ਜਿਉਂ ਜਿਉਂ ਉਮਰ ਵੱਧਦੀ ਜਾਂਦੀ ਹੈ ਸਾਡੀ ਸੋਚਣ ਦੀ ਸ਼ਕਤੀ ਅਤੇ ਅੰਕਾਂ ਦੀ ਮਹਾਰਤ ਵੀ ਲਗਾਤਾਰ ਘਟਦੀ ਜਾਂਦੀ ਹੈ। ਤੇ ਇਸੇ ਕਰ ਕੇ ਹੀ ਵੱਧਦੀ ਉਮਰ ਵਿੱਚ ਕਿਸੇ ਹੋਰ ਬੋਲੀ ਨੂੰ ਸਿੱਖਣਾ ਕਾਫੀ ਔਖਾ ਹੋ ਜਾਂਦਾ ਹੈ। ਪਰ, ਇੱਕ ਨਵੀਂ ਖੋਜ ਦੁਆਰਾ ਪਤਾ ਚਲਿਆ ਹੈ ਕਿ ਦੂਹਰੀ ਬੋਲੀ ਜਾਨਣ ਵਾਲੇ ਲੋਕਾਂ ਦਾ ਦਿਮਾਗ ਬਾਕੀਆਂ ਦੇ ਮੁਕਾਬਲੇ ਕਾਫੀ ਤੰਦਰੁਸਤ ਹੁੰਦਾ ਹੈ ਅਤੇ ਇਸ ਮਹਾਰਤ ਨਾਲ ਅਲਜ਼ਾਈਮਰ ਵਰਗੀ ਬਿਮਾਰੀ ਨੂੰ ਵੀ ਲਗਭੱਗ ਪੰਜ ਸਾਲ ਪਿੱਛੇ ਧੱਕਿਆ ਜਾ ਸਕਦਾ ਹੈ। ਪਰ ਕਈਆਂ ਲਈਂ ਢਲਦੀ ਉਮਰ ਵਿੱਚ ਜਾ ਕੇ ਕਿਸੇ ਨਵੀਂ ਬੋਲੀ ਨੂੰ ਸਿੱਖਣ ਦੀ ਕੋਸ਼ਿਸ਼ ਕਰਨ ਸਮੇਂ ਜਰੂਰੀ ਹੈ ਕਿ ਉਹ ਆਪਣੇ ਪੂਰੇ ਆਤਮ ਵਿਸ਼ਵਾਸ਼ ਦੇ ਨਾਲ ਨਾਲ ਸਮਾਜਕ ਸਬੰਧਾਂ ਤੋਂ ਵੀ ਭਰਪੂਰ ਫਾਇਦਾ ਉਠਾਉਣ।
78 ਸਾਲਾ ਵਿਲੀਅਮ ਵੇਅ ਦਾ ਅੰਗਰੇਜੀ ਨਾਲ ਵਾਹ ਵਾਸਤਾ ਪਹਿਲੀ ਵਾਰ ਕਈ ਸਾਲ ਪਹਿਲਾਂ ਤਾਈਵਾਨ ਦੇ ਜੂਨੀਅਰ ਹਾਈ ਸਕੂਲ ਵਿੱਚ ਪੜਨ ਸਮੇਂ ਹੀ ਪਿਆ ਸੀ। ਬੇਸ਼ਕ ਉਹ ਪਿਛਲੇ ਕਈ ਸਾਲਾਂ ਤੋਂ ਨਿਊ ਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਰਹਿੰਦਾ ਰਿਹਾ ਹੈ, ਪਰ ਫੇਰ ਵੀ ਅੰਗਰੇਜੀ ਬੋਲਣੀ ਇਸ ਵਾਸਤੇ ਬਹੁਤ ਔਖੀ ਮੰਜਿਲ ਸੀ।
ਪਰ ਜਦੋਂ ਵਿਲੀਅਮ ਦੀ ਧਰਮ ਪਤਨੀ ਦੀ ਮੌਤ ਹੋ ਗਈ ਤਾਂ ਇਸ ਕੋਲ ਅੰਗ੍ਰੇਜੀ ਵਿੱਚ ਆਪਣੇ ਆਪ ਗੱਲਬਾਤ ਕਰਨ ਤੋਂ ਅਲਾਵਾ ਹੋਰ ਕੋਈ ਵੀ ਚਾਰਾ ਬਾਕੀ ਨਹੀਂ ਸੀ ਬਚਿਆ। 77 ਸਾਲਾਂ ਦੀ ਢਲਦੀ ਉਮਰ ਵਿੱਚ ਵਿਲੀਅਮ ਨੂੰ ਅੰਗ੍ਰੇਜੀ ਦੀਆਂ ਕਲਾਸਾਂ ਲਾਉਣ ਦੀ ਪ੍ਰੇਰਣਾਂ ਉਸ ਸਮੇਂ ਮਿਲੀ ਜਦੋਂ ਉਹ ਸੰਨ ਸ਼ਾਈਨ ਕੋਸਟ ਤੋਂ ਬਰਿਸਬੇਨ ਕਾਰ ਚਲਾ ਕੇ ਆ ਰਿਹਾ ਸੀ ਅਤੇ ਇਸ ਨੂੰ ਅੰਗਰੇਜੀ ਵਿੱਚ ਰਸਤਾ ਪੁੱਛਣਾ ਪਿਆ।
ਜਦੋਂ ਵਿਲੀਅਮ ਨੂੰ ਸ਼ਿਦਤ ਨਾਲ ਇਹ ਮਹਿਸੂਸ ਹੋਇਆ ਕਿ ਇਸ ਦੀ ਅੰਗਰੇਜੀ ਕੋਈ ਖਾਸ ਕਾਰਗਰ ਨਹੀਂ ਹੈ, ਤਾਂ ਉਸ ਸਮੇਂ ਵਿਲੀਅਮ ਨੇ ਲਗਭੱਗ ਇੱਕ ਸਾਲ ਪਹਿਲਾਂ ਬਰਿਸਬੇਨ ਦੇ ਸੰਨੀਬੈਂਕ ਯੂਨਾਈਟਿੰਗ ਚਰਚ ਤੋਂ ਬਕਾਇਦਾ ਅੰਗਰੇਜੀ ਸਿਖਣ ਵਾਸਤੇ ਜਮਾਤਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ।
ਕਈ ਘੰਟਿਆਂ ਦੇ ਸਵੈ ਅਧਿਐਨ ਅਤੇ ਲਗਾਤਾਰ ਕੀਤੇ ਗੱਲਾਂਬਾਤਾਂ ਵਾਲੇ ਅਭਿਆਸ ਤੋਂ ਬਾਦ ਉਹੀ ਵਿਲੀਅਮ ਹੁਣ ਇੱਕ ਬਿਲਕੁੱਲ ਅਲੱਗ ਇੰਨਸਾਨ ਬਣ ਚੁੱਕਿਆ ਹੋਇਆ ਹੈ।ਵਿਲੀਅਮ ਨੂੰ ਉਸ ਸਮੇਂ ਹੈਰਾਨੀ ਹੁੰਦੀ ਹੈ ਜਦੋਂ ਇਸ ਦੇ ਬੋਲਣ ਦੇ ਲਹਿਜੇ ਕਾਰਨ, ਲੋਕ ਨੂੰ ਇਹਨੂੰ ਯੂਰੋਪੀਅਨ ਸਮਝਣ ਲੱਗ ਪੈਂਦੇ ਹਨ।
ਵਿਲੀਅਮ ਦੀ ਅੰਗਰੇਜੀ ਦੀ ਟੀਚਰ, ਡਾਈਐਨ ਮੋਰਿਸ ਦਾ ਕਹਿਣਾ ਹੈ ਕਿ ਉਸ ਦੀ ਜਮਾਤ ਵਿੱਚ ਜਿਆਦਾਤਰ ਲੋਗ ਪੰਜਾਹ ਸਾਲਾਂ ਤੋਂ ਵੱਧ ਦੀ ਉਮਰ ਦੇ ਹੀ ਹਨ।ਬੇਸ਼ਕ ਇਹ ਕਈ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਹੀ ਰਹਿ ਰਹੇ ਹਨ, ਪਰ ਇਹਨਾਂ ਦਾ ਅੰਗਰੇਜੀ ਨਾਲ ਵਾਹ ਸਿਰਫ ਜਮਾਤ ਵਿੱਚ ਆਣ ਸਮੇਂ ਹੀ ਪੈਂਦਾ ਹੈ।
ਅਨੀਤਾ ਐਸਪੋਸੀਟੋ ਪਿਛਲੇ 42 ਸਾਲਾਂ ਤੋਂ ਬਰਿਸਬੇਨ ਵਿੱਚ ਰਹਿ ਰਹੀ ਹੈ। ਤੇ ਇੱਕ ਲੰਬੇ ਚੋੜੇ ਪਰਿਵਾਰ ਵਿੱਚ ਰਹਿੰਦੇ ਹੋਏ ਇਸ ਨੂੰ ਕਦੀ ਵੀ ਅੰਗਰੇਜੀ ਸਿੱਖਣ ਦੀ ਕੋਈ ਖਾਸ ਜਰੂਰਤ ਹੀ ਨਹੀਂ ਮਹਿਸੂਸ ਹੋਈ। ਪਰ ਜਦੋਂ ਇੱਕ ਵਾਰ ਇੱਕ ਦਵਾਈਆਂ ਦੀ ਦੁਕਾਨ ਵਿੱਚ ਗਲਬਾਤ ਸਮੇਂ ਮੁਸ਼ਕਲ ਹੋਈ ਤਾਂ ਇਸ ਨੇ ਪੰਜਾਹਵਿਆਂ ਦੇ ਅਖੀਰ ਵਿੱਚ ਆ ਕੇ ਇੱਕ ਦਮ ਅੰਗਰੇਜੀ ਸਿਖਣ ਦਾ ਮੰਨ ਬਣਾ ਲਿਆ।
ਪਿਛਲੇ ਲਗਭੱਗ ਤਿੰਨ ਸਾਲਾਂ ਤੋਂ ਲਗਾਤਾਰ ਅੰਗਰੇਜੀ ਦੀਆਂ ਕਲਾਸਾਂ ਲਾਉਣ ਦੀ ਬਦੋਲਤ, ਹੁਣ ਅਨੀਤਾ ਅੰਗਰੇਜੀ ਵਿੱਚ ਗਲਬਾਤ ਕਰਨ ਦੀ ਚੰਗੀ ਮਾਹਰ ਹੋ ਗਈ ਹੈ। ਇਸ ਦੇ ਨਾਲ ਹੀ ਹੁਣ ਇਹ ਅੰਗਰੇਜੀ ਵਿੱਚ ਲੋੜੀਂਦੇ ਫਾਰਮ ਆਦਿ ਵੀ ਬਗੈਰ ਕਿਸੇ ਦੀ ਮਦਦ ਦੇ ਭਰਣ ਯੋਗ ਹੋ ਗਈ ਹੈ। ਤੇ ਹੁਣ ਇਹ ਬਾਕੀ ਲੋਕਾਂ ਨੂੰ ਵੀ ਤਾਕੀਦ ਕਰਦੀ ਹੈ ਕੋਈ ਵੀ ਹੋਰ ਦੂਜੀ ਭਾਸ਼ਾ ਜਰੂਰ ਸਿੱਖਣ, ਖਾਸ ਕਰਕੇ ਅੰਗਰੇਜੀ।
ਤੇ ਇਹੋ ਜਿਹਾ ਹੀ ਇੱਕ ਹੋਰ ਨਿਵੇਕਲਾ ਕੇਸ ਹੈ ਡਾਕਟਰ ਮਾਰਲੀਸ ਡੋਅਲੈਂਡ ਦਾ, ਜਿਨਾਂ ਨੂੰ ਫਰੈਂਚ ਭਾਸ਼ਾ ਹਮੇਸ਼ਾਂ ਹੀ ਪਸੰਦ ਰਹੀ ਹੈ। ਬੇਸ਼ਕ ਉਹ ਹੋਲੈਂਡ ਵਿੱਚ ਜੰਮੀ ਪਲੀ ਪਰ ਫੇਰ ਵੀ ਇਸ ਨੇ ਫਰੈਂਚ ਬੋਲੀ ਦੀਆਂ ਕੁਝ ਕਲਾਸਾਂ ਨਾਲੋ ਨਾਲ ਲਈਆਂ ਜੋ ਕਿ ਉਸ ਨੂੰ ਬੋਲਣ ਲਈ ਚੰਗੀ ਮਹਾਰਤ ਨਹੀਂ ਪਰਦਾਨ ਕਰ ਸਕੀਆਂ। ਤੇ ਹੁਣ 68 ਸਾਲਾਂ ਦੀ ਉਮਰ ਵਿੱਚ ਆ ਕਿ ਇਸ ਨੇ ਦੁਬਾਰਾ ਇਸ ਨੂੰ ਸਿਖਣ ਲਈ ਕਲਾਸਾਂ ਲਾਉਣ ਦਾ ਮਨ ਬਣਾਇਆ ਹੈ। ਲਗਾਤਾਰ ਤਿੰਨ ਸਾਲਾਂ ਤੋਂ ਕਲਾਸਾਂ ਲਾਉਂਦੀ ਆ ਰਹੀ ਡਾਕਟਰ ਡਾਅਲੈਂਡ ਦਾ ਕਹਿਣਾ ਹੈ ਕਿ ਕਿਸੇ ਵਿਦੇਸ਼ੀ ਬੋਲੀ ਨੂੰ ਸਿਖਣਾ ਨਾ ਸਿਰਫ ਦਿਮਾਗ ਦੀ ਚੰਗੀ ਕਸਰਤ ਹੈ ਬਲਕਿ ਇਸ ਨਾਲ ਜਿੰਦਗੀ ਵੀ ਸੁਆਦਲੀ ਹੋ ਜਾਂਦੀ ਹੈ।
ਹੁਣ 71 ਸਾਲਾਂ ਦੀ ਉਮਰ ਵਿੱਚ ਆ ਕੇ ਡਾਕਟਰ ਮਾਰਲਿਸ ਡੋਅਲੈਂਡ ਕਹਿੰਦੀ ਹੈ ਕਿ ਉਸ ਦਾ ਦਿਮਾਗ ਪਹਿਲਾਂ ਵਾਂਗੂ ਤੇਜ ਨਹੀਂ ਚਲਦਾ ਅਤੇ ਕਈ ਵਾਰ ਉਸ ਨੂੰ ਫਰੈਂਚ ਵਿੱਚ ਵਾਕ ਆਦਿ ਬਨਾਉਣ ਸਮੇਂ ਦਿੱਕਤ ਪੇਸ਼ ਆਂਦੀ ਹੈ।
ਤੇ ਅਨੀਤਾ ਐਸਪੈਸਟੋ ਕਹਿੰਦੀ ਹੈ ਕਿ ਕਿਸੇ ਵਿਦੇਸ਼ੀ ਬੋਲੀ ਨੂੰ ਸਿਖਣ ਵਾਸਤੇ ਆਪਣੇ ਮਨ ਵਿੱਚੋਂ ਗਲਤੀਆਂ ਹੋਣ ਦਾ ਡਰ ਕਢਣਾ ਜਰੂਰੀ ਹੁੰਦਾ ਹੈ।
To see stories from SBS Punjabi on top of your Facebook news feed, click on three dots next to News Feed icon on the top left corner of the screen, click on Edit preferences, then Prioritise who to see first and select SBS Punjabi. 
