ਵਿਕਟੋਰੀਆ ਦੇ ਪ੍ਰੀਮੀਅਰ ਡੈਨ ਐਂਡਰਿਊਜ਼ ਨੇ ਬੁੱਧਵਾਰ ਨੂੰ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਮੌਕੇ ਬਲੈਕਬਰਨ ਦੇ ਗੁਰਦੁਆਰੇ ਵਿੱਚ ਹਾਜ਼ਰੀ ਭਰੀ। ਇਸ ਮੌਕੇ ਉਹਨਾਂ ਨੂੰ 'ਨੇਪਾਲ ਰਾਸਤਰਾ ਬੈਂਕ' ਵੱਲੋਂ 2019 ਵਿੱਚ ਜਾਰੀ ਕੀਤੇ ਗਏ ਯਾਦਗਾਰੀ ਸਿੱਕੇ ਭੇਂਟ ਕੀਤੇ ਗਏ।
ਇਹ ਸਿੱਕੇ ਹਾਲ ਹੀ ਵਿੱਚ ਸ਼੍ਰੀ ਗੁਰੂ ਨਾਨਕ ਸਤਿਸੰਗ ਸਭਾ ਅਤੇ ‘ਐਟਚੀਸਨ ਯਾਦਵਿੰਦਰੀਅਨ ਓਲਡ ਸਟੂਡੈਂਟਸ ਐਸੋਸੀਏਸ਼ਨ’ ਦੇ ਆਸਟ੍ਰੇਲੀਆ-ਨਿਊਜ਼ੀਲੈਂਡ ਚੈਪਟਰ ਦੁਆਰਾ ਸਹਿ-ਮੇਜ਼ਬਾਨੀ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਬਲੈਕਬਰਨ ਨੂੰ ਭੇਟ ਕੀਤੇ ਗਏ ਸਨ।
ਇਸ ਮੌਕੇ ਐਸ ਬੀ ਐਸ ਹਿੰਦੀ ਨਾਲ ਗੱਲਬਾਤ ਕਰਦਿਆਂ ਡੈਨ ਐਂਡਰਿਊਜ਼ ਨੇ ਦੱਸਿਆ ਕਿ ਭਾਰਤੀ ਭਾਈਚਾਰੇ ਲਈ 10 ਮਿਲੀਅਨ ਡਾਲਰ ਦਾ ਫੰਡ ਰੱਖਿਆ ਗਿਆ ਹੈ ਅਤੇ ਜੇਕਰ ਉਹ ਚੋਣਾਂ ਜਿੱਤਦੇ ਹਨ ਤਾਂ ਇਸ ਫੰਡ ਵਿੱਚੋਂ ਸਿੱਖਾਂ ਸਣੇ ਭਾਰਤੀ ਭਾਈਚਾਰੇ ਦੇ ਹੋਰ ਸਮੂਹਾਂ ਲਈ ਵੀ ਬਹੁਤ ਕੁੱਝ ਹੋਵੇਗਾ।

ਇਸ ਤੋਂ ਇਲਾਵਾ ਲੇਬਰ ਨੇਤਾ ਨੇ ਇਹ ਵੀ ਕਿਹਾ ਕਿ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਮੈਲਬੌਰਨ ਦੀਆਂ ਮਹੱਤਵਪੂਰਨ ਸਰਕਾਰੀ ਇਮਾਰਤਾਂ ਨੂੰ ਕੇਸਰੀ ਰੰਗ ਨਾਲ ਰੋਸ਼ਨ ਕਰਨਾ ਵੀ ਉਹਨਾਂ ਦੀ ਸਰਕਾਰ ਦੀ ਇੱਕ ਪਹਿਲਕਦਮੀ ਹੋਵੇਗੀ।
ਉਹਨਾਂ ਨੇ ਮੈਲਬੌਰਨ ਕ੍ਰਿਕੇਟ ਗਰਾਊਂਡ ਵਿੱਚ ‘ਸਭ ਤੋਂ ਵੱਡਾ ਲੰਗਰ’ ਲਗਾਏ ਜਾਣ ਦੀ ਸੰਭਾਵਨਾ ਬਾਰੇ ਵੀ ਚਰਚਾ ਕੀਤੀ । ਉਹਨਾਂ ਕਿਹਾ ਕਿ ਐਮ.ਸੀ.ਜੀ ਵਿੱਚ ਸਾਰੇ ਗੁਰਦੁਆਰਿਆਂ ਦੇ ਯੋਗਦਾਨ ਨਾਲ ਇੱਕ ਵੱਡਾ ਲੰਗਰ ਲਗਾਏ ਜਾਣ ਦੀ ਸੰਭਾਵਨਾ ਉੱਤੇ ਵੀ ਉਹਨਾਂ ਦੀ ਸਰਕਾਰ ਵਿਚਾਰ ਕਰ ਰਹੀ ਹੈ।

ਇਸ ਤੋਂ ਇਲਾਵਾ ਖੇਡਾਂ ਦੇ ਸੰਦਰਭ ਵਿੱਚ ਗੱਲ ਕਰਦਿਆਂ ਉਹਨਾਂ 2026 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਇੱਕ ਪ੍ਰਦਰਸ਼ਨੀ ਪੱਧਰ ਦਾ ਕਬੱਡੀ ਮੈਚ ਕਰਵਾਉਣ ਦੀ ਸੰਭਾਵਨਾ ਦਾ ਵੀ ਹਵਾਲਾ ਦਿੱਤਾ।

ਵਿਕਟੋਰੀਆ ਦੀ ਰਾਜਨੀਤੀ ਵਿੱਚ ਭਾਰਤੀ ਪ੍ਰਤੀਨਿਧਤਾ ਦੇ ਸਵਾਲ ਉੱਤੇ ਡੈਨ ਐਂਡਰਿਊਜ਼ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸਿੱਖ ਭਾਈਚਾਰਾ, ਭਾਰਤੀ ਭਾਈਚਾਰਾ ਅਤੇ ਬਹੁ-ਸੱਭਿਆਚਾਰਕ ਭਾਈਚਾਰਾ ਰਾਜ ਦੀ ਸਫਲਤਾ ਦੇ ਹਰ ਹਿੱਸੇ ਵਿੱਚ ਕੇਂਦਰਿਤ ਹੈ, ਉਸ ਤੋਂ ਲੱਗਦਾ ਹੈ ਕਿ ਉਹ ਸੰਸਦ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।
ਉਹਨਾਂ ਨਾਲ ਕੀਤੀ ਗਈ ਗੱਲਬਾਤ ਸੁਣਨ ਲਈ ਪੇਜ ਉੱਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ




