ਆਮ ਤੌਰ ਤੇ ਜਦੋਂ ਅਸੀਂ ਕੋਈ ਕੰਮ ਕਰ ਰਹੇ ਹੁੰਦੇ ਹਾਂ ਤਾਂ ਜਿਆਦਾਤਰ ਸਮਾਂ ਅਸੀਂ ਕਿਸੇ ਹੋਰ ਕੰਮ ਜਾਂ ਵਿਸ਼ੇ ਬਾਰੇ ਹੀ ਸੋਚ ਰਹੇ ਹੁੰਦੇ ਹਾਂ। ਮਤਲਬ ਕਿ ਅਸੀਂ ਕੀਤੇ ਜਾ ਰਹੇ ਕੰਮ ਬਾਰੇ ਨਹੀਂ ਬਲਕਿ ਕਿਸੇ ਦੂਜੇ ਹੀ ਕੰਮ ਜਾਂ ਵਿਸ਼ੇ ਬਾਰੇ ਸੋਚ ਰਹੇ ਹੁੰਦੇ ਹਾਂ। ਅਤੇ ਇਸੇ ਮਨ ਦੀ ਭਟਕਣ ਨੂੰ ਹੀ ਹੁਣ ਉਦਾਸੀ ਜਾਂ ਨਾ-ਖੁਸ਼ੀ ਦਾ ਕਾਰਨ ਮੰਨਿਆ ਜਾ ਰਿਹਾ ਹੈ। ਮੈਡੀਟੇਸ਼ਨ ਜਿਸ ਨੂੰ ਧਾਰਮਿਕ ਅਤੇ ਆਤਮਿਕ ਪ੍ਰੰਪਰਾਵਾਂ ਵਲੋਂ ਮਨ ਨੂੰ ਸ਼ਾਂਤ ਕਰਨ ਅਤੇ ਮਨੋ-ਦਬਾਅ ਨੂੰ ਘਟਾਉਣ ਵਾਸਤੇ ਕਈ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ। ਤੇ ਕੀ ਇਹਅਜੋਕੇ ਸਮੇਂ ਵਿੱਚ ਵੀ ਕਾਰਗਰ ਹੈ? ਕੀ ਡਾਕਟਰਾਂ ਨੂੰ ਇਸ ਮੈਡੀਟੇਸ਼ਨ ਦੂਆਰਾ ਦੂਰ ਰੱਖਿਆ ਜਾ ਸਕਦਾ ਹੈ?
ਸਦੀਆਂ ਪੁਰਾਣੀ ਚੀਨੀ ਮੂਲ ਦੀ ਹਲਕੀ ਫੁਲਕੀ ਕਸਰਤ ਹੈ ‘ਤਾਈ ਚੀ’ ਜਿਸ ਨੂੰ ਆਮ ਭਾਸ਼ਾ ਵਿੱਚ ਪ੍ਰਗਤੀਸ਼ੀਲ ਮੈਡੀਟੇਸ਼ਨ ਵੀ ਕਿਹਾ ਜਾਂਦਾ ਹੈ। ਇਸੇ ਤਾਈ-ਚੀ ਨੂੰ ਸਿਖਾਉਣ ਵਾਲੀ ਹੈ ਚੰਨਮੇਅ ਯੈੰਗ ਜਿਸ ਨੂੰ ਇਸ ਕਸਰਤ ਨਾਲ ਪਹਿਲੀ ਵਾਰ ਕੋਈ 30 ਕੂ ਸਾਲ ਪਹਿਲਾਂ ਜੋੜਿਆ ਸੀ ਇਸ ਦੇ ਮਾਸਟਰ ਨੇ, ਅਤੇ ਇਸ ਮਾਸਟਰ ਨੇ ਖੁਦ ਆਪ ਵੀ ਇਸ ਕਸਰਤ ਨੂੰ ਆਪਣੇ ਅੰਤਲੇ ਸਾਹਾਂ ਤੱਕ ਕੀਤਾ ਸੀ।
ਸਾਲ 2010 ਵਿੱਚ ਹਾਰਵਡ ਦੀ ਇੱਕ ਖੋਜ ਵਿੱਚ ਦਰਸਾਇਆ ਗਿਆ ਹੈ ਕਿ ਇਨਸਾਨੀ ਦਿਮਾਗ ਕੁੱਲ ਸਮੇਂ ਵਿੱਚੋਂ ਕੋਈ 47% ਸਮਾਂ ਭਟਕਦਾ ਹੀ ਰਹਿੰਦਾ ਹੈ। ਤਾਈ-ਚੀ ਵਾਲੀ ਕਸਰਤ ਦਾ ਇੱਕ ਹਿਸਾ ਹੈ, ਜਿਸ ਨੂੰ ‘ਜਿੰਗ’ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਸ਼ਾਂਤੀ, ਅਤੇ ਹੋ ਸਕਦਾ ਹੈ ਕਿ ਮਨ ਦੀ ਭਟਕਣਾ ਦਾ ਇਹ ਵੀ ਇਕ ਹੱਲ ਹੋਵੇ।
ਯੈਂਗ ਹਰ ਉਮਰ ਦੇ ਸਿਖਿਆਰਥੀਆਂ ਨੂੰ ਤਾਈ-ਚੀ ਸਿਖਾਂਉਂਦੀ ਹੈ – ਅਤੇ ਕਈ ਤਾਂ ਇਹਨਾਂ ਵਿੱਚੋਂ ਨੱਬਿਆਂ ਨੂੰ ਵੀ ਢੁਕੇ ਹੋਏ ਹਨ, ਅਤੇ ਦੋ ਤਾਂ ਉਮਰ ਦੀ ਸ਼ਤਾਬਦੀ ਪੂਰੀ ਕਰ ਚੁੱਕੇ ਹਨ। ਇਹ ਵਾਲੀ ਪ੍ਰਗਤੀਸ਼ੀਲ ਕਸਰਤ ਨੂੰ ਖੋਜ ਕਰਤਾਵਾਂ ਨੇ ਸ਼ਰੀਰ ਅਤੇ ਮਨ, ਦੋਹਾਂ ਵਾਸਤੇ ਹੀ ਲਾਹੇਵੰਦ ਦਸਿਆ ਹੈ। ਇਸ ਦੇ ਹੋਣ ਵਾਲੇ ਕਈ ਲਾਭਾਂ ਵਿੱਚ ਸ਼ਾਮਲ ਹਨ, ਡਿਗਣ ਤੋਂ ਬਚਣਾ, ਗਠੀਏ ਤੋਂ ਮੁਕਤੀ ਅਤੇ ਯਾਦ ਸ਼ਕਤੀ ਦਾ ਤੇਜ਼ ਹੋਣਾ, ਡਿਮੈਂਨਸ਼ੀਆ ਅਤੇ ਅਲਜ਼ਾਈਮਰ ਵਰਗੇ ਰੋਗਾਂ ਨੂੰ ਦੂਰ ਭਜਾਉਣਾ ਆਦਿ।
ਇੱਕ ਬੋਧੀ ਮੂਲ ਦੇ ਵਿਅਕਤੀ ਹਨ ਕਾਰਮਾ ਪੂਨਸੋਕ ਜੋ ਕਿ ਮੈਡੀਟੇਸ਼ਨ ਨੂੰ ਤਕਰੀਬਨ 30 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕਰਦੇ ਆ ਰਹੇ ਹਨ। ਉਹਨਾਂ ਦੇ ਦਿੰਨ ਦੀ ਸ਼ੁਰੂਆਤ ਹੁੰਦੀ ਹੈ ਸਵੇਰੇ ਪੰਜ ਵਜੇ ਆਸਣ ਲਾ ਕੇ ਬੈਠਣ ਨਾਲ ਅਤੇ ਇਸ ਤੋਂ ਬਾਅਦ ਉਹ ਕਰਦੇ ਹਨ ਬੋਧੀ ਧਰਮ ਉੱਤੇ ਖੋਜ ਅਤੇ ਮੰਤਰਾ-ਉਚਾਰਣ।
ਪੂਸੋਂਕ ਜਿਹੜੀ ਮੈਡੀਟੇਸ਼ਨ ਕਰਦੇ ਹਨ, ਉਹ ਬੋਧੀ ਧਰਮ ਵਿੱਚ ਅੱਠਵੀਂ ਸਦੀ ਵਿੱਚ ਕੀਤੀ ਜਾਂਦੀ ਸੀ ਅਤੇ ਹੁਣ ਇਹ ਪੁਸ਼ਤ ਦਰ ਪੁਸ਼ਤ ਆਣ ਵਾਲੀਆਂ ਪੀੜੀਆਂ ਨੂੰ ਵਿਰਾਸਤ ਵਿੱਚ ਮਿਲ ਰਹੀ ਹੈ।
ਪੂਸੋਂਕ ਦਾ ਮੰਨਣਾ ਹੈ ਕਿ ਬੇਸ਼ਕ ਉਹਨਾਂ ਨੇ ਕਈ ਸਾਲਾਂ ਤੱਕ ਮੈਡੀਟੇਸ਼ਨ ਕੀਤੀ ਹੈ ਪਰ ਫੇਰ ਵੀ ਉਹਨਾਂ ਦਾ ਮੰਨ ਦੁੱਖ, ਇੱਛਾਵਾਂ ਅਤੇ ਸਾੜੇ ਤੋਂ ਪੂਰੀ ਤਰਾਂ ਨਾਲ ਮੁਕਤ ਨਹੀਂ ਹੋ ਪਾਇਆ ਹੈ। ਪਰ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਸਾਧਨਾਂ ਨਾਲ ਉਹਨਾਂ ਦਾ ਦਿਮਾਗ ਪੇਚੀਦਾ ਕਿਸਮ ਦੇ ਹਾਲਾਤਾਂ ਦਾ ਸਾਹਮਣਾ ਕਰਨ ਦੇ ਯੋਗ ਹੋ ਗਿਆ ਹੈ, ਜਿਵੇਂ ਕਿ ਮੌਤ ਦਾ ਡਰ, ਬਿਮਾਰੀਆਂ ਨਾਲ ਜੂਝਣਾ ਆਦਿ।
ਪਰਥ ਦੇ ਰਹਿਣ ਵਾਲੇ ਹਨ ਬਰਾਇਡੇਨ ਜ਼ੀਅਰ ਜੋ ਕਿ ‘ਮਾਈੰਡਫੁਲ ਮੈਡੀਟੇਸ਼ਨ ਆਸਟ੍ਰੇਲੀਆ’ ਨਾਮੀ ਸੰਸਥਾ ਚਲਾਉਂਦੇ ਹਨ ਅਤੇ ਵਿਗਿਆਨ ਦੁਆਰਾ ਸਾਧਨਾਂ ਦੇ ਤਰੀਕੇ ਵਰਤਦੇ ਹਨ। ਜ਼ੀਅਰ ਵੀ ਪਿਛਲੇ 15 ਸਾਲਾਂ ਤੋਂ ਮੈਡੀਟੇਸ਼ਨ ਕਰ ਰਹੇ ਹਨ, ਅਤੇ ਇਹਨਾਂ ਨੇ ਵੀ ਮਨ ਨੂੰ ਸਿਧਾਉਣ ਯਾਨਿ ਕਿ ਕਾਬੂ ਕਰਨ ਲਈ ਕਈ ਹੀਲੇ ਵਰਤੇ ਹਨ।
ਜ਼ੀਅਰ ਦਾ ਮੰਨਣਾ ਹੈ ਚੇਤੰਨ ਹੋਣਾ ਇੱਕ ਤੰਦਰੁਸਤ ਮਨ ਦੀ ਸਥਿਤੀ ਹੁੰਦੀ ਹੈ – ਇਸ ਦੁਆਰਾ ਅਸੀਂ ਆਪਣੀ ਸੋਚਣ ਸ਼ਕਤੀ ਨੂੰ ਕਾਬੂ ਵਿੱਚ ਰੱਖਦੇ ਹੋਏ ਆਪਣੇ ਸਾਹਮਣੇ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਲਈ ਵਰਤ ਸਕਦੇ ਹਾਂ।
ਇਸ ਸਾਰੇ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਇੱਕ ਬਹੁਤ ਹੀ ਸੁਖਾਲੀ ਕਸਰਤ ਨਾਲ ਜੋ ਹੈ ਆਪਣੇ ਸਾਹਾਂ ਨੂੰ ਨਿਯੰਤਰਣ ਵਿੱਚ ਕਰਨਾਂ।