਤਾਂ ਬੈਂਕਾਂ ਦੇ ਮੁਕਾਬਲੇ ਹੋਰ ਕਈ ਨਾਨ ਬੈਂਕ ਕੰਪਨੀਆਂ ਦੇ ਵਿਕਲਪ ਉਪਲਬਧ ਹੁੰਦੇ ਹਨ। ਅਤੇ ਇਹਨਾਂ ਦੀਆਂ ਫੀਸਾਂ ਆਮ ਤੌਰ ਤੇ 0 ਡਾਲਰਾਂ ਤੋਂ ਲੈ ਕਿ 15 ਡਾਲਰਾਂ ਤੱਕ ਹੁੰਦੀਆਂ ਹਨ।
ਪਰ ਇਹਨਾਂ ਦੁਆਰਾ ਪੈਸੇ ਭੇਜੇ ਜਾਣ ਸਮੇਂ ਸਮਾਂ ਕੁਝ ਵਧੇਰੇ ਲਗ ਸਕਦਾ ਹੈ ਕਿਉਂਕਿ ਅਪਰੂਵਲ ਆਦਿ ਵੀ ਲੈਣੀ ਲਾਜ਼ਮੀ ਹੁੰਦੀ ਹੈ। ਇਸ ਤੋਂ ਅਲਾਵਾ ਇੱਕ ਹੋਰ ਗਲ ਜੋ ਧਿਆਨ ਦੇਣ ਗੋਚਰੇ ਹੈ ਉਹ ਹੈ ਕਿ ਟਰਾਂਸਫਰ ਕਰਨ ਸਮੇਂ ਆਸਟ੍ਰੇਲੀਅਨ ਡਾਲਰ ਦੀ ਮੁਦਰਾ ਬਜਾਰ ਵਿਚਲੀ ਕੀਮਤ ਉੱਤੇ ਧਿਆਨ ਦੇਣਾ। ਵਿਕਟੋਰੀਆ ਦੇ ਆਸਟ੍ਰੇਲੀਅਨ ਸਿਕਿਓਰਿਟੀਜ਼ ਅਤੇ ਇਨਵੈਸਟਮੈਂਟਸ ਕਮਿਸ਼ਨ ਦੇ ਰੀਜਨਲ ਕਮਿਸ਼ਨਰ ਵਾਰਨ ਡੇਅ ਆਖਦੇ ਹਨ ਕਿ ਡਾਲਰ ਦੇ ਚੰਗੇ ਮੁਲ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਪਰਿਵਾਰ ਨੂੰ ਵਧੇਰੇ ਪੈਸੇ ਮਿਲ ਸਕਣਗੇ।

ਉਹ ਆਖਦੇ ਹਨ ਕਿ ਕਈ ਪੈਸਾ ਤਬਦੀਲ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਸ਼ਿਕਾਇਤਾਂ ਮਿਲਦੀਆਂ ਹਨ, ਪਰ ਗਾਹਕਾਂ ਨੂੰ ਚਾਹੀਦਾ ਹੈ ਕਿ ਉਹ ਪੈਸੇ ਭੇਜਣ ਤੋਂ ਪਹਿਲਾਂ ਚੰਗੀ ਤਰਾਂ ਨਾਲ ਸੰਤੁਸ਼ਟੀ ਕਰ ਲੈਣ।
ਸਿਡਨੀ ਦੇ ਪੱਛਮੀ ਇਲਾਕੇ ਵਿਚਲੀ ਦਹਾਬਸ਼ੀਲ ਕੰਪਨੀ ਦੇ ਡਾਇਰੈਕਟਰ ਹਨ ਅਬਦੀਮਾਲਿਕ ਅਬਦੀ ਜੋ ਕਿ ਪੂਰਬੀ ਅਫਰੀਕਾ ਦੇ ਮੁਲਕਾਂ ਵਿੱਚ ਪੈਸਾ ਭੇਜਣ ਦਾ ਕੰਮ ਕਰਦੀ ਹੈ। ਇਹ ਆਪ ਸੋਮਾਲੀਆ ਤੋਂ 20 ਕੂ ਸਾਲ ਪਹਿਲਾਂ ਇੱਥੇ ਆਏ ਸਨ। ਉਹ ਆਖਦੇ ਹਨ ਕਿ ਉਹਨਾਂ ਦੇ ਕਈ ਗਾਹਕਾਂ ਵਾਂਗੂ ਇਹ ਆਪ ਵੀ ਆਪਣੇ ਪਰਿਵਾਰ ਨੂੰ ਉੱਥੇ ਪੈਸੇ ਭੇਜਦੇ ਰਹਿੰਦੇ ਹਨ।
ਬੈਂਕਾਂ ਤੋਂ ਅਲਾਵਾ ਹੋਰ ਕਈ ਕੰਪਨੀਆਂ ਦੁਆਰਾ ਵੀ ਪੈਸੇ ਭੇਜਣੇ ਕੋਈ ਔਖਾ ਕੰਮ ਨਹੀਂ ਹੁੰਦਾ ਬਸ, ਪਛਾਣ ਦੀ ਹੀ ਜਾਂਚ ਕਰਵਾਉਣੀ ਜਰੂਰੀ ਹੁੰਦੀ ਹੈ।

ਅਤੇ ਜਿੱਦਾਂ ਹੀ ਪੈਸੇ ਭੇਜਣ ਅਤੇ ਵਸੂਲ ਪਾਣ ਵਾਲੇ ਦੀ ਪਹਿਚਾਣ ਦੀ ਪੁਸ਼ਟੀ ਹੋ ਜਾਂਦੀ ਹੈ, ਪੈਸਿਆਂ ਦਾ ਭੁਗਤਾਨ ਤੁਰੰਤ ਹੀ ਹੋ ਜਾਂਦਾ ਹੈ। ਇਸ ਟਰਾਂਸਫਰ ਵਾਸਤੇ ਫੀਸਾਂ ਆਦਿ ਭੇਜਣ ਵਾਲੇ ਵਲੋਂ ਹੀ ਭਰੀਆਂ ਜਾਂਦੀਆਂ ਹਨ।
ਪਰ ਅਗਰ ਪੈਸੇ ਭੇਜੇ ਜਾਣ ਦੇ ਬਾਵਜੂਦ ਵੀ ਉਕਤ ਵਸੂਲੀ ਕਰਨ ਵਾਲੇ ਕੋਲ ਨਾਂ ਪਹੁੰਚਣ ਤਾਂ ਕੀ ਕੀਤਾ ਜਾਣਾ ਚਾਹੀਦਾ ਹੈ? ਵਾਰਨ ਡੇਅ ਅਨੁਸਾਰ ਸਭ ਤੋਂ ਪਹਿਲੀ ਸ਼ਿਕਾਇਟ ਪੈਸੇ ਭੇਜਣ ਵਾਲੀ ਕੰਪਨੀ ਕੋਲ ਹੀ ਕੀਤੀ ਜਾਣੀ ਚਾਹੀਦੀ ਹੈ।
ਪੈਸੇ ਭੇਜਣ ਵਾਲੀਆਂ ਅਲਗ ਅਲਗ ਕੰਪਨੀਆਂ ਦੇ ਵਿਦੇਸ਼ਾਂ ਵਿੱਚ ਪੈਸੇ ਭੇਜਣ ਦੀ ਸੀਮਾ ਵੀ ਅਲੱਗ ਅਲੱਗ ਹੀ ਹੁੰਦੀ ਹੈ। ਪਰ ਫੈਡਰਲ ਕਾਨੂੰਨਾਂ ਅਨੁਸਾਰ ਸਾਰੇ ਆਸਟ੍ਰੇਲੀਆ ਵਿਚਲੇ ਵਿੱਤੀ ਸੰਸਥਾਨਾਂ ਨੂੰ 10,000 ਡਾਲਰਾਂ ਤੋਂ ਜਿਆਦਾ ਦੀ ਮੁਦਰਾ ਤਬਦੀਲੀ ਬਾਰੇ ‘ਆਸਟ੍ਰੈਕ’ ਅਦਾਰੇ ਨੂੰ ਦਸਣਾ ਲਾਜ਼ਮੀ ਹੁੰਦਾ ਹੈ, ਅਤੇ ਇਹਨਾਂ ਵਿੱਚ ਦੋਹਾਂ ਪਾਸਿਆਂ ਦੇ ਅਕਾਂਊੁਂਟ ਹੋਲਡਰਾਂ ਬਾਰੇ ਜਾਣਕਾਰੀ ਵੀ ਸ਼ਾਮਲ ਹੁੰਦੀ ਹੈ।